- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
- ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੂਟਰਾਂ ਨੂੰ ਛੁਪਣਗਾਹ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਵਾਲਾ ਇਕ ਹੋਰ ਸਹਿਯੋਗੀ ਨਾਮਜ਼ਦ: ਡੀਜੀਪੀ ਗੌਰਵ ਯਾਦਵ
- ਪੰਜਾਬ ਪੁਲਿਸ ਵੱਲੋਂ ਦੋਸ਼ੀ ਗੁਰਵੀਰ ਗੁਰੀ ਨੂੰ ਗ੍ਰਿਫ਼ਤਾਰ ਕਰਨ ਤੋਂ 10 ਦਿਨ ਬਾਅਦ ਮਿਲੀ ਸਫ਼ਲਤਾ
ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਪਿੰਡ ਸਠਿਆਲਾ ਵਿਖੇ ਜਰਨੈਲ ਸਿੰਘ ਦੇ ਹੋਏ ਕਤਲ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ .32 ਬੋਰ ਦਾ ਪਿਸਤੌਲ ਅਤੇ ਦੋ ਗੱਡੀਆਂ ਬਰਾਮਦ ਕੀਤੀਆਂ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਮੇਜ ਸਿੰਘ ਵਾਸੀ ਜੰਡਿਆਲਾ, ਰਾਜਵਿੰਦਰ ਸਿੰਘ ਉਰਫ਼ ਰੈਪ ਅਤੇ ਅਰਸ਼ਦੀਪ ਸਿੰਘ ਵਾਸੀ ਨਵਾਂਪਿੰਡ ਵਜੋਂ ਹੋਈ ਹੈ। ਪੁਲਿਸ ਨੇ ਸ਼ੂਟਰਾਂ ਨੂੰ ਛੁਪਣਗਾਹ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਸਾਥੀ ਗੁਰਕਰਨਵੀਰ ਸਿੰਘ ਵਾਸੀ ਨਵਾਂਪਿੰਡ ਨੂੰ ਵੀ ਨਾਮਜ਼ਦ ਕੀਤਾ ਹੈ।
ਪੰਜਾਬ ਪੁਲਿਸ ਨੇ ਇਹ ਸਫ਼ਲਤਾ ਬੰਬੀਹਾ ਗੈਂਗ ਦੇ ਸ਼ੂਟਰ ਅਤੇ ਜਰਨੈਲ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਰਚਣ ਵਾਲੇ ਮੁਲਜ਼ਮ ਗੁਰਵੀਰ ਸਿੰਘ ਉਰਫ਼ ਗੁਰੀ ਦੀ ਗ੍ਰਿਫ਼ਤਾਰੀ ਤੋਂ 10 ਦਿਨ ਬਾਅਦ ਪ੍ਰਾਪਤ ਹੋਈ। ਦੱਸਣਯੋਗ ਹੈ ਕਿ ਜਰਨੈਲ ਸਿੰਘ ਦਾ 24 ਮਈ ਨੂੰ ਚਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ ਦੇ ਆਧਾਰ 'ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੁਲਜ਼ਮ ਡਰਾਈਵਰ ਗੁਰਮੇਜ ਸਿੰਘ, ਜਿਸ ਨੇ ਸਵਿਫਟ ਡਿਜ਼ਾਇਰ ਕਾਰ ਵਿੱਚ ਚਾਰ ਸ਼ੂਟਰਾਂ ਨੂੰ ਵਾਰਦਾਤ ਵਾਲੀ ਥਾਂ 'ਤੇ ਲਿਜਾਇਆ ਅਤੇ ਬਾਅਦ ਵਿੱਚ ਕਤਲ ਨੂੰ ਅੰਜਾਮ ਦੇਣ ਉਪਰੰਤ ਵੱਖ-ਵੱਖ ਥਾਵਾਂ 'ਤੇ ਛੱਡਿਆ, ਨੂੰ ਗ੍ਰਿਫ਼ਤਾਰ ਕੀਤਾ ਹੈ। ਉਸਨੇ ਸਾਰੇ ਸ਼ੂਟਰਾਂ ਨੂੰ ਛੁਪਣਗਾਹ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਉਸ ਦੇ ਕਬਜ਼ੇ 'ਚੋਂ .32 ਬੋਰ ਦਾ ਪਿਸਤੌਲ ਅਤੇ ਸਵਿਫਟ ਡਿਜ਼ਾਇਰ ਕਾਰ ਬਰਾਮਦ ਕੀਤੀ ਗਈ।
ਡੀਜੀਪੀ ਨੇ ਕਿਹਾ ਕਿ ਸ਼ੱਕੀ ਮੁਲਜ਼ਮਾਂ ਦੀ ਨਿਸ਼ਾਨਦੇਹੀ ਉਪਰੰਤ ਪੁਲਿਸ ਟੀਮਾਂ ਨੇ ਰਾਜਵਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ, ਜਿਨ੍ਹਾਂ ਨੇ ਸ਼ੂਟਰਾਂ ਨੂੰ ਆਪਣੇ ਘਰ ਪਨਾਹ ਦਿੱਤੀ ਸੀ, ਨੂੰ ਗ੍ਰਿਫ਼ਤਾਰ ਕੀਤਾ। ਬਾਅਦ ਵਿੱਚ ਫਰਾਰ ਮੁਲਜ਼ਮ ਗੁਰਕਰਨਵੀਰ ਦੀ ਸਹਾਇਤਾ ਨਾਲ ਮੁਲਜ਼ਮ ਰਾਜਵਿੰਦਰ ਅਤੇ ਅਰਸ਼ ਨੇ ਮਹਿੰਦਰਾ ਬੋਲੈਰੋ ਕਾਰ, ਜੋ ਪੁਲੀਸ ਵੱਲੋਂ ਬਰਾਮਦ ਕਰ ਲਈ ਗਈ ਹੈ, ਰਾਹੀਂ ਸ਼ੂਟਰ ਨੂੰ ਸ਼ੂਟਰਾਂ ਨੂੰ ਵੱਖ-ਵੱਖ ਥਾਵਾਂ ’ਤੇ ਛੱਡਿਆ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਸਤਿੰਦਰ ਸਿੰਘ ਨੇ ਦੱਸਿਆ ਕਿ ਚਾਰ ਸ਼ੂਟਰਾਂ ਅਤੇ ਮੁਲਜ਼ਮ ਗੁਰਕਰਨਵੀਰ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।
ਇਸ ਸਬੰਧੀ ਐਫਆਈਆਰ ਨੰਬਰ 94 ਮਿਤੀ 24.05.2023 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 302, 307, 148 ਅਤੇ 149 ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਥਾਣਾ ਬਿਆਸ ਵਿਖੇ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।