ਅੰਮ੍ਰਿਤਸਰ : ਖ਼ਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਪੋਸਟ-ਗ੍ਰੈਜੂਏਟ ਵਿਭਾਗ ਵੱਲੋਂ ‘ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ’ ’ਤੇ ਸਰਟੀਫ਼ਿਕੇਟ’ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ। ਬਜਾਜ ਫਿਨਸਰਵ ਲਿਮਟਿਡ ਦੇ ਸਹਿਯੋਗ ਨਾਲ ਆਯੋਜਿਤ ਇਹ ਪ੍ਰੋਗਰਾਮ ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ ’ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਜ਼ਰੂਰੀ ਹੁਨਰ ਪ੍ਰਦਾਨ ਕਰਨ ਲਈ ਕਾਲਜ ਅਤੇ ਕੰਪਨੀ ਦਰਮਿਆਨ ਹੋਏ ਸਮਝੌਤੇ ਦਾ ਇਕ ਹਿੱਸਾ ਸੀ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਪਿਛਲੇ ਸਾਲ ਸਤੰਬਰ ’ਚ ਸ਼ੁਰੂ ਕੀਤਾ ਗਿਆ ਸੀ ਅਤੇ ਜੋ ਅੱਜ ਸਫਲਤਾਪੂਰਵਕ ਸਮਾਪਤ ਹੋਇਆ। ਇਸ ਮੌਕੇ ਡੀਨ ਅਤੇ ਪ੍ਰੋਗਰਾਮ ਡਾਇਰੈਕਟਰ ਡਾ. ਏ. ਕੇ. ਕਾਹਲੋਂ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਜੈ ਸਹਿਗਲ ਨੇ ਸਰੋਤ ਵਿਅਕਤੀਆਂ, ਫੈਕਲਟੀ ਮੈਂਬਰਾਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੁਆਰਾ ਕੀਤੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਲਈ ਸ਼ਲਾਘਾ ਕੀਤੀ।
ਇਸ ਮੌਕੇ ਡਾ. ਮਹਿਲ ਸਿੰਘ ਨੇ ਸੰਬੋਧਨ ਦੌਰਾਨ ਵਿਦਿਆਰਥੀਆਂ ਦੇ ਪੇਸ਼ੇਵਰ ਵਿਕਾਸ ਲਈ ਵਿੱਤ ਦੇ ਸਿਧਾਂਤਕ ਪਹਿਲੂਆਂ ਦੇ ਨਾਲ-ਨਾਲ ਵਿਹਾਰਕ ਗਿਆਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਮੌਕੇ ਡਾ. ਕੰਵਲਜੀਤ ਸਿੰਘ, ਲੀਡ ਟੇ੍ਰਨਰ, ਸੀ. ਪੀ. ਬੀ. ਐਫ. ਆਈ. ਨੇ ਕੋਰਸ ਪ੍ਰਤੀ ਵਿਦਿਆਰਥੀਆਂ ਦੇ ਰੁਝੇਵਿਆਂ ਭਰੇ ਵਤੀਰੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਮਰਸ ਵਿਭਾਗ ਦੇ 50 ਤੋਂ ਵਧੇਰੇ ਵਿਦਿਆਰਥੀਆਂ ਨੇ ਪ੍ਰੋਗਰਾਮ ਨੂੰ ਪੂਰਾ ਕੀਤਾ ਅਤੇ 44 ਵਿਦਿਆਰਥੀ ਸਟਾਰ ਪ੍ਰਫਾਰਮਰ ਸਨ। ਇਸ ਮੌਕੇ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਡਾ. ਮੇਘਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਡਾ. ਤਮਿੰਦਰ ਸਿੰਘ ਭਾਟੀਆ, ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਰਛਪਾਲ ਸਿੰਘ ਅਤੇ ਕਾਮਰਸ ਵਿਭਾਗ ਦੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।