ਅੰਮ੍ਰਿਤਸਰ : ਖਾਲਸਾ ਕਾਲਜ ਦੇ ਯੁਵਕ ਭਲਾਈ ਵਿਭਾਗ ਵੱਲੋਂ ਅੰਤਰ-ਰਾਜੀ ਲੋਕ ਨਾਚ ਮੁਕਾਬਲਾ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਇਹ ਭਾਰਤ ਸਰਕਾਰ ਦੇ ਅੰਤਰ-ਰਾਜੀ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ ਆਯੋਜਿਤ ਕੀਤਾ ਗਿਆ ਸੀ। ਜਿਸ ਸਬੰਧੀ ਗੁਜਰਾਤ ਰਾਜ ਦੇ ਖੇਡ, ਯੁਵਾ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਭਾਗ, ਗਾਂਧੀ ਨਗਰ ਵੱਲੋਂ ਪੰਜਾਬ ’ਚ ਗੁਜਰਾਤੀ ਲੋਕ ਨਾਚਾਂ ਦਾ ਸੰਮੇਲਨ ਕਰਵਾਇਆ ਗਿਆ ਅਤੇ ਇਸ ਦਾ ਤਾਲਮੇਲ ਪੰਜਾਬ ਲੋਕ ਕਲਾ ਕੇਂਦਰ, ਗੁਰਦਾਸਪੁਰ ਵੱਲੋਂ ਕੀਤਾ ਗਿਆ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਗੁਜਰਾਤ ਤੋਂ ਆਏ ਕਲਾਕਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਸੱਭਿਆਚਾਰਕ ਅਦਾਨ ਪ੍ਰਦਾਨ ਪ੍ਰੋਗਰਾਮ ਵਿਦਿਆਰਥੀਆਂ ਨੂੰ ਸੱਭਿਆਚਾਰਕ ਤੌਰ ’ਤੇ ਨਿਖਾਰਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਵਿਖੇ ਪੰਜਾਬ ਅਤੇ ਗੁਜਰਾਤ ਦੇ ਸੱਤ ਨਾਚਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ’ਚ ਹਰੇਕ ਆਪਣੀ ਨਾਚ ਨਾਲ ਹਾਜ਼ਰ ਸਰੋਤਿਆਂ ਨੂੰ ਕੀਲਿਆ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਭਾਗ ਲੈਣ ਵਾਲੀਆਂ ਅਤੇ ਜੇਤੂ ਟੀਮਾਂ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਡਾਇਰੈਕਟਰ ਯੁਵਕ ਭਲਾਈ, ਜੀ.ਐਨ.ਡੀ.ਯੂ, ਡਾ: ਅਮਨਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਨੌਜਵਾਨ ਡਾਂਸਰਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਅਜਿਹੇ ਅੰਤਰ-ਰਾਜੀ ਸੱਭਿਆਚਾਰਕ ਅਦਾਨ-ਪ੍ਰਦਾਨ ’ਤੇ ਜ਼ੋਰ ਦਿੱਤਾ ਜੋ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਗੁਜਰਾਤੀ ਦਲ ਦੇ ਆਗੂ ਸ੍ਰੀ ਹਿਤੇਸ਼ ਦਿਹੋਰਾ ਨੇ ਗੁਜਰਾਤ ਦੇ ਵੱਖ-ਵੱਖ ਨਾਚਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਮੌਕੇ ਮਨਿਆਰੋ ਰਾਸ, ਗਰਬਾ, ਰੱਸੀ ਰਾਸ ਅਤੇ ਉਤਸਵ ਰਾਸ ਪੇਸ਼ ਕੀਤੇ ਗਏ ਸਨ।
ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਪੰਜਾਬੀ ਝੂੰਮਰ ਨੂੰ ਮੁਕਾਬਲੇ ਦੇ ਜੱਜ ਸਾਹਿਬਾਨਾਂ ਨੇ ਸਰਵੋਤਮ ਡਾਂਸ ਦਾ ਖਿਤਾਬ ਦਿੱਤਾ। ਇਸ ਦੌਰਾਨ ਪੰਜਾਬ ਲੋਕ ਕਲਾ ਕੇਂਦਰ ਦੇ ਨਿਰਦੇਸ਼ਕ ਸ: ਹਰਮਨਪ੍ਰੀਤ ਸਿੰਘ ਨੇ ਸੰਬੋਧਨ ’ਚ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਕਾਲਜ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਜਦ ਕਿ ਹਿੰਦੀ ਵਿਭਾਗ ਦੇ ਮੁਖੀ ਡਾ: ਸੁਰਜੀਤ ਕੌਰ ਨੇ ਸਟੇਜ਼ ਦਾ ਸੰਚਾਲਨ ਕੀਤਾ ਅਤੇ ਕਾਲਜ ਰਜਿਸਟਰਾਰ ਸ. ਦਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਡਾ. ਦੀਪਕ ਦੇਵਗਨ, ਡਿਪਟੀ ਰਜਿਸਟਰਾਰ, ਗਿੱਧਾ ਟੀਮ ਦੀ ਇੰਚਾਰਜ ਡਾ: ਹਰਜੀਤ ਕੌਰ ਅਤੇ ਭੰਗੜਾ ਟੀਮ ਦੇ ਇੰਚਾਰਜ ਡਾ: ਰਣਦੀਪ ਸਿੰਘ ਤੋਂ ਇਲਾਵਾ ਸਮਾਗਮ ਦੀ ਪ੍ਰਬੰਧਕੀ ਟੀਮ ਵੀ ਹਾਜ਼ਰ ਸੀ।