ਅੰਮ੍ਰਿਤਸਰ : ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐਨ. ਆਈ. ਟੀ. ਟੀ. ਟੀ. ਆਰ.), ਚੰਡੀਗੜ੍ਹ ਨਾਲ ਅੱਜ ਇਕ ਅਹਿਮ ਸਮਝੌਤਾ ਕੀਤਾ ਹੈ। ਐਨ. ਆਈ. ਟੀ. ਟੀ. ਟੀ. ਆਰ. ਦੀ ਸਥਾਪਨਾ 1967 ’ਚ ਮਨੁੱਖੀ ਸਰੋਤ ਅਤੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਕੀਤੀ ਗਈ ਸੀ। ਜੋ ਕਿ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਲਈ ਸਿੱਖਿਆ, ਸਮਾਜਿਕ ਕਾਰਜ, ਕੈਰੀਅਰ ਕਾਊਂਸਲਿੰਗ ਅਤੇ ਤਕਨੀਕੀ ਸਿੱਖਿਆ ਦੀ ਬੇਹੱਤਰ ਗੁਣਵੱਤਾ ਲਈ ਕਾਰਜਸ਼ੀਲ ਹੈ।
ਇਸ ਮੌਕੇ ਐਨ. ਆਈ. ਟੀ. ਟੀ. ਟੀ. ਆਰ. ਦੇ ਡਾਇਰੈਕਟਰ ਪ੍ਰੋ: ਸ਼ਿਆਮ ਸੁੰਦਰ ਪਟਨਾਇਕ ਅਤੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਦੋਵੇਂ ਨੇ ਪ੍ਰੋ: ਪ੍ਰਮੋਦ ਕੁਮਾਰ ਸਿੰਗਲਾ, ਫੈਕਲਟੀ ਇੰਚਾਰਜ, ਐਡਮਿਨੀਸਟੇ੍ਰਸ਼ਨ, ਐਨ.ਆਈ.ਟੀ.ਟੀ.ਟੀ.ਆਰ. ਚੰਡੀਗੜ੍ਹ, ਪ੍ਰੋ. ਮੈਤ੍ਰੇਈ ਦੱਤਾ (ਡੀਨ ਅਕਾਦਮਿਕ, ਐਨ. ਆਈ. ਟੀ. ਟੀ. ਟੀ. ਆਰ.), ਪ੍ਰੋ. ਰਾਜੇਸ਼ ਮਹਿਰਾ (ਪਾਠਕ੍ਰਮ ਵਿਕਾਸ ਡੀਨ, ਐਨ. ਆਈ. ਟੀ. ਟੀ. ਟੀ. ਆਰ.), ਪ੍ਰੋ. ਪੀ. ਐੱਸ. ਪਾਬਲਾ (ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਐਨ. ਆਈ. ਟੀ. ਟੀ. ਟੀ. ਆਰ.), ਪ੍ਰੋ: ਰਾਮਾ ਕ੍ਰਿਸ਼ਨ ਚੱਲਾ (ਐਚ. ਓ. ਡੀ., ਸੀ. ਐਸ. ਈ., ਐਨ. ਆਈ. ਟੀ. ਟੀ. ਟੀ. ਆਰ.), ਕਾਲਜ ਦੇ ਡੀਨ ਅਕਾਦਮਿਕ ਡਾ. ਜੁਗਰਾਜ ਸਿੰਘ ਅਤੇ ਆਈਕਿਊਏਸੀ ਕੋਆਰਡੀਨੇਟਰ ਡਾ. ਰਿਪਿਨ ਕੋਹਲੀ ਦੀ ਮੌਜੂਦਗੀ ’ਚ ਉਕਤ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ।
ਇਸ ਮੌਕੇ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਦੱਸਿਆ ਕਿ ਪ੍ਰੋ. ਸਿੰਗਲਾ ਕਾਲਜ ਦੇ ਨਾਲ ਐਨ. ਆਈ. ਟੀ. ਟੀ. ਟੀ. ਆਰ. ਦੇ ਮੁੱਖ ਕੋਆਰਡੀਨੇਟਰ ਹੈੱਡ ਹੋਣਗੇ।
ਇਸ ਮੌਕੇ ਪ੍ਰੋ. ਪਟਨਾਇਕ ਨੇ ਕਿਹਾ ਕਿ ਐਨ. ਆਈ. ਟੀ. ਟੀ. ਟੀ. ਆਰ. ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਯੋਗਤਾ ’ਚ ਸੁਧਾਰ ਕਰਨਾ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਨਵੀਨਤਮ ਅਤੇ ਅੱਪਗ੍ਰੇਡ ਗਿਆਨ ਪ੍ਰਦਾਨ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਫੈਕਲਟੀ ਦੇ ਤਕਨੀਕੀ ਹੁਨਰ ਨੂੰ ਅਪਗ੍ਰੇਡ ਕਰਨ ਲਈ ਵਧੀਆ ਉਪਰਾਲੇ ਕਰੇਗਾ ਤਾਂ ਜੋ ਉਹ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰ ਸਕਣ ਅਤੇ ਉਨ੍ਹਾਂ ਨੂੰ ਸਨਅੱਤ ਲਈ ਸਮੇਂ ਦੇ ਹਾਣੀ ਬਣਾ ਸਕਣ।
ਇਸ ਮੌਕੇ ਡਾ. ਮੰਜੂ ਬਾਲਾ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਕਾਲਜ ਖੇਤਰ ਦੀ ਪਹਿਲੀ ਸੰਸਥਾ ਹੈ ਜਿਸ ਨੇ ਐਨ. ਆਈ. ਟੀ. ਟੀ. ਟੀ. ਆਰ., ਚੰਡੀਗੜ੍ਹ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਕਾਲਜ ਉੱਚ ਅਕਾਦਮਿਕ ਉੱਤਮਤਾ ਹਾਸਲ ਕਰਨ ਦੇ ਰਾਹ ’ਤੇ ਅੱਗੇ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ 3 ਸਾਲਾਂ ਦੇ ਸਮੇਂ ਲਈ ਉਕਤ ਸਮਝੌਤਾ ਕੀਤਾ ਗਿਆ ਹੈ ਅਤੇ ਇਸ ਤਹਿਤ ਕਾਲਜ ਦੇ ਫੈਕਲਟੀ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਅਜਿਹੀ ਉੱਚੀ ਸੰਸਥਾ ਦੇ ਹੁਸ਼ਿਆਰ ਦਿਮਾਗ ਜੋ ਉਨ੍ਹਾਂ ਦੀ ਨਵੀਨਤਾਕਾਰੀ ਸੋਚਣ ਦੀ ਸਮਰੱਥਾ, ਟੀਮ ਵਰਕ ਦੀ ਯੋਗਤਾ, ਆਤਮਵਿਸ਼ਵਾਸ ਅਤੇ ਸਭ ਤੋਂ ਮਹੱਤਵਪੂਰਨ ਉਨ੍ਹਾਂ ਦੇ ਅਕਾਦਮਿਕ ਦੂਰੀ ਨੂੰ ਵਧਾਏਗਾ।