ਅੰਮ੍ਰਿਤਸਰ : ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸਾਇੰਸ ਵਿਭਾਗ ਦੇ ਸਹਿਯੋਗ ਨਾਲ ਐਨ. ਐਸ. ਐਸ. ਵਿਭਾਗ ਨੇ ‘ਮਾਨਸਿਕ ਸਿਹਤ ਅਤੇ ਮੈਡੀਟੇਸ਼ਨ ਵਿਸ਼ੇ’ ’ਤੇ ਐਕਸਟੈਨਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਪ੍ਰੋਗਰਾਮ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਮਨੋਵਿਗਿਆਨ ਵਿਭਾਗ ਤੋਂ ਉੱਘੇ ਖੋਜਕਾਰ ਅਤੇ ਐਸੋਸੀਏਟ ਪ੍ਰੋਫੈਸਰ ਡਾ. ਦਵਿੰਦਰ ਸਿੰਘ ਜੌਹਲ ਨੇ ਮੁੱਖ ਬੁਲਾਰੇ ਸਨ।
ਇਸ ਮੌਕੇ ਡਾ. ਜੌਹਲ ਨੇ ਤਣਾਅ, ਚਿੰਤਾ, ਡਿਪਰੈਸ਼ਨ, ਬਾਈਪੋਲਰ ਡਿਸਆਰਡਰ ਵਰਗੇ ਮਾਨਸਿਕ ਮੁੱਦਿਆਂ ’ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਲਈ ਮਾਨਸਿਕ ਸਿਹਤ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਇਸ ਸਮੱਸਿਆ ਨਾਲ ਨਜਿੱਠਣ ਲਈ ਉਪਾਅ ਵੀ ਦੱਸੇ। ਉਨ੍ਹਾਂ ਨੇ ਹਾਜ਼ਰ ਸਟਾਫ ਅਤੇ ਵਿਦਿਆਰਥੀਆਂ ਨੂੰ ਆਪਣੇ ਜੀਵਨ ’ਚ ਸਿਹਤਮੰਦ ਖੁਰਾਕ ਅਤੇ ਤਣਾਅ ਮੁਕਤ ਰੁਟੀਨ ਦੀ ਪਾਲਣਾ ਕਰਨ ਲਈ ਬਹੁਤ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਪਿ੍ਰੰ: ਡਾ. ਸੁਰਿੰਦਰ ਕੌਰ ਨੇ ਡਾ. ਜੌਹਲ ਦਾ ਮੌਜੂਦਾ ਮਾਨਸਿਕ ਸਿਹਤ ਮੁੱਦਿਆਂ ’ਤੇ ਵੱਡਮੁੱਲੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੁਆਰਾ ਵਿਦਿਆਰਥੀਆਂ ਨੂੰ ਦਿੱਤੀ ਗਈ ਜਾਣਕਾਰੀ ਸਹਾਈ ਸਿੱਧ ਹੋਵੇਗੀ। ਇਸ ਮੌਕੇ ਪ੍ਰਿੰ: ਡਾ. ਸੁਰਿੰਦਰ ਕੌਰ ਨੇ ਡਾ. ਜੌਹਲ ਨੂੰ ਯਾਦਗਾਰ ਵਜੋਂ ਪੌਦਾ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਲਈ ਸਮੁੱਚੀ ਟੀਮ ਨੂੰ ਵਧਾਈ ਵੀ ਦਿੱਤੀ।