ਅੰਮ੍ਰਿਤਸਰ : ਖ਼ਾਲਸਾ ਕਾਲਜ ਦੇ ਪੋਸਟ-ਗ੍ਰੈਜੂਏਟ ਡਿਪਾਰਟਮੈਂਟ ਆਫ਼ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ‘ਸਰਕਾਰੀ ਸੈਕਟਰਾਂ ’ਚ ਕੈਰੀਅਰ ਦੇ ਮੌਕੇ’ ਵਿਸ਼ੇ ’ਤੇ ਲੈਕਚਰ’ ਦਾ ਆਯੋਜਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਉਲੀਕੇ ਗਏ ਇਸ ਪ੍ਰੋਗਰਾਮ ’ਚ ਆਈ. ਬੀ. ਟੀ. ਤੋਂ ਸੈਂਟਰ ਹੈੱਡ ਸ੍ਰੀ ਜਤਿੰਦਰ ਕੁਮਾਰ ਅਤੇ ਸੈਂਟਰ ਕੋ-ਆਰਡੀਨੇਟਰ ਸ੍ਰੀ ਜਤਿਨ ਮੋਹਨ ਸ਼ਰਮਾ ਨੇ ਸ਼ਿਰਕਤ ਕੀਤੀ। ਜਿਨ੍ਹਾਂ ਨੇ ਵੱਖ-ਵੱਖ ਸਰਕਾਰੀ ਖੇਤਰਾਂ ’ਚ ਵਿਦਿਆਰਥੀਆਂ ਲਈ ਉਪਲਬਧ ਕੈਰੀਅਰ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
ਇਸ ਦੌਰਾਨ ਪ੍ਰਿੰ: ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਭਾਸ਼ਣ ਦਾ ਉਦੇਸ਼ ਬੈਂਕਿੰਗ, ਟੈਕਸੇਸ਼ਨ, ਬੀਮਾ ਆਦਿ ਸਰਕਾਰੀ ਖੇਤਰਾਂ ’ਚ ਉਪਲਬਧ ਨੌਕਰੀਆਂ ਦੇ ਮੌਕਿਆਂ ਨੂੰ ਹਾਸਲ ਕਰਨ ਲਈ ਯੋਗਤਾ ਅਤੇ ਗੱਲਬਾਤ ਦੇ ਢੰਗਾਂ ਸਬੰਧੀ ਆਪਣੇ ਹੁਨਰ ਨੂੰ ਨਿਖਾਰ ਕੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਲੈਕਚਰ ’ਚ ਵਿਭਾਗ ਦੇ ਕਰੀਬ 100 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਪਾਸ ਕਰਨ ਅਤੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਸਫਲਤਾ ਦੇ ਮੰਤਰ ਬਾਰੇ ਗਿਆਨ ਪ੍ਰਾਪਤ ਕੀਤਾ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ ਅਤੇ ਕੋਆਰਡੀਨੇਟਰ ਅਤੇ ਵਿਭਾਗ ਮੁੱਖੀ ਡਾ. ਏ. ਕੇ. ਕਾਹਲੋਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਜਦ ਕਿ ਕੋ-ਕੋਆਰਡੀਨੇਟਰ ਤੇ ਸਹਾਇਕ ਪ੍ਰੋਫੈਸਰ ਡਾ. ਪੂਨਮ ਸ਼ਰਮਾ ਨੇ ਲੈਕਚਰ ਦੇ ਵਿਸ਼ੇ ’ਤੇ ਚਾਨਣਾ ਪਾਉਂਦਿਆਂ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ ਅਤੇ ਸਟੇਜ ਦਾ ਸੰਚਾਲਨ ਕੀਤਾ।
ਇਸ ਮੌਕੇ ਸ੍ਰੀ ਜਤਿੰਦਰ ਕੁਮਾਰ ਨੇ ਕਾਮਰਸ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟਸ ਲਈ ਉਪਲਬਧ ਵੱਖ-ਵੱਖ ਨੌਕਰੀਆਂ ਦੇ ਮੌਕਿਆਂ ਬਾਰੇ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਗੱਲਬਾਤ ਸਬੰਧੀ ਢੰਗਾਂ ਅਤੇ ਕਾਰਜ ਸਥਾਨ ਦੇ ਹੁਨਰ ਨੂੰ ਬੇਹਤਰ ਬਣਾਉਣ ਦੇ ਤਰੀਕਿਆਂ ’ਤੇ ਵੀ ਚਾਨਣਾ ਪਾਇਆ। ਜਦ ਕਿ ਸ੍ਰੀ ਜਤਿਨ ਮੋਹਨ ਸ਼ਰਮਾ ਨੇ ਗਣਿਤ ਦੀਆਂ ਸਮੱਸਿਆਵਾਂ ਨੂੰ ਸਕਿੰਟਾਂ ’ਚ ਹੱਲ ਕਰਨ ਲਈ ਸ਼ਾਰਟ ਕੱਟ ਤਕਨੀਕਾਂ ਪ੍ਰਦਾਨ ਕੀਤੀਆਂ ਅਤੇ ਵਿਦਿਆਰਥੀਆਂ ਨੂੰ ਮੌਜੂਦਾ ਮਾਮਲਿਆਂ ਅਤੇ ਖ਼ਬਰਾਂ ਨਾਲ ਹਮੇਸ਼ਾਂ ਅਪਡੇਟ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨਿਧੀ ਨੇ ਰਿਸੋਰਸ ਪਰਸਨ ਦਾ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਪ੍ਰੋ: ਮੀਨੂੰ ਚੋਪੜਾ ਨੇ ਸਮਾਗਮ ਦੇ ਪ੍ਰਸਾਰਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਇਸ ਦੌਰਾਨ ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਅਜੈ ਸਹਿਗਲ, ਡਾ. ਰਛਪਾਲ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।