ਅਧਿਕਾਰੀਆਂ ਨੇ ਸੱਤ ਦਿਨਾਂ ਵਿੱਚ ਮਸਲਾ ਹੱਲ ਕਰਨ ਦਾ ਦਿੱਤਾ ਭਰੋਸਾ
ਚੰਡੀਗੜ੍ਹ: ਚੰਗੇ ਰੁਜਗਾਰ ਅਤੇ ਭਵਿੱਖ ਦੀ ਖਾਤਰ ਕੈਨੇਡਾ ਦੇ ਤਿੰਨ ਕਾਲਜਾਂ ਨੂੰ ਫੀਸਾਂ ਭਰ ਕੇ ਸਟੱਡੀ ਵੀਜਾ 'ਤੇ ਕੈਨੇਡਾ ਜਾਣ ਦੇ ਇਛੁੱਕ ਵਿਦਿਆਰਥੀਆਂ ਦੀ ਲੱਖਾਂ ਡਾਲਰ ਫੀਸ ਹੜੱਪ ਕੇ ਧੋਖਾਧੜੀ ਕਰਨ ਵਾਲੇ ਕਾਲਜਾਂ ਦੇ ਖਿਲਾਫ ਅੱਜ ਕੈਨੇਡੀਅਨ ਕੰਸਲੇਟ ਚੰਡੀਗੜ੍ਹ ਦੇ ਸਾਹਮਣੇ ਇੰਡੀਅਨ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਅਤੇ ਭਰਾਤਰੀ ਜਥੇਬੰਦੀਆਂ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ। ਵਿਦਿਆਰਥੀਆਂ ਦੀ ਮੰਗ ਹੈ ਕਿ ਭਰਾਈਆਂ ਹੋਈਆਂ ਫੀਸਾਂ ਵਾਪਿਸ ਕੀਤੀਆਂ ਜਾਣ। ਕੈਨੇਡੀਅਨ ਅੰਬੈਸੀ ਦੇ ਅਧਿਕਾਰੀਆਂ ਨੇ ਹਫਤੇ ਵਿੱਚ ਮਸਲੇ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਇੰਡੀਅਨ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ।
ਅੱਜ ਦੇ ਧਰਨੇ ਵਿੱਚ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ, ਪੰਜਾਬ ਰੈਡੀਕਲ ਸਟੂਡੇੈਂਟਸ ਯੂਨੀਅਨ, ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਇਨਕਲਾਬੀ ਕੇਂਦਰ ਪੰਜਾਬ, ਸੱਥ, ਐਫ ਐਸ ਐਫ ਸ਼ਾਮਿਲ ਸਨ।
ਪੀੜਤ ਵਿਦਿਆਰਥੀ ਮਨੀ ਰਾਏ, ਸੁਖਵਿੰਦਰ ਸਿੰਘ ਲੁਧਿਆਣਾ, ਸਿਮਰਨਪ੍ਰੀਤ ਕੌਰ, ਹੁਸਨਪ੍ਰੀਤ ਕੌਰ, ਗੁਰਸ਼ਰਨ ਸਿੰਘ, ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ, ਕਰਮਜੀਤ ਮਾਣੂੰਕੇ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮੌਂਟਰੀਅਲ ਦੇ ਤਿੰਨ ਕਾਲਜ ਐਮ ਕਾਲਜ, ਸੀਡੀਈ ਕਾਲਜ, ਸੀਸੀਐੱਸਕਿਉ ਕਾਲਜਾਂ ਨੇ ਲਗਭਗ ਦੋ ਹਜਾਰ ਦੇ ਕਰੀਬ ਵਿਦਿਆਰਥੀਆਂ ਤੋਂ ਇੱਕ ਸਾਲ ਦੀ ਨੌ ਲੱਖ ਰੁਪਏ ਫ਼ੀਸ ਭਰਾਈ ਸੀ। ਕਈ ਵਿਦਿਆਰਥੀ ਦੋ ਸਾਲਾਂ ਦੀ ਫੀਸ ਭਰ ਚੁੱਕੇ ਹਨ। 1500 ਦੇ ਕਰੀਬ ਵਿਦਿਆਰਥੀ ਮੌਂਟਰੀਅਲ ਬੈਠਾ 70% ਪੜਾਈ ਪੂਰੀ ਕਰ ਚੁੱਕਾ ਹੈ। ਛੇ ਸੌ ਦੇ ਕਰੀਬ ਵਿਦਿਆਰਥੀ ਪੰਜਾਬ ਬੈਠਾ ਹੈ, ਪਰ ਕਾਲਜਾਂ ਦੇ ਮਾਲਕ ਖੁਦ ਨੂੰ ਦੀਵਾਲੀਆ ਘੋਸ਼ਿਤ ਕਰਵਾ ਕੇ ਫਰਾਰ ਹੋ ਚੁੱਕੇ ਹਨ। ਇਹਨਾਂ ਵਿੱਚੋਂ ਬਹੁਤੇ ਵਿਦਿਆਰਥੀਆਂ ਦੀਆਂ ਫਾਈਲਾਂ ਰੱਦ ਹੋ ਚੁੱਕੀਆਂ ਹਨ। ਸਾਲਾਂ ਤੋਂ ਏਜੰਟ ਝੂਠੇ ਲਾਰੇ ਲਗਾ ਰਹੇ ਸਨ ਕਿ ਤੁਹਾਡੀ ਫੀਸ ਵਾਪਿਸ ਆਵੇਗੀ। ਪਰ ਆਈ ਡੀ ਪੀ, ਕੈਨਮ ਦੇ ਏਜੰਟ ਪੱਲਾ ਝਾੜ ਰਹੇ ਹਨ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ, ਅਮਨਦੀਪ ਸਿੰਘ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਪੁਸ਼ਪਿੰਦਰ ਸਿੰਘ ਜਿੰਮੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਕੁਲਦੀਪ ਚੌਧਰੀ, ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਦੇ ਆਗੂ ਦਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕੈਨੇਡੀਅਨ ਸਰਕਾਰ ਨੇ ਫਾਈਲਾਂ ਰੱਦ ਕਰਨ ਦਾ ਇੱਕ ਵੱਡਾ ਕਾਰਨ ਇਹ ਲਿਖਿਆ ਕਿ ਪੰਜਾਬੀ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਪੱਕੇ ਤੌਰ 'ਤੇ ਵਸ ਜਾਣਾ ਹੈ ਤੇ ਵਾਪਿਸ ਨਹੀਂ ਜਾਣਾ। ਜਿਸ ਤੋਂ ਇੱਕ ਗੱਲ ਸਾਫ਼ ਹੈ ਕਿ ਕੈਨੇਡਾ ਹੋਰ ਪੰਜਾਬੀਆਂ ਨੂੰ ਬੁਲਾਉਣ ਤੋਂ ਹੱਥ ਖੜੇ ਕਰ ਚੁੱਕਾ ਹੈ। ਕਿਉਂਕਿ ਸੰਸਾਰ ਵਿਆਪੀ ਆਰਥਿਕ ਸੰਕਟ ਕਾਰਨ ਪੰਜਾਬ ਵਾਂਗੂੰ ਕੈਨੇਡਾ 'ਚ ਵੀ ਰੁਜ਼ਗਾਰ ਘਟ ਰਿਹਾ ਹੈ, ਕਾਰੋਬਾਰ ਬੰਦ ਹੋ ਰਹੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਅਮਨ ਰੱਤੀਆ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਗੁਰਪ੍ਰੀਤ ਸਿੰਘ ਸਿੱਧਵਾਂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਲਖਵਿੰਦਰ ਸਿੰਘ, ਮੁਲਾਜਮ ਆਗੂ ਜਗਦੀਸ਼ ਸਿੰਘ ਨੇ ਕਿਹਾ ਕਿ ਪੰਜਾਬ ਚੋਂ ਪ੍ਰਵਾਸ ਦੀ ਵਜਾ ਰੁਜਗਾਰ ਦੇ ਸੰਕਟ ਦੇ ਸਮੇਤ ਜਵਾਨੀ ਦੀ ਨਸਲਕੁਸ਼ੀ ਹੈ। ਇਹ ਨਸਲਕੁਸ਼ੀ ਬੇਰੁਜਗਾਰੀ, ਨਸ਼ਾ ਅਤੇ ਗੈਂਗਵਾਰ ਰਾਹੀ ਸਰਕਾਰਾਂ ਕਰ ਰਹੀਆਂ ਹਨ। 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਪਰ ਵਿਦਿਆਰਥੀਆਂ ਨਾਲ ਵੱਜੀ ਲੱਖਾਂ ਡਾਲਰਾਂ ਦੀ ਠੱਗੀ ਕਿਸੇ ਰਾਜਨੀਤਿਕ ਪਾਰਟੀ ਦੇ ਚੋਣ ਪ੍ਰਚਾਰ ਦਾ ਹਿੱਸਾ ਨਹੀਂ ਹੈ। ਪੰਜਾਬ ਦੀ ਜਵਾਨੀ ਦੇ ਨਾਮ 'ਤੇ ਹਰ ਨਵੀਂ, ਪੁਰਾਣੀ ਰਾਜਨੀਤਿਕ ਪਾਰਟੀ, ਚਿਹਰੇ ਇਸ ਮਸਲੇ 'ਤੇ ਚੁੱਪ ਹਨ। ਉਹਨਾਂ ਕਿਹਾ ਕਿ ਜੇਕਰ ਇੱਕ ਹਫਤੇ 'ਚ ਮਸਲਾ ਹੱਲ ਨਾ ਹੋਇਆ ਤਾਂ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਵਿਉਂਤਬੰਦੀ ਕੀਤੀ ਜਾਵੇਗੀ।