ਨਵੀਂ ਦਿੱਲੀ: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਖ਼ਿਲਾਫ਼ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਸਪਨਾ ਚੌਧਰੀ ਨੇ ਨਾ ਸਿਰਫ ਉਸਦੀ ਕੰਪਨੀ ਨਾਲ ਇਕਰਾਰਨਾਮਾ ਤੋੜਿਆ, ਬਲਕਿ ਉਸਨੇ ਉਨ੍ਹਾਂ ਦੇ ਕਲਾਇੰਟ ਨੂੰ ਕੰਪਨੀ ਤੋਂ ਦੂਰ ਕਰਨ ਲਈ ਵੀ ਕੰਮ ਕੀਤਾ ਸੀ। ਫਿਲਹਾਲ ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 406/420 ਅਤੇ 120 ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਆਰਥਿਕ ਅਪਰਾਧ ਸ਼ਾਖਾ ਇਸ ਕੇਸ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ਵਿੱਚ ਆਰਥਿਕ ਅਪਰਾਧ ਸ਼ਾਖਾ ਨੂੰ ਸ਼ਿਕਾਇਤ ਦਿੱਤੀ ਗਈ ਸੀ। ਸਪਨਾ ਚੌਧਰੀ ਤੋਂ ਇਲਾਵਾ ਉਸਦੇ ਪਰਿਵਾਰਕ ਮੈਂਬਰ ਨੀਲਮ, ਕਰਨ, ਰਚਨਾ, ਸ਼ਿਵਾਨੀ ਅਤੇ ਨਿਤਿਨ ਕੁਮਾਰ ਨੂੰ ਵੀ ਸ਼ਿਕਾਇਤ ਵਿੱਚ ਨਾਮਜ਼ਦ ਕੀਤਾ ਗਿਆ ਹੈ। ਸ਼ਿਕਾਇਤ ਈਵੈਂਟ ਮੈਨੇਜਮੈਂਟ ਕੰਪਨੀ ਚਲਾਉਣ ਵਾਲੇ ਪਵਨ ਚਾਵਲਾ ਨੇ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਲੱਗੇ ਹਨ ਇਲਜ਼ਾਮ :
ਪੁਲਿਸ ਸੂਤਰਾਂ ਅਨੁਸਾਰ ਪੀੜਤਾਂ ਦਾ ਕਹਿਣਾ ਹੈ ਕਿ ਸਪਨਾ ਨੇ ਡਾਂਸ ਪ੍ਰੋਗਰਾਮ ਕਰਨ ਲਈ ਲੱਖਾਂ ਰੁਪਏ ਲਏ ਪਰ ਉਹ ਸਮਾਗਮ ਵਿੱਚ ਸ਼ਾਮਲ ਨਹੀਂ ਹੋਈ। ਦੋਸ਼ ਹੈ ਕਿ ਸਪਨਾ ਨੇ ਇਸ ਸਮਾਗਮ ਲਈ 6 ਕਰੋੜ ਰੁਪਏ ਲਏ ਪਰ ਡਾਂਸ ਪ੍ਰੋਗਰਾਮ ਨਹੀਂ ਕੀਤਾ। ਜਿਨ੍ਹਾਂ ਲੋਕਾਂ ਨੇ ਸਪਨਾ ਚੌਧਰੀ ਖ਼ਿਲਾਫ਼ ਕੇਸ ਦਾਇਰ ਕੀਤਾ ਹੈ, ਉਨ੍ਹਾਂ ਵਿੱਚ 3 ਲੋਕ ਦਿੱਲੀ ਦੇ ਹਨ, ਜਦੋਂ ਕਿ 2 ਹਰਿਆਣਾ ਦੇ ਹਨ।