ਬਠਿੰਡਾ:ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥੇਟਰ ਵਿੱਚ ਨਾਟਿਆਮ ਬਠਿੰਡਾ ਵੱਲੋਂ ਕਰਵਾਏ ਜਾ ਰਹੇ 15 ਰੋਜ਼ਾ 10ਵੇਂ ਕੌਮੀ ਨਾਟਕ ਮੇਲੇ ਦੇ ਛੇਵੇ ਦਿਨ, ਚੰਡੀਗੜ੍ਹ ਤੋਂ ਵਿਸ਼ੇਸ਼ ਤੋਰ ਤੇ ਪਹੁੰਚੀ ਸੂਰਯਾਵੰਸ਼ੀ ਰੰਗ ਮੰਚ ਦੀ ਟੀਮ ਵੱਲੋਂ ਸੰਜੇ ਕੁਮਾਰ ਅਤੇ ਹੀਰਾ ਸਿੰਘ ਦਾ ਨਿਰਦੇਸ਼ਨਾ ਹੇਠ ਡਾ. ਸ਼ੰਕਰ ਸ਼ੇਸ਼ ਦਾ ਲਿਖਿਆ ਨਾਟਕ ਏਕ ਔਰ ਦਰੋਣਾਚਾਰੀਆ ਪੇਸ਼ ਕੀਤਾ ਗਿਆ। ਨਾਟਕ ਦੌਰਾਨ ਵਰਤੇ ਗਏ ਸੈੱਟ ਡਿਜ਼ਾਇਨ, ਲਾਈਟ ਤੇ ਸਾਊਂਡ ਇਫੈਕਟ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ, ਨਾਲ ਹੀ ਸ਼ੁੱਧ ਹਿੰਦੀ ਉਚਾਰਣ ਅਤੇ ਕਲਾਕਾਰਾਂ ਦੀ ਦਮਦਾਰ ਅਦਾਕਾਰੀ ਵੀ ਬਠਿੰਡਾਵਾਸੀਆਂ ਨੂੰ ਖੂਬ ਪਸੰਦ ਆਈ।
ਨਾਟਕ ਦੀ ਕਹਾਣੀ ਵਿੱਚ ਮੋਜੂਦਾ ਸਿੱਖਿਆ ਢਾਂਚੇ ਦੀ ਤੁਲਨਾ ਮਹਾਂਭਾਰਤ ਦੇ ਸਮੇਂ ਨਾਲ ਕੀਤੀ ਗਈ, ਜਿਸ ਵਿੱਚ ਅੱਜ ਦੇ ਸਮੇਂ ਦਾ ਇੱਕ ਅਧਿਆਪਕ ਅਰਵਿੰਦ ਘਰ ਗ੍ਰਹਸਥੀ ਹੱਥੌਂ ਮਜਬੂਰ ਹੁੰਦਾ ਹੋਇਆ ਕਿਤੇ ਨਾ ਕਿਤੇ ਅਨਿਆ ਅੱਗੇ ਸਿਰ ਝੁਕਾ ਲੈਂਦਾ ਹੈ ਅਤੇ ਉਸਦੇ ਸਮਾਂਨਾਂਤਰ ਚੱਲ੍ਹ ਰਹੀ ਦਰੋਣਾਚਾਰੀਆ ਦੀ ਗਾਥਾ ਦੋਨਾਂ ਦੀ ਸਥਿੱਤੀਆਂ ਅਤੇ ਮਜਬੂਰੀਆਂ ਦਾ ਇਕ ਕਾਬਿਲ ਅਧਿਐਨ ਪੇਸ਼ ਕਰਦੀ ਹੈ।ਇਸ ਪ੍ਰਕਾਰ ਇਹ ਨਾਟਕ ਸਿੱਖਿਆ ਪ੍ਰਬੰਧਨ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਵਪਾਰਕ ਮਨੋਵਰਿਤੀ ਨੂੰ ਉਜਾਗਰ ਕਰਦਾ ਹੈ।
ਇਸ ਤੋਂ ਪਹਿਲਾਂ ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ, ਚੇਅਰਮੈਨ ਡਾ. ਕਸ਼ਿਸ਼ ਗੁਪਤਾ ਅਤੇ ਪ੍ਰਧਾਨ ਸੁਧਰਸ਼ਨ ਗੁਪਤਾ ਨੇ ਆਏ ਵਿਸ਼ੇਸ਼ ਮਹਿਮਾਨਾਂ ਬਲਕਾਰ ਸਿੰਘ ਸਿੱਧੂ, ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਵਾਈਸ ਚੇਅਰਮੈਨ ਅਤੇ ਡੀਪੀ ਗੋਇਲ ਐਮਡੀ ਗ੍ਰੀਨ ਸਿਟੀ ਗਰੁੱਪ ਅਤੇ ਸਾਰੇ ਦਰਸ਼ਕਾਂ ਨੂੰ ਜੀਆਇਆ ਨੂੰ ਕਿਹਾ ਅਤੇ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ। ਇਸ ਮੌਕੇ ਬਲਕਾਰ ਸਿੰਘ ਸਿੱਧੂ ਨੇ ਬਠਿੰਡਾ ਦੀ ਧਰਤੀ ਤੇ ਇਸ ਸ਼ਾਨਦਾਰ ਨਾਟਕ ਮੇਲੇ ਦੇ ਪ੍ਰਬੰਧਨ ਲਈ ਕੀਰਤੀ ਕਿਰਪਾਲ ਅਤੇ ਪੂਰੀ ਨਾਟਿਅਮ ਟੀਮ ਨੂੰ ਵਧਾਈ ਦਿੱਤੀ।