ਪੀਟੀਆਈ ਤੇ ਆਰਟ ਕਰਾਫਟ ਅਧਿਆਪਕਾਂ ਦਾ ਤਨਖ਼ਾਹ ਗ੍ਰੇਡ ਘਟਾਉਣ ਵਿਰੁੱਧ ਡੀਟੀਐੱਫ ਨੇ ਵਿੱਤ ਮੰਤਰੀ ਨੂੰ ਭੇਜਿਆ 'ਮੰਗ ਪੱਤਰ'
ਸੰਗਰੂਰ: ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਸਕੱਤਰੇਤ ਵੱਲੋਂ ਪੀਟੀਆਈ, ਆਰਟ ਕਰਾਫ਼ਟ ਅਧਿਆਪਕਾਂ ਦੇ ਤਨਖਾਹ ਗਰੇਡ ਘਟਾਉਣ ਅਤੇ ਪ੍ਰਮੋਸ਼ਨਾਂ ਦੌਰਾਨ ਸਾਰੇ ਖਾਲੀ ਸਟੇਸ਼ਨਾਂ ਵਿੱਚ ਚੋਣ ਦਾ ਮੌਕਾ ਨਾ ਦੇਣ ਵਿਰੁੱਧ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ 15 ਦਸੰਬਰ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਸੁਨਾਮ ਰਿਹਾਇਸ਼ ਵੱਲੋਂ ਰੋਸ ਮਾਰਚ ਤੇ ਧਰਨਾ ਲਗਾਉਣ ਸੰਬੰਧੀ ਏਡੀਸੀ ਸੰਗਰੂਰ ਉਪਿੰਦਰਜੀਤ ਕੌਰ ਰਾਹੀਂ ਪੰਜਾਬ ਸਰਕਾਰ ਨੂੰ ਧਰਨੇ ਸੰਬੰਧੀ ਨੋਟਿਸ ਸੌਂਪਿਆ ਗਿਆ। ਇਸੇ ਤਹਿਤ ਡੀਟੀਐੱਫ ਵੱਲੋਂ ਜਿਲ੍ਹਾ/ਤਹਿਸੀਲ ਕੇਂਦਰਾਂ 'ਤੇ ਸਮੂਹਿਕ ਰੂਪ ਵਿੱਚ ਮੰਗ ਪੱਤਰ ਭੇਜਣ ਦੇ ਦਿੱਤੇ ਸੱਦੇ ਤਹਿਤ ਡੀ.ਟੀ.ਐੱਫ ਇਕਾਈ ਸੰਗਰੂਰ ਵੱਲੋਂ ਅੱਜ ਡੀਈਓ (ਸੈਕੰਡਰੀ) ਤਰਵਿੰਦਰ ਕੌਰ ਰਾਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਂ ਮੰਗ ਪੱਤਰ ਵੀ ਭੇਜਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੀ.ਟੀ.ਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਨੇ ਦੱਸਿਆ ਕਿ ਸਿੱਖਿਆ ਵਿਭਾਗ (ਡੀਪੀਆਈ ਸੈਕੰਡਰੀ) ਵੱਲੋਂ ਪੀਟੀਆਈ ਅਧਿਆਪਕ ਅਤੇ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਤਨਖਾਹ ਰਿਵਾਈਜ ਕਰਕੇ ਤਨਖਾਹ ਸਕੇਲ 4400 ਤੋਂ ਘਟਾ ਕੇ 3200 ਕਰ ਦਿੱਤੇ ਗਏ ਹਨ ਅਤੇ ਇਹਨਾਂ ਅਧਿਆਪਕਾਂ ਤੋਂ ਰਿਕਵਰੀ ਕਰਨ ਸਬੰਧੀ ਵਿੱਤ ਵਿਭਾਗ ਦੇ ਹਵਾਲੇ ਰਾਹੀਂ ਮਾਰੂ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਿੱਖਿਆ ਤੇ ਅਧਿਆਪਕ ਵਿਰੋਧੀ ਪ੍ਰਮੋਸ਼ਨ ਨੀਤੀ ਤਹਿਤ ਪ੍ਰਾਇਮਰੀ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ, ਪੀਟੀਆਈ ਤੋਂ ਡੀਪੀਈ, ਨਾਨ ਟੀਚਿੰਗ ਤੋਂ ਮਾਸਟਰ ਕੇਡਰ ਸਮੇਤ ਬਾਕੀ ਪ੍ਰਮੋਸ਼ਨਾਂ ਵਿੱਚ ਸਾਰੇ ਸਕੂਲਾਂ ਦੀਆਂ ਖਾਲੀ ਪੋਸਟਾਂ ਨਾ ਦਿਖਾਉਣ ਦੇ ਕਾਰਨ ਸੈਂਕੜੇ ਅਧਿਆਪਕਾਂ ਨੂੰ ਪ੍ਰਮੋਸ਼ਨਾਂ ਤੋਂ ਵਾਂਝੇ ਕਰ ਦਿਤਾ ਹੈ ਅਤੇ ਮੋਦੀ ਸਰਕਾਰ ਦੀ ਨਵੀਂ ਸਿੱਖਿਆ ਨੀਤੀ 2020 ਤਹਿਤ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰ ਤੇ ਹਜ਼ਾਰਾਂ ਸਕੂਲਾਂ ਵਿੱਚ ਖਾਲੀ ਪੋਸਟਾਂ ਰੱਖ ਕੇ ਸਿੱਖਿਆ ਦਾ ਉਜਾੜਾ ਕਰਨਾ ਸ਼ੁਰੂ ਕਰ ਦਿੱਤਾ।
ਡੀਟੀਐਫ ਆਗੂਆਂ ਮੇਘ ਰਾਜ, ਕੁਲਵੰਤ ਖਨੌਰੀ, ਕਰਮਜੀਤ ਨਦਾਮਪੁਰ, ਦੀਨਾ ਨਾਥ, ਕੰਵਲਜੀਤ ਬਨਭੌਰਾ, ਸੁਖਬੀਰ ਖਨੌਰੀ, ਬਲਵਿੰਦਰ ਸਤੌਜ, ਮਨਜੀਤ ਲਹਿਰਾ, ਰਮਨ ਲਹਿਰਾ ਆਦਿ ਆਗੂਆਂ ਨੇ ਮੰਗ ਕੀਤੀ ਕਿ ਪੀਟੀਆਈ ਅਤੇ ਡਰਾਇੰਗ ਅਧਿਆਪਕਾਂ ਦਾ ਤਨਖਾਹ ਕਟੌਤੀ ਦਾ ਪੱਤਰ ਵਾਪਸ ਲਿਆ ਜਾਵੇ, ਪੀਟੀਆਈ, ਖੇਤੀਬਾੜੀ ਟੀਚਰ, ਸਲਾਈ ਟੀਚਰ, ਸੰਗੀਤ ਟੀਚਰ ਅਤੇ ਤਬਲਾ ਪਲੇਅਰ ਟੀਚਰਾਂ ਦੀਆਂ ਅਸਾਮੀਆਂ ਨੂੰ ਡਾਇੰਗ ਕਾਡਰ ਵਿੱਚ ਪਾਉਣ ਦਾ ਗੈਰ ਵਾਜਬ ਫ਼ੈਸਲਾ ਵਾਪਸ ਲਿਆ ਜਾਵੇ, ਇਹਨਾਂ ਕਾਡਰਾਂ ਦੀਆਂ ਪੁਰਾਣੀਆਂ ਅਸਾਮੀਆਂ ਬਹਾਲ ਕਰਕੇ ਲੋੜ ਅਨੁਸਾਰ ਸਾਰੇ ਸਕੂਲਾਂ ਵਿੱਚ ਨਵੀਆਂ ਅਸਾਮੀਆਂ ਦਿੱਤੀਆਂ ਜਾਣ, ਨਿਜੀਕਰਨ, ਕੇਂਦਰੀਕਰਨ ਤੇ ਭਗਵਾਂਕਰਨ ਪੱਖੀ ਕੌਮੀ ਸਿਖਿਆ ਨੀਤੀ 2020 ਨੂੰ ਲਾਗੂ ਕਰਨ ਤੇ ਰੋਕ ਲਗਾਈ ਜਾਵੇ ਤੇ ਪੰਜਾਬ ਸਰਕਾਰ ਸਥਾਨਕ ਹਾਲਾਤਾਂ ਅਨੁਸਾਰ ਸੂਬੇ ਦੇ ਸਿੱਖਿਆ ਸ਼ਾਸਤਰੀਆਂ ਅਤੇ ਅਧਿਆਪਕ ਜਥੇਬੰਦੀਆਂ ਦੇ ਸੁਝਾਅ ਲੈ ਕੇ ਆਪਣੀ ਸਿੱਖਿਆ ਨੀਤੀ ਤਿਆਰ ਕਰੇ।
ਇਸ ਮੌਕੇ ਆਗੂਆਂ ਕਿਹਾ ਕਿ ਜੇਕਰ ਸਰਕਾਰ ਅਤੇ ਸਿਖਿਆ ਵਿਭਾਗ ਵਲੋ ਤਨਖਾਹ ਕਟੌਤੀ ਵਾਲਾ ਮਾਰੂ ਪੱਤਰ ਵਾਪਸ ਨਾ ਲਿਆ ਅਤੇ ਤਰੱਕੀਆ ਲੈਣ ਵਾਲੇ ਅਧਿਆਪਕਾਂ ਲਈ ਸਾਰੇ ਸ਼ਟੇਸ਼ਨ ਨਾ ਖੋਲੇ ਅਤੇ 14 ਦਸੰਬਰ ਤਕ ਦੋਵਾਂ ਮਸਲਿਆ ਦਾ ਕੋਈ ਹੱਲ ਨਾ ਕੀਤਾ ਤਾਂ 15 ਦਸੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਸੁਨਾਮ ਵਿਖੇ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਪ੍ਰਧਾਨ ਅਤੇ ਕੈਬਨਟ ਸਬ ਕਮੇਟੀ ਦੇ ਮੈਂਬਰ ਅਮਨ ਅਰੋੜਾ ਦੀ ਰਿਹਾਇਸ਼ ਵੱਲ ਸੂਬਾ ਪੱਧਰੀ ਰੋਸ ਮਾਰਚ ਕਰਕੇ ਐਕਸ਼ਨ ਕੀਤਾ ਜਾਵੇਗਾ। ਇਸ ਸਮੇਂ ਜਸਵੀਰ ਸਿੰਘ, ਹਰਕੀਰਤ ਸਿੰਘ, ਹਰਪ੍ਰੀਤ ਸਿੰਘ, ਜੀਵਨ ਕੁਮਾਰ, ਸਰਬਜੀਤ ਕੌਰ, ਗੁਰਮੀਤ ਕੌਰ, ਪਰਮਜੀਤ ਕੌਰ, ਰਮਾ ਰਾਣੀ, ਰਣਵੀਰ ਕੌਰ, ਨੀਰੂ ਮੈਡਮ, ਸੱਤਪਾਲ ਸਿੰਘ, ਬਾਲ ਦਵਿੰਦਰ ਸਿੰਘ, ਮੇਜਰ ਸਿੰਘ, ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।