ਬਠਿੰਡਾ : ਬੱਚਿਆਂ ਦੇ ਗੁੰਮ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ । ਬੱਚਿਆਂ ਦੇ ਗੁੰਮ ਹੋਣ ਸਬੰਧੀ ਆਰਟੀਆਈ ਰਾਹੀਂ ਅਹਿਮ ਖੁਲਾਸਾ ਹੋਇਆ ਹੈ ।
ਆਰਟੀਆਈ ਰਾਹੀਂ ਜਾਣਕਾਰੀ ਮਿਲੀ ਹੈ ਕਿ ਜ਼ਿਲ੍ਹਾ ਬਠਿੰਡਾ ਵਿੱਚੋਂ ਪਿਛਲੇ 15 ਸਾਲਾਂ ਦੌਰਾਨ 634 ਬੱਚੇ ਗੁੰਮ ਹੋਏ ਹਨ, ਜਿਨ੍ਹਾਂ ਵਿੱਚੋਂ 595 ਬੱਚਿਆਂ ਦੇ ਮਾਮਲੇ ਟ੍ਰੇਸ ਹੋ ਗਏ ਹਨ, ਜਦੋਂ ਕਿ 36 ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਅਤੇ 3 ਬੱਚਿਆਂ ਦੀ ਲਾਸ਼ਾਂ ਬਰਾਮਦ ਹੋਈਆਂ ।
ਆਰਟੀਆਈ ਮਾਹਿਰ ਸੰਜੀਵ ਗੋਇਲ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 15 ਸਾਲਾਂ ਵਿੱਚ ਜ਼ਿਲ੍ਹਾ ਬਠਿੰਡਾ ਵਿੱਚ 634 ਬੱਚੇ ਗੁੰਮ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਬਹੁ-ਗਿਣਤੀ ਬੱਚਿਆਂ ਦੇ ਮਾਮਲੇ ਟਰੇਸ ਹੋਏ ਹਨ, ਪ੍ਰੰਤੂ 36 ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਬੱਚੇ ਗੁੰਮ ਹੋਣ ਦਾ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ ਜੋ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।।
ਆਰਟੀਆਈ ਮਾਹਿਰ ਸੰਜੀਵ ਗੋਇਲ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਸਾਲ 2021 ਵਿੱਚ ਕਰੀਬ 79 ਬੱਚੇ ਗੁੰਮ ਹੋਏ, ਇਨ੍ਹਾਂ ਵਿੱਚੋਂ 26 ਬੱਚਿਆਂ ਦੇ ਗੁੰਮ ਹੋਣ ਸਬੰਧੀ ਕੋਈ ਸੁਰਾਗ ਹੱਥ ਨਹੀਂ ਲੱਗ ਸਕਿਆ। ਉਨ੍ਹਾਂ ਜ਼ਿਲ੍ਹਾ ਪੁਲਿਸ ਕਪਤਾਨ ਸਮੇਤ ਮੁੱਖ ਮੰਤਰੀ ਪੰਜਾਬ ਦੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਕਿ ਬੱਚਿਆਂ ਦੇ ਗੁੰਮ ਹੋਣ ਦੇ ਸਾਹਮਣੇ ਆ ਰਹੇ ਮਾਮਲਿਆਂ ਨੂੰ ਹੱਲ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਮਾਮਲੇ ਟਰੇਸ ਕਰਵਾਏ ਜਾਣ।
ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਵੀ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚੋਂ ਚਾਰ ਦਿਨ ਦਾ ਨਵ ਜਨਮਿਆ ਬੱਚਾ ਦੋ ਮਹਿਲਾਵਾਂ ਚੱਕ ਕੇ ਲੈ ਗਈਆਂ ਸਨ, ਪਰ ਪੁਲਿਸ ਦੀ ਮੁਸਤੈਦੀ ਨਾਲ ਇਹ ਮਾਮਲਾ ਹੱਲ ਹੋਇਆ ਸੀ ਅਤੇ ਬੱਚਾ ਸਹੀ ਸਲਾਮਤ ਬਰਾਮਦ ਕਰ ਲਿਆ ਸੀ।