ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡਿਆਂ ’ਤੇ ਕੱਕਾਰ (ਕਿਰਪਾਨ) ਪਹਿਨ ਕੇ ਡਿਊਟੀ ਕਰਨ ਤੋਂ ਰੋਕਣ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਨੂੰ ਸਿੱਖ ਕੌਮ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਹੈ।
ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿੱਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੇ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਕਿਰਪਾਨ ਸਿੱਖਾਂ ਨੂੰ ਗੁਰੂ ਸਾਹਿਬਾਨ ਵੱਲੋਂ ਤੋਹਫੇ ਵਜੋਂ ਦਿੱਤੀ ਗਈ ਹੈ, ਜੋ ਸਿੱਖ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਸੇ ਕਾਰਨ ਭਾਰਤ ਵਿਚ ਹਵਾਈ ਅੱਡਿਆਂ 'ਤੇ ਕੰਮ ਕਰਦੇ ਅੰਮ੍ਰਿਤਧਾਰੀ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ 'ਤੇ ਪਾਬੰਦੀ ਲਗਾਉਣ ਨਾਲ ਅਸਿੱਧੇ ਤੌਰ 'ਤੇ ਸਿੱਖਾਂ ਨੂੰ ਦੇਸ਼ ਦੀਆਂ ਵੱਖ-ਵੱਖ ਸੇਵਾਵਾਂ ਤੋਂ ਵਾਂਝੇ ਕਰਨ ਨਾਲ ਸਿੱਖਾਂ ਦੀ ਧਾਰਮਿਕ ਆਜ਼ਾਦੀ 'ਤੇ ਸਿੱਧਾ ਅਸਰ ਪੈਂਦਾ ਹੈ। ਅਸਹਿਣਸ਼ੀਲ ਹਮਲਾ ਹੈ।
ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤੇ ਹਨ ਕਿ ਉਹ ਤੁਰੰਤ ਗ੍ਰਹਿ ਮੰਤਰਾਲੇ ਅਤੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਇਸ ਬੇਇਨਸਾਫ਼ੀ ਵਿਰੁੱਧ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਣ। ਇਸ ਸਬੰਧੀ ਵਿਚਾਰ-ਵਟਾਂਦਰਾ ਕਰਕੇ ਹਵਾਈ ਅੱਡਿਆਂ 'ਤੇ ਕੰਮ ਕਰਦੇ ਅੰਮ੍ਰਿਤਧਾਰੀ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ਦਾ ਅਧਿਕਾਰ ਦਿਵਾਉਣ ਲਈ ਉੱਚ ਪੱਧਰੀ ਵਫ਼ਦ ਭੇਜਿਆ ਜਾਵੇ।