ਚੰਡੀਗੜ੍ਹ: ਕਿਸਾਨ ਅੰਦੋਲਨ ਦੀ ਕਾਮਯਾਬੀ ਦੇ ਚੌਥੇ ਵਰੇ ਵਿਚ ਅਜ ਕਿਰਤੀ ਕਿਸਾਨ ਫੋਰਮ ਵਲੋਂ ਸ਼ਹੀਦ ਊਧਮ ਸਿੰਘ ਭਵਨ ਚੰਡੀਗੜ੍ਹ ਵਿਖੇ ਫਤਹਿ ਦਿਵਸ ਮਨਾਓਂਦਿਆਂ ਜਿਥੇ ਸ਼ਹੀਦ ਕਿਸਾਨ ਯੋਧਿਆਂ ਨੂੰ ਯਾਦ ਕੀਤਾ ਓਥੇ ਨਾਲ ਈ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਕਿ 19ਨਵੰਬਰ ਨੂੰ ਕਿਸਾਨ ਫਤਿਹ ਦਿਵਸ ਦੇ ਰੂਪ ਵਿਚ ਹਰ ਸਾਲ ਮਨਾਇਆ ਜਾਇਆ ਕਰੇ।
ਕਿਰਤੀ ਕਿਸਾਨ ਫੋਰਮ ਦੀ ਸਥਾਪਨਾ ਦੇ ਚਾਰ ਸਾਲ ਪੂਰੇ ਹੋਣ ਤੇ ਅਜ ਸਮੂਹ ਸੇਵਾ ਮੁਕਤ ਸਿਵਲ , ਪੁਲੀਸ , ਫੋਜੀ ਅਤੇ ਪ੍ਰਾਂਤਕ ਅਧਿਕਾਰੀਆਂ ਆਪਣੇ ਲੰਮੇ ਤਜ਼ਰਬੇ ਅਤੇ ਸਮਰਥਾ ਨੂੰ ਕਿਰਤੀ ਕਿਸਾਨਾਂ ਦੇ ਭਲੇ ਲਈ ਸਮਰਪਿਤ ਕਰਨ ਦਾ ਅਹਿਦ ਲਿਆ। ਹਾਜ਼ਰ ਮੈਂਬਰਾਂ ਹੇਠ ਲਿਖੇ ਮਤੇ ਸਰਵਸੰਮਤੀ ਨਾਲ ਪਾਸ ਕੀਤੇ:-
ਉੱਤਰੀ ਭਾਰਤ ਦੇ ਕਿਰਤੀ ਕਿਸਾਨਾਂ ਅਤੇ ਦੂਸਰੇ ਵਰਗਾਂ ਦੀ ਖੁਸ਼ਹਾਲੀ ਲਈ ਵਾਘਾ ਬਾਰਡਰ ਖੋਲਿਆ ਜਾਵੇ। ਖੇਤੀ ਉਤਪਾਦਨ ਨੂੰ ਸਨਅਤ ਅਤੇ ਵਪਾਰ ਨਾਲ ਜੋੜਦਿਆਂ ਮਧ ਏਸ਼ੀਆ ਅਤੇ ਯੂਰਪ ਦੇ ਮੁਲਕਾਂ ਤਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇ। ਖੇਤੀ ਖੁਸ਼ਹਾਲੀ ਹੀ ਦੂਸਰੇ ਵਰਗਾਂ ਦੀ ਖੁਸ਼ਹਾਲੀ ਦਾ ਸ੍ਰੋਤ ਹੈ। ਵਿਸ਼ਵ ਦੀ ਸਭ ਤੋਂ ਜ਼ਰਖੇਜ਼ ਜ਼ਮੀਨ ਨੂੰ ਅਣਲੋੜੀਦੇਂ ਗੈਰ ਜ਼ਰਾਇਤੀ ਕੰਮਾਂ ਲਈ ਨਾ ਵਰਤਿਆ ਜਾਵੇ।ਫੋਰਮ ਮੈਂਬਰਾਂ ਇਕ ਰਾਇ ਵਿਚ ਕਿਹਾ ਕਿ ਜੇਕਰ ਪੰਜਾਬ ਨੇ ਪਹਿਲਾਂ ਦੇਸ਼ ਦੀ ਭੁੱਖ ਮਰੀ ਦੂਰ ਕੀਤੀ ਹੈ ਤਾਂ ਹੋ ਸਕਦੈ ਦੋ ਦਹਾਕਿਆਂ ਨੂੰ ਸੰਭਾਵੀ ਅੰਨ ਦੀ ਥੁੜ ਨੂੰ ਪੂਰਾ ਕਰਨ ਦਾ ਜਿੰਮਾਂ ਵੀ ਇਹੀ ਚੁੱਕੇ। ਜ਼ਿਕਰਯੋਗ ਹੈ ਕਿ ਸਾਲ 2050 ਤਕ ਸਾਰੀ ਦੁਨੀਆ ਵਿਚ ਅਨਾਜ ਦੀ ਥੁੜ ਪੈਦਾ ਹੋਣ ਦੀ ਪੇਸ਼ੀਨਗੋਈ ਹੈ।
ਫੋਰਮ ਦੇ ਸਮੂਹ ਮੈਂਬਰਾਂ ਪੰਜਾਬ ਦੀ ਉਪਜਾਊ ਭੂਮੀ ਤੇ ਬਣ ਰਹੀਆਂ ਬੇਹਿਸਾਬੀਆਂ ਟੌਲ ਯੁਕਤ ਸੜਕਾਂ ਦੀ ਜ਼ਰੂਰਤ ਤੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਇੰਨਾਂ ਦਾ ਸਿਧਾ ਸਬੰਧ ਖੇਤੀ ਖੜੋਤ ਨੂੰ ਦੂਰ ਕਰਨਾ ਹੈ ਤਾਂ ਪੰਜਾਬ ਦੇ ਪਛਮੀ ਬਾਰਡਰ ਨੂੰ ਖੋਲਣਾ ਜਰੂਰੀ ਹੈ। ਜੇਕਰ ਖੇਤੀ ਉਤਪਾਦਨ ਨੂੰ ਇੰਨਾ ਐਕਸਪ੍ਰੈੱਸ ਸੜਕਾ ਰਾਹੀਂ ਗੁਜਰਾਤ ਦੇ ਕਾਰਪੋਰੇਟ ਸੈਕਟਰ ਦੀਆਂ ਬੰਦਰਗਾਹਾਂ ਤੇ ਪਹੁੰਚਾਉਣਾ ਹੈ ਤਾਂ ਇਹ ਉਤਰੀ ਭਾਰਤ ਦੇ ਖਿਤੇ ਦੇ ਕਿਸਾਨਾਂ ਨਾਲ ਧ੍ਰੋਹ ਹੈ। ਸਮੂਹ ਮੈਂਬਰਾਂ ਨੇ ਪੰਜਾਬ , ਹਿਮਾਚਲ, ਹਰਿਆਣਾ , ਉਤਰਾਖੰਡ, ਪਛਮੀਂ ਯੂ ਪੀ, ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਅਤੇ ਵਿਸੇਸ਼ ਤੌਰ ਤੇ ਖੇਤੀ ਨਾਲ ਜੁੜੇ ਵਰਗਾਂ ਦੇ ਭਵਿਖ ਦੀ ਸੁਰਖਿਆ ਲਈ ਵਾਘਾ ਸਰਹਦ ਨੂੰ ਵਪਾਰ ਦਾ ਜ਼ਰੀਆ ਬਨਾਓਣ ਤੇ ਜੋਰ ਦਿਤਾ।
ਹਾਜ਼ਰ ਮੈਂਬਰਾਂ ਨੇ ਫੋਰਮ ਦੇ ਬੈਨਰ ਥਲੇ ਕਿਰਤੀ ਕਿਸਾਨਾਂ ਅਤੇ ਖੇਤੀ ਨਾਲ ਜੁੜੇ ਵਰਗਾਂ ਦੀ ਆਰਥਿਕ ਅਤੇ ਸਮਾਜਿਕ ਦਸ਼ਾ ਬਦਲਣ ਲਈ ਆਪਣੀਆਂ ਗਤੀਵਿਧੀਆ ਨੂੰ ਹੋਰ ਤੇਜ ਕਰਨ ਦਾ ਫੈਸਲਾ ਲਿਆ।