ਆਪ ਸਰਕਾਰ ਕਿਸਾਨ ਹਿੱਤਾਂ ਦੀ ਰਾਖੀ ਕਰਨ ਵਿੱਚ ਰਹੀ ਨਾਕਾਮ , ਐਮਐਸਪੀ ਦਾ ਪੈਸਾ ਨਹੀਂ ਪਹੁੰਚਾਇਆ ਕਿਸਾਨਾਂ ਤੱਕ
ਚੰਡੀਗੜ੍ਹ: ਭਾਰਤੀ ਅਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਝੋਨੇ ਦੀ ਖਰੀਦ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਹੋਈ ਸੰਗਠਿਤ ਲੁੱਟ ਮੌਕੇ ਕਾਂਗਰਸ ਪਾਰਟੀ ਚੁੱਪ ਰਹੀ ਅਤੇ ਸੂਬਾ ਸਰਕਾਰ ਨਾਲ ਆਪਣੀ ਸਾਂਝ ਪੁਗਾਈ ਅਤੇ ਹੁਣ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕਰਕੇ ਮਗਰਮੱਛ ਦੇ ਹੰਜੂ ਵਹਾ ਰਹੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਐਮਐਸਪੀ ਦੀ ਭੇਜੀ ਗਈ ਰਕਮ ਵਿੱਚੋਂ ਕਾਟ ਦੇ ਨਾਂ ਤੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਚੂਨਾ ਲਗਾਇਆ ਗਿਆ ਅਤੇ ਇਹ ਸਭ ਕੁਝ ਕੱਟੜ ਇਮਾਨਦਾਰ ਸਰਕਾਰ ਦੇ ਰਾਜ ਵਿੱਚ ਹੋਇਆ।
ਉਹਨਾਂ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਇਸ ਸਮੇਂ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਗੱਲ ਕਰਨ ਵਾਲਾ ਕੋਈ ਨਹੀਂ ਅਤੇ ਇੱਕ ਪਾਸੇ ਸੂਬਾ ਸਰਕਾਰ ਦੀਆਂ ਨਾਕਾਮੀਆਂ ਦੀ ਸਜ਼ਾ ਲੋਕ ਭੁਗਤ ਰਹੇ ਹਨ ਦੂਜੇ ਪਾਸੇ ਵਿਰੋਧੀ ਧਿਰ ਨੇ ਪੰਜਾਬ ਸਰਕਾਰ ਅੱਗੇ ਆਤਮ ਸਮਰਪਣ ਕਰ ਰੱਖਿਆ ਹੈ ਅਤੇ ਕੋਈ ਵੀ ਲੋਕ ਆਵਾਜ਼ ਨਹੀਂ ਬਣ ਰਿਹਾ।
ਉਹਨਾਂ ਨੇ ਕਿਹਾ ਕਿ ਝੋਨੇ ਅਤੇ ਕਣਕ ਤੇ ਤਾਂ ਐਮਐਸਪੀ ਦੀ ਗਰੰਟੀ ਪਹਿਲਾਂ ਹੀ ਮਿਲੀ ਹੋਈ ਹੈ ਪਰ ਉਕਤ ਗਰੰਟੀ ਦੇ ਅਨੁਸਾਰ ਭਾਰਤ ਸਰਕਾਰ ਤੋਂ ਕਿਸਾਨਾਂ ਲਈ ਆਈ ਰਕਮ ਵਿੱਚ ਕਾਟ ਦੇ ਨਾਂ ਤੇ ਵੱਡੀ ਕਟੌਤੀ ਹੋਈ ਹੈ । ਉਨਾਂ ਨੇ ਕਿਹਾ ਕਿ ਇਹ ਇੱਕ ਵੱਡਾ ਘਪਲਾ ਹੈ ।
ਸੁਨੀਲ ਜਾਖੜ ਨੇ ਆਖਿਆ ਕਿ ਦਾਅਵਾ ਕੀਤਾ ਜਾ ਰਿਹਾ ਸੀ ਕਿ ਰਾਜ ਵਿੱਚ ਝੋਨੇ ਦੇ ਭੰਡਾਰ ਕਰਨ ਲਈ ਜਗ੍ਹਾ ਨਹੀਂ ਹੈ ਪਰ ਜਦੋਂ ਕਿਸਾਨ ਪ੍ਰਤੀ ਕੁਇੰਟਲ 300 ਰੁਪਏ ਦਾ ਘਾਟਾ ਸਹਿਣ ਕਰਨ ਲਈ ਤਿਆਰ ਹੋ ਜਾਂਦਾ ਸੀ ਤਾਂ ਫਿਰ ਜਗ੍ਹਾ ਵੀ ਬਣ ਜਾਂਦੀ ਸੀ ਅਤੇ ਝੋਨਾ ਚੁੱਕਿਆ ਵੀ ਜਾਂਦਾ ਸੀ। ਉਹਨਾਂ ਨੇ ਕਿਹਾ ਕਿ ਇਹ ਸਭ ਬਨਾਉਟੀ ਕਹਾਣੀ ਘੜੀ ਗਈ ਸੀ ਤਾਂ ਜੋ ਕਿਸਾਨਾਂ ਨੂੰ ਇਸ ਦਾ ਡਰ ਵਿਖਾ ਕੇ ਲੁੱਟਿਆ ਜਾ ਸਕੇ । ਉਹਨਾਂ ਨੇ ਕਿਹਾ ਕਿ ਕਿਸਾਨ ਯੂਨੀਅਨ ਵੀ ਹੁਣ ਦਿੱਲੀ ਜਾ ਰਹੀਆਂ ਹਨ ਪਰ ਇਸ ਗੰਭੀਰ ਮੁੱਦੇ ਤੇ ਉਹ ਵੀ ਪੰਜਾਬ ਸਰਕਾਰ ਵੱਲੋਂ ਕੀਤੀ ਵੱਡੀ ਕੌਤਾਹੀ ਖਿਲਾਫ ਨਹੀਂ ਬੋਲ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਇਹ ਇੱਕ ਗੰਭੀਰ ਮੁੱਦਾ ਹੈ ਅਤੇ ਪੰਜਾਬ ਨੂੰ ਆਪਣੇ ਹੱਕ ਦੀ ਗੱਲ ਕਰਨ ਲਈ ਅੱਗੇ ਆਉਣਾ ਪਵੇਗਾ।