ਚੰਡੀਗੜ੍: ਪੰਜਾਬ ਅਗੇਂਸਟ ਕਰਪਸ਼ਨ ਸੰਸਥਾ ਜੋ ਲਗਾਤਾਰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਂਦੀ ਹੈ ਦੇ ਪ੍ਰਧਾਨ ਸਤਨਾਮ ਦਾਉ ਨੇ ਵਿਜੀਲੈਂਸ ਬਿਊਰੋ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਜਿਸ ਤਹਿਸੀਲ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ ਗਿਆ ਹੈ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਉਸਦੇ ਹੱਕ ਵਿੱਚ ਪ੍ਰਦਰਸਨ ਕਰ ਰਹੇ ਤਹਿਸੀਲਦਾਰਾਂ ਅਤੇ ਹੋਰਾਂ ਦੇ ਦਬਾਓ ਵਿੱਚ ਨਹੀਂ ਆਉਣਾ ਚਾਹੀਦਾ।
ਉਹਨਾਂ ਕਿਹਾ ਕਿ ਤਹਿਸੀਲਦਾਰ ਨੂੰ ਗ੍ਰਿਫਤਾਰ ਕਰਨ ਖਿਲਾਫ ਤਹਿਸੀਲਦਾਰਾਂ ਦੀ ਜਥੇਬੰਦੀ ਵੱਲੋਂ ਨਜਾਇਜ਼ ਤੌਰ ਤੇ ਕੰਮ ਬੰਦ ਕਰਕੇ ਪੰਜਾਬ ਦੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਪੰਜਾਬ ਦੇ ਲੋਕ ਤਹਿਸੀਲਾਂ ਵਿੱਚ ਫੈਲੇ ਭਰਿਸ਼ਟਾਚਾਰ ਤੋਂ ਪੂਰੀ ਤਰ੍ਹਾਂ ਦੁਖੀ ਹਨ ਅਤੇ ਹੋਰ ਵਿਭਾਗਾਂ ਦੀ ਤਰ੍ਹਾਂ ਰੈਵਨਿਊ ਵਿਭਾਗ ਦੇ ਕਈ ਅਫਸਰ ਪਿਛਲੇ ਸਾਲਾਂ ਦੌਰਾਨ ਰਿਸ਼ਵਤ ਲੈਂਦੇ ਅਤੇ ਭ੍ਰਿਸ਼ਟਾਚਾਰ ਕਰਦੇ ਹੋਏ ਗ੍ਰਫਤਾਰ ਕੀਤੇ ਗਏ ਹਨ ਜਿਸ ਤੋਂ ਸਬਕ ਨਾਂ ਲੈ ਕੇ ਹੁਣ ਵੀ ਬਹੁਤ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਭਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਕਰ ਰਹੇ ਹਨ । ਪਹਿਲਾ ਦੀ ਤਰ੍ਹਾਂ ਹੁਣ ਫੇਰ ਸਰਕਾਰ ਤੇ ਨਜਾਇਜ਼ ਦਬਾਓ ਪਾਉਣ ਦੇ ਮਕਸਦ ਨਾਲ ਅਤੇ ਭਰਿਸ਼ਟਾਚਾਰ ਵਿੱਚ ਲਿਪਤ ਆਪਣੇ ਸਾਥੀਆਂ ਨੂੰ ਬਚਾਉਣ ਲਈ ਤਹਿਸੀਲਦਾਰ ਦੇ ਜਥੇਬੰਦੀ ਨੇ ਕੰਮ ਛੱਡ ਕੇ ਲੋਕਾਂ ਨੂੰ ਤੰਗ ਕੀਤਾ ਹੋਇਆ ਹੈ। ਇਸਤਰ੍ਹਾਂ ਦੇ ਦਬਾਓ ਵਿੱਚ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਰਕਾਰ ਨੂੰ ਇਹਨਾਂ ਖਿਲਾਫ ਕਾਰਵਾਈ ਕਰਨ ਤੋਂ ਹੱਥ ਪਿੱਛੇ ਖਿੱਚਣੇ ਪਏ ਹਨ।
ਇਸ ਤੋਂ ਪਹਿਲਾਂ ਵੀ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਕਈ ਦਰਜਨ ਤਹਿਸੀਲਾਂ ਵਿੱਚ ਭਰਿਸ਼ਟ ਅਫਸਰਾਂ ਅਤੇ ਉਹਨਾਂ ਦੇ ਕਰਿੰਦਿਆਂ ਦੀ ਲਿਸਟ ਜਾਰੀ ਕੀਤੀ ਸੀ ਜਿਸ ਤੇ ਕੋਈ ਕਾਰਵਾਈ ਨਾ ਹੋਣ ਕਾਰਨ ਇਹਨਾਂ ਭ੍ਰਿਸਟਾਚਾਰੀਆਂ ਦੇ ਹੌਸਲੇ ਬੁਲੰਦ ਹਨ। ਇਸ ਤੋਂ ਪਹਿਲਾਂ ਜਦੋਂ ਵੀ ਤਹਿਸੀਲਦਾਰ ਅਤੇ ਹੋਰ ਰੈਵਨਿਊ ਵਿਭਾਗ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੇ ਜਦੋਂ ਵੀ ਕੰਮ ਛੱਡੋ ਹੜਤਾਲ ਕੀਤੀ ਹੈ ਤਾਂ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਨੇ ਇਸ ਦਾ ਵਿਰੋਧ ਕੀਤਾ ਹੈ ਅਤੇ ਭ੍ਰਿਸ਼ਟ ਆਈਏਐਸ ਅਫਸਰਾਂ ਅਤੇ ਪੀਸੀਐਸ ਅਫਸਰਾਂ ਖਿਲਾਫ ਵਿਜਲੈਂਸ ਬਿਊਰੋ ਦੇ ਹੈਡ ਆਫਿਸ ਦੇ ਬਾਹਰ ਅਫਸਰਾਂ ਦੇ ਪੁਤਲੇ ਫੂਕ ਕੇ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਸਾਰੇ ਅਫਸਰਾਂ ਦੀਆਂ ਜਾਇਜ਼ ਅਤੇ ਨਜਾਇਜ਼ ਕਮਾਈ ਨਾਲ ਬਣਾਈਆਂ ਜਾਇਦਾਦਾਂ ਦੀ ਜਾਂਚ ਕਰਕੇ ਇਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਉਦੋਂ ਮੁੱਖ ਮੰਤਰੀ ਪੰਜਾਬ ਨੇ ਪੀਸੀਐਸ ਅਫਸਰਾਂ ਨੂੰ ਸਖਤ ਚੇਤਾਵਨੀ ਦੇ ਕੇ ਦੂਜੇ ਦਿਨ ਹੀ ਕੰਮ ਤੇ ਵਾਪਸ ਬੁਲਾ ਲਿਆ ਸੀ।
ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਪੰਜਾਬ ਸਰਕਾਰ, ਇਮਾਨਦਾਰ ਤਹਿਸੀਲਦਾਰਾ ਅਤੇ ਹੋਰ ਲੋਕਾਂ ਤੋਂ ਮੰਗ ਕਰਦੀ ਹੈ ਕਿ ਲੋਕਾਂ ਨੂੰ ਤੰਗ ਕਰਨ ਵਾਲੇ ਅਤੇ ਭਰਿਸ਼ਟਾਚਾਰੀਆਂ ਦੇ ਹੱਕ ਚ ਖੜ੍ਹਣ ਵਾਲੇ ਤਹਸੀਲਦਾਰਾਂ ਅਤੇ ਬਾਕੀਆਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਹੁਣ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਤਹਿਸੀਲਦਾਰ ਅਤੇ ਹੋਰ ਇਸੇ ਤਰੀਕੇ ਨਾਲ ਲੋਕਾਂ ਨੂੰ ਤੰਗ ਕਰਦੇ ਹੋਏ ਭਰਿਸ਼ਟਾਚਾਰ ਦੇ ਹੱਕ ਵਿੱਚ ਖੜਨਗੇ ਤਾਂ ਪਹਿਲਾਂ ਦੀ ਤਰ੍ਹਾਂ ਉਹਨਾਂ ਖਿਲਾਫ ਸੰਸਥਾ ਦੇ ਕਾਰਕੁਨ ਆਮ ਲੋਕਾਂ ਨੂੰ ਨਾਲ ਲੈ ਕੇ ਵਿਰੋਧ ਪ੍ਰਦਰਸ਼ਨ ਕਰਨਗੇ।