ਕਿਹਾ, ਜੁਝਾਰ ਨਗਰ, ਬੜਮਾਜਰਾ ਅਤੇ ਬਹਿਲੋਲਪੁਰ ਵਿਚ ਲਿਸਟਾਂ ਬਦਲੀਆਂ, ‘ਪਿੰਡ ਪਾਪੜੀ ਦੀ ਚੋਣ ਉਤੇ ਰੋਕ ਲਵਾਉਣ ਲਈ ਹਾਈਕੋਰਟ ਜਾਣਾ ਪਿਆ’
ਐਸ.ਏ.ਐਸ. ਨਗਰ: ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਭਗਵੰਤ ਮਾਨ ਸਰਕਾਰ ਵਲੋਂ ਪੰਚਾਇਤੀ ਚੋਣਾਂ ਵਿਚ ਸਾਰੇ ਨਿਯਮ ਛਿੱਕੇ ਉਤੇ ਟੰਗ ਕੇ ਕੀਤੀਆਂ ਗਈਆਂ ਧਾਦਲੀਆਂ ਦਾ ਖੁਦ ਨੋਟਿਸ ਲੈ ਕੇ ਜਾਂਚ ਕੀਤੀ ਜਾਵੇ ਤਾਂ ਕਿ ਜ਼ਮੀਨੀ ਪੱਧਰ ਦੇ ਲੋਕਤੰਤਰ ਨੂੰ ਬਚਾਇਆ ਜਾ ਸਕੇ।
ਸ਼੍ਰੀ ਸਿੱਧੂ ਅੱਜ ਫੇਸ–1 ਆਪਣੇ ਦਫਤਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਦਬਾਅ ਅਧੀਨ ਚੋਣ ਅਧਿਕਾਰੀਆਂ ਤੇ ਅਮਲੇ ਵਲੋਂ ਵਿਰੋਧੀ ਧਿਰ ਦੇ ਉਮੀਦਵਾਰਾਂ ਦੀ ਸੁਣਵਾਈ ਨਾ ਕੀਤੇ ਜਾਣ ਕਾਰਨ ਇਕੱਲੇ-ਇਕੱਲੇ ਉਮੀਦਵਾਰ ਨੂੰ ਅਦਾਲਤ ਦਾ ਦਰਵਾਜ਼ਾਂ ਖੜਕਾਉਣਾ ਪੈ ਰਿਹਾ ਹੈ। ਉਹਨਾਂ ਇਸ ਸਬੰਧੀ ਮੋਹਾਲੀ ਹਲਕੇ ਦੇ ਪਿੰਡ ਪਾਪੜੀ ਦੀ ਉਦਾਹਰਣ ਦਿੰਦਿਆ ਦਸਿਆ ਕਿ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਪੰਜਾਬ ਤੇ ਹਾਈਕੋਰਟ ਤੋਂ ਚੋਣ ਉਤੇ ਰੋਕ ਲਵਾਉਣੀ ਪਈ ਹੈ। ਉਹਨਾਂ ਦਸਿਆ ਕਿ ਸਤਾਧਾਰੀ ਧਿਰ ਉਹਨਾਂ ਵਿਅਕਤੀਆਂ ਨੂੰ ਸਰਪੰਚ ਤੇ ਪੰਚ ਬਣਾਉਣ ਲਈ ਤਹੂ ਸੀ ਜਿਨ੍ਹਾਂ ਉਤੇ ਪੰਚਾਇਤੀ ਜਾਇਦਾਦਾਂ ਉਤੇ ਕਬਜ਼ਾ ਕਰਨ ਦੇ ਦੋਸ਼ ਸਾਬਤ ਹੋ ਚੁੱਕੇ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਚੋਣ ਅਮਲੇ ਨੇ ਦਸਤਾਵੇਜ਼ੀ ਸਬੂਤਾਂ ਸਮੇਤ ਕੀਤੇ ਗਏ ਇਤਰਾਜ਼ ਲੈਣ ਤੋਂ ਹੀ ਨਾ ਕਰ ਦਿੱਤੀ ਤਾਂ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਪੰਜਾਬ ਤੇ ਹਾਈਕੋਰਟ ਵਿਚ ਜਾਣਾ ਪਿਆ।
ਕਾਂਗਰਸੀ ਆਗੂ ਨੇ ਕਿਹਾ ਕਿ ਪਿੰਡ ਕੁਰੜਾ ਦੇ ਕਾਂਗਰਸੀ ਉਮੀਦਵਾਰਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਪੰਚਾਇਤੀ ਚੋਣ ਅਮਲ ਦੀ ਵੀਡੀਓਗ੍ਰਾਫੀ ਕਰਾਉਣ ਦਾ ਹੁਕਮ ਲਾਗੂ ਕਰਾਉਣ ਲਈ ਦੋ ਵਾਰੀ ਹਾਈਕੋਰਟ ਜਾਣਾ ਪਿਆ। ਉਹਨਾਂ ਦੋਸ਼ ਲਾਇਆ ਕਿ ਇਸ ਪਿੰਡ ਵਿਚ ਉਹੀ ਜਾਅਲੀ ਵੋਟਾਂ ਮੁੜ ਬਣਾ ਦਿਤੀਆਂ ਗਈਆਂ ਜਿਹੜੀਆਂ ਪੰਜਾਬ ਦੇ ਹਰਿਆਣਾ ਹਾਈਕੋਰਟ ਨੇ ਜਾਂਚ ਕਰਵਾਉਣ ਤੋਂ ਬਾਅਦ ਕੱਟ ਦਿੱਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਇਸ ਪਿੰਡ ਦੇ ਵਸਨੀਕਾਂ ਨੂੰ ਹੁਣ ਫਿਰ ਤੀਜੀ ਵਾਰੀ ਹਾਈਕੋਰਟ ਜਾਣਾ ਪਵੇਗਾ।
ਸਾਬਕਾ ਸਿਹਤ ਮੰਤਰੀ ਨੇ ਪਿੰਡ ਜੁਝਾਰ ਨਗਰ, ਬੜਮਾਜਰਾ ਅਤੇ ਬਹਿਲੋਲਪੁਰ ਦੇ ਚੋਣ ਅਮਲੇ ਉਤੇ ਉਮੀਦਵਾਰਾਂ ਦੀਆਂ ਲਿਸਟਾਂ ਬਦਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ 5 ਅਕਤੂਬਰ ਨੂੰ ਲਾਈ ਗਈ ਲਿਸਟ ਵਿਚ 9 ਜਿਹੜੇ ਵਿਅਕਤੀਆਂ ਦੇ ਨਾਮਜ਼ਾਦਗੀ ਪੱਤਰ ਰੱਦ ਕੀਤੇ ਗਏ ਸਨ 7 ਅਕਤੂਬਰ ਨੂੰ ਉਹਨਾਂ ਹੀ ਵਿਅਕਤੀਆਂ ਦੇ ਨਾਮਜ਼ਾਦਗੀ ਪੱਤਰ ਮਨਜ਼ੂਰ ਕਰ ਕੇ ਨਵੀ ਲਿਸਟ ਲਾ ਦਿਤੀ ਗਈ। ਉਹਨਾਂ ਮੀਡੀਆ ਕਰਮੀਆਂ ਨੂੰ ਦੋਵੇਂ ਲਿਸਟਾਂ ਪੇਸ਼ ਕੀਤੀਆਂ ਗਈਆਂ।
ਸ਼੍ਰੀ ਸਿੱਧੂ ਨੇ ਕਿਹਾ ਕਿ ਹੁਣ ਜਦੋਂ ਸਰਕਾਰ ਤੇ ਸੂਬੇ ਦੇ ਚੋਣ ਕਮਿਸ਼ਨ ਤੋਂ ਇਨਸਾਫ ਦੀ ਕੋਈ ਆਸ ਨਹੀਂ ਰਹੀ ਤਾਂ ਕਾਂਗਰਸ ਦੇ ਪੀੜਤ ਉਮੀਦਵਾਰਾਂ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਹੁੰਚ ਕਰ ਤੋਂ ਬਿਨਾਂ ਕੋਈ ਚਾਰਾ ਨਹੀਂ ਰਿਹਾ।
ਇਸ ਮੋਕੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ਚੰਦ ਸਰਮਾਂ ਮੱਛਲੀ ਕਲਾਂ , ਦਵਿੰਦਰ ਸਿੰਘ ਸਾਬਕਾ ਸਰਪੰਚ ਕੁਰੜਾ, ਗਿਆਨ ਸਿੰਘ ਕੁਰੜਾ, ਗੁਰਜੀਤ ਸਿੰਘ ਮਾਵੀ ਪਾਪੜੀ , ਬਚਨ ਸਿੰਘ ਪਾਪੜੀ ਤੋ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਆਹੁਦੇਦਾਰ ਹਾਜਰ ਸਨ.