ਚੰਡੀਗੜ੍ਹ, : ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਖੇਡ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.), ਵੱਲੋਂ 20 ਜਨਵਰੀ ਤੋਂ 21 ਜਨਵਰੀ ਤੱਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਵਿਖੇ 10ਵੀਂ ਨੈਸ਼ਨਲ ਗੱਤਕਾ (ਮਹਿਲਾ) ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਕੌਮੀ ਪੱਧਰ ਦਾ ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਗੱਤਕਾ ਐਸੋਸੀਏਸ਼ਨ ਪੰਜਾਬ ਅਤੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਬਠਿੰਡਾ ਦੇ ਸਹਿਯੋਗ ਨਾਲ ਇਹ ਗੱਤਕਾ ਮੁਕਾਬਲੇ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਉਮਰ ਵਰਗ ਲਈ ਕਰਵਾਏ ਜਾਣਗੇ ਜਿੱਥੇ ਦਰਜਨ ਤੋਂ ਵੱਧ ਰਾਜਾਂ ਦੀਆਂ ਟੀਮਾਂ ਉਮਰ ਵਾਰਗ 14 ਤੋਂ ਘੱਟ, 18 ਸਾਲ ਤੋਂ ਘੱਟ, 22 ਸਾਲ ਤੋਂ ਘੱਟ ਅਤੇ 25 ਸਾਲ ਤੋਂ ਘੱਟ ਉਮਰ ਵਰਗ ਵਿੱਚ ਭਾਗ ਲੈਣਗੀਆਂ। ਇਹ ਮੁਕਾਬਲੇ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਐਨ.ਜੀ.ਏ.ਆਈ. ਦੇ ਗੱਤਕਾ ਨਿਯਮਾਂ ਅਨੁਸਾਰ ਕਰਵਾਏ ਜਾਣਗੇ।
ਇਸ ਦੌਰਾਨ ਐਨ.ਜੀ.ਏ.ਆਈ. ਦੇ ਕੌਮੀ ਕੋਆਰਡੀਨੇਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਾਰੇ ਖਿਡਾਰੀਆਂ ਲੰਗਰ ਅਤੇ ਠਹਿਰਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਹਰ ਇੱਕ ਟੀਮ ਨੂੰ ਇੰਨਾ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਆਪਣੀ ਗੱਤਕਾ ਕਿੱਟ ਲਿਆਉਣੀ ਪਵੇਗੀ। ਸਾਰੀਆਂ ਖਿਡਾਰਨਾਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ।