ਖੇਡ ਮੰਤਰੀ ਨੇ ਪੈਰਾ ਪਾਵਰ ਲਿਫਟਰਾਂ ਰਾਜਿੰਦਰ ਰਹੇਲੂ ਤੇ ਪਰਮਜੀਤ ਕੁਮਾਰ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਵਿਭਾਗ ਵੱਲੋਂ ਬਣਾਈ ਜਾ ਰਹੀ ਨਵੀਂ ਖੇਡ ਨੀਤੀ ਵਿੱਚ ਪੈਰਾ ਖਿਡਾਰੀਆਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਪੈਰਾਲੰਪਿਕ ਮੈਡਲਿਸਟ ਤੇ ਭਾਰਤੀ ਪੈਰਾ ਪਾਵਰਲਿਫਟਿੰਗ ਕੋਚ ਰਾਜਿੰਦਰ ਸਿੰਘ ਰਹੇਲੂ ਅਤੇ ਹਾਲ ਹੀ ਵਿੱਚ ਵਿਸ਼ਵ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਪਰਮਜੀਤ ਕੁਮਾਰ ਨਾਲ ਮੀਟਿੰਗ ਦੌਰਾਨ ਕਹੀ।
ਮੀਤ ਹੇਅਰ ਨੇ ਪਰਮਜੀਤ ਕੁਮਾਰ ਨੂੰ ਹਾਲ ਹੀ ਵਿੱਚ ਦੁਬਈ ਵਿਖੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗ਼ਾ ਜਿੱਤਣ ਲਈ ਮੁਬਾਰਕਬਾਦ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਉਹ ਇਸ ਸਾਲ ਹੋਣ ਵਾਲੀਆਂ ਪੈਰਾ ਏਸ਼ਿਆਈ ਖੇਡਾਂ ਤੇ ਅਗਲੇ ਸਾਲ ਹੋਣ ਵਾਲੀਆਂ ਪੈਰਾਲੰਪਿਕ ਖੇਡਾਂ ਵਿੱਚ ਵੀ ਦੇਸ਼ ਦਾ ਨਾਮ ਰੌਸ਼ਨ ਕਰਨਗੇ। ਖੇਡ ਮੰਤਰੀ ਨੇ ਨਵੀਂ ਬਣਾਈ ਜਾ ਰਹੀ ਖੇਡ ਨੀਤੀ ਵਿੱਚ ਪੈਰਾ ਖਿਡਾਰੀਆਂ ਨੂੰ ਵਿਸ਼ੇਸ਼ ਤਰਜੀਹ ਦੇਣ ਲਈ ਹੀ ਅੱਜ ਭਾਰਤ ਦੇ ਨਾਮੀਂ ਪੈਰਾ ਖਿਡਾਰੀਆਂ ਤੋਂ ਫੀਡਬੈਕ ਲੈਣ ਲਈ ਹੀ ਅੱਜ ਇਹ ਮੀਟਿੰਗ ਰੱਖੀ ਸੀ।
ਖੇਡ ਮੰਤਰੀ ਨੇ ਦੋਵੇਂ ਖਿਡਾਰੀਆਂ ਨੂੰ ਦੱਸਿਆ ਕਿ ਵਿਭਾਗ ਵੱਲੋਂ ਬਣਾਈ ਜਾ ਰਹੀ ਨਵੀਂ ਨੀਤੀ ਵਿੱਚ ਪੈਰਾ ਖਿਡਾਰੀਆਂ ਨੂੰ ਪੂਰੀ ਤਰਜੀਹ ਦਿੱਤੀ ਜਾ ਰਹੀ ਹੈ ਕਿਉਂਕਿ ਹਾਲਾਤਾਂ ਦੇ ਉਲਟ ਜਾ ਕੇ ਉਨ੍ਹਾਂ ਵੱਲੋਂ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਦੇਸ਼ ਦਾ ਨਾਮ ਚਮਕਾਇਆ ਜਾਂਦਾ ਹੈ। ਨਗਦ ਇਨਾਮ ਲਈ ਪੈਰਾ ਖੇਡਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਵਰ ਲਿਫਟਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਸੁਝਾਵਾਂ ਦਾ ਸਵਾਗਤ ਹੈ ਅਤੇ ਉਨ੍ਹਾਂ ਦੇ ਸੁਝਾਅ ਖੇਡ ਨੀਤੀ ਵਿੱਚ ਸ਼ਾਮਲ ਕੀਤੇ ਜਾਣਗੇ। ਇਸ ਮੌਕੇ ਖੇਡ ਮੰਤਰੀ ਨੇ ਪੈਰਾ ਖਿਡਾਰੀਆਂ ਸੰਬੰਧੀ ਉਠਾਈਆਂ ਮੰਗਾਂ ਉੱਤੇ ਤੁਰੰਤ ਗ਼ੌਰ ਕਰ ਕੇ ਇਸ ਦੇ ਹੱਲ ਦਾ ਭਰੋਸਾ ਦਿੱਤਾ।