ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਭਾਰਤ ਜਲਦ ਹੀ ਵਿਦੇਸ਼ੀ ਸੈਲਾਨੀਆਂ ਲਈ ਆਪਣੇ ਦਰਵਾਜੇ ਖੋਲ੍ਹ ਸਕਦਾ ਹੈ। ਵਿਸ਼ਵਵਿਆਪੀ ਮਹਾਮਾਰੀ ਕੋਵਿਡ-19 ਕਾਰਨ ਮਾਰਚ 2020 ਵਿੱਚ ਕੀਤੀ ਗਈ ਦੇਸ਼ਵਿਆਪੀ ਤਾਲਾਬੰਦੀ ਨਾਲ ਸਭ ਤੋਂ ਵੱਧ ਪ੍ਰਭਾਵਤ ਸੈਰ-ਸਪਾਟਾ, ਪ੍ਰਾਹੁਣਚਾਰੀ ਅਤੇ ਹਵਾਬਾਜ਼ੀ ਖੇਤਰਾਂ ਨੂੰ ਸੁਰਜੀਤ ਕਰਨ ਦੀ ਕਵਾਇਦ ਵਿੱਚ ਪਹਿਲੇ 5 ਲੱਖ ਵਿਦੇਸ਼ੀ ਸੈਲਾਨੀਆਂ ਨੂੰ ਮੁਫਤ ਵੀਜੇ ਜਾਰੀ ਕੀਤੇ ਜਾਣਗੇ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀ ਵਿਦੇਸੀ ਸੈਲਾਨੀਆਂ ਨੂੰ ਦੇਸ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਦੀ ਸੰਭਾਵਤ ਤਰੀਕ ਅਤੇ ਤਰੀਕਿਆਂ ਬਾਰੇ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ। ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਵਿਦੇਸੀ ਸੈਲਾਨੀਆਂ ਨੂੰ ਭਾਰਤ ਆਉਣ ਦੀ ਆਗਿਆ ਦੇਣ ਬਾਰੇ ਰਸਮੀ ਐਲਾਨ ਅਗਲੇ ਦਸ ਦਿਨਾਂ ਦੇ ਅੰਦਰ ਕੀਤਾ ਜਾ ਸਕਦਾ ਹੈ।