ਚੰਡੀਗੜ੍ਹ: ਲਾਇਰਜ਼ ਡਿਫੈਂਸ ਕਮੇਟੀ ਫਾਰ ਫਾਰਮਰਜ਼ ਦੀ ਇਕ ਮੀਟਿੰਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਜੋਗਿੰਦਰ ਸਿੰਘ ਤੂਰ ਦੀ ਅਗਵਾਈ ’ਚ ਹੋਈ। ਇਸ ਮੀਟਿੰਗ ਵਿੱਚ ਚੰਡੀਗੜ੍ਹ ਦੇ ਵਕੀਲ ਰਜਿੰਦਰ ਸਿੰਘ ਚੀਮਾ, ਮਨਜੀਤ ਸਿੰਘ ਖਹਿਰਾ, ਉਂਕਾਰ ਸਿੰਘ, ਤਰਲੋਕ ਸਿੰਘ ਚੌਹਾਨ, ਰਾਜੀਵ ਗੋਦਾਰਾ, ਹਰਚਰਨ ਸਿੰਘ ਬਾਠ, ਕੁਲਬੀਰ ਸਿੰਘ ਧਾਲੀਵਾਲ, ਵਿਪਿਨ ਕੁਮਾਰ, ਮਤਵਿੰਦਰ ਸਿੰਘ, ਦਵਿੰਦਰ ਸਿੰਘ ਮਾਨ, ਸਤਨਾਮ ਪ੍ਰੀਤ ਸਿੰਘ ਚੌਹਾਨ ਤੇ ਸਤਬੀਰ ਵਾਲੀਆ ਮੌਜੂਦ ਸਨ। ਮੀਟਿੰਗ ’ਚ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਬੰਧ ’ਚ ਕਈ ਕਿਸਾਨ ਆਗੂਆਂ ਤੇ ਹੋਰਾਂ ਵਿਰੁੱਧ ਚੰਡੀਗੜ੍ਹ ਪੁਲਿਸ ਵੱਲੋਂ ਦਰਜ ਕੀਤੇ ਗਏ ਪਰਚੇ ਦਰਜ ਕਰਨ ਦੀ ਨਿਖੇਧੀ ਕੀਤੀ ਗਈ।
ਮੀਟਿੰਗ ’ਚ ਕਿਹਾ ਗਿਆ ਕਿ ਪੁਲਿਸ ਨੇ ਐਫਆਈਆਰਜ਼ ’ਚ ਜੋ ਦੋਸ਼ ਲਾਏ ਹਨ, ਉਹ ਬਿਲਕੁਲ ਬੇਬੁਨਿਆਦ ਤੇ ਝੂਠੇ ਹਨ। ਪੁਲਿਸ ਨੇ ਕਈ ਕਿਸਾਨ ਆਗੂਆਂ ਤੇ ਹੋਰਾਂ ਨੂੰ ਨਾਮਜ਼ਦ ਕਰਦਿਆਂ, ਉਨ੍ਹਾਂ ’ਤੇ ਡੰਡਿਆਂ ਆਦਿ ਨਾਲ ਲੈਸ ਹੋ ਕੇ ਪੁਲਿਸ ’ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ, ਜਦੋਂ ਕਿ ਇਨ੍ਹਾਂ ਵਿਚੋਂ ਕਈ ਉਸ ਮੌਕੇ ਚੰਡੀਗੜ੍ਹ ’ਚ ਮੌਜੂਦ ਹੀ ਨਹੀਂ ਸਨ ਅਤੇ ਕਈ ਸ਼ਾਂਤਮਈ ਤਰੀਕੇ ਨਾਲ ਕਾਰਾਂ ’ਚ ਬੈਠ ਕੇ ਇਸ ਕਿਸਾਨ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਇਸ ਦੀ ਪੁਸ਼ਟੀ ਮੀਡੀਆ ਰਿਪੋਰਟਾਂ ਤੋਂ ਵੀ ਹੁੰਦੀ ਹੈ।
ਮੀਟਿੰਗ ’ਚ ਇਹ ਮਹਿਸੂਸ ਕੀਤਾ ਗਿਆ ਕਿ ਕਿਸਾਨਾਂ ਦੇ ਹਿੱਤਾਂ ਤੇ ਹੱਕਾਂ ਦੀ ਰਾਖੀ ਕੀਤੀ ਜਾਵੇ, ਇਸ ਲਈ ਮੀਟਿੰਗ ’ਚ ਸ਼ਾਮਲ ਵਕੀਲਾਂ ਵੱਲੋਂ ਲਾਇਰਜ਼ ਡਿਫੈਂਸ ਕਮੇਟੀ ਫਾਰ ਫਾਰਮਰਜ਼ ਦਾ ਗਠਨ ਕੀਤਾ ਗਿਆ। ਇਹ ਕਮੇਟੀ ਕਿਸਾਨਾਂ ਦੇ ਵਿਰੁੱਧ ਦਰਜ ਮੁਕੱਦਮਿਆਂ ਦੀ ਪੈਰਵਾਈ ਕਰੇਗੀ। ਮੀਟਿੰਗ ’ਚ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਵਿਰੁੱਧ ਦਰਜ ਝੂਠੇ ਮੁਕੱਦਮਿਆਂ ਨੂੰ ਰੱਦ ਕੀਤਾ ਜਾਵੇ।