ਫ਼ਸੀਲ ਤੋ ਬਣਾਈ ਨਵੀਂ ਕਮੇਟੀ ਨੂੰ ਤੁਰੰਤ ਭਰਤੀ ਮੁਹਿੰਮ ਵਿੱਢਣ ਦਾ ਆਦੇਸ਼ ਜਾਰੀ ਹੋਵੇ, ਪੂਰਨ ਸਮਰਪਿਤ ਭੂਮਿਕਾ ਨਾਲ ਦੇਵਾਂਗੇ ਸਾਥ
ਬਲਵਿੰਦਰ ਸਿੰਘ ਭੂੰਦੜ ਦੀ ਭੂਮਿਕਾ ਸ਼ੱਕੀ ਤਾਂ ਅਸਤੀਫ਼ਾ ਦੇ ਚੁੱਕੇ ਦਲਜੀਤ ਚੀਮਾ ਦਾ ਸਿੰਘ ਸਾਹਿਬ ਨੂੰ ਮਿਲਣਾ ਆਪੇ ਦੋਸ਼ੀ, ਆਪੇ ਵਕੀਲ ਅਤੇ ਆਪੇ ਜੱਜ ਵਾਲੀ ਭੂਮਿਕਾ ਵਾਲਾ ਕਿਰਦਾਰ
ਚੰਡੀਗੜ: ਅਸਤੀਫ਼ਾ ਦੇ ਚੁੱਕੀ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਅਕਾਲ ਤਖ਼ਤ ਤੋ ਨਕਾਰੀ ਲੀਡਰਸ਼ਿਪ ਸਿੱਧੇ ਤੌਰ ਤੇ ਹੁਕਮਨਾਮੇ ਤੋ ਭਗੌੜਾ ਹੋ ਚੁੱਕੀ ਹੈ। ਇਹ ਵੀ ਦੁੱਖ ਦੀ ਗੱਲ ਹੈ ਕਿ ਤਖ਼ਤ ਸਾਹਿਬ ਤੋ ਆਏ ਹਰ ਹੁਕਮਨਾਮੇ ਨੂੰ ਪੂਰਾ ਕਰਨ ਖਾਤਿਰ ਆਪਣੀ ਜਾਨ ਕੁਰਬਾਨ ਕਰਨ ਵਾਲੀ ਅਕਾਲੀ ਲੀਡਰਸ਼ਿਪ ਦਾ ਇੱਕ ਹਿੱਸਾ ਅੱਜ ਹੁਕਮਨਾਮੇ ਖਿਲਾਫ ਹੀ ਸਾਜਿਸ਼ ਰਚ ਚੁੱਕਾ ਹੈ। ਇਸ ਰਚੀ ਗਈ ਸਾਜ਼ਿਸ਼ ਵਿੱਚ, ਸਾਜਿਸ਼ ਦੇ ਪਹਿਲੇ ਪੈਂਤੜੇ ਨੂੰ ਅੱਗੇ ਤੋਰਨ ਲਈ ਅਤੇ ਸੰਗਤ ਨੂੰ ਗੁੰਮਰਾਹ ਕਰਨ ਲਈ ਵਕਤੀ ਤੌਰ ਤੇ ਲਗਾਏ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਭੂਮਿਕਾ ਗਹਿਰੀ ਸ਼ੱਕੀ ਹੈ।
ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਕਮਜੋਰ ਕਰਨ, ਉਸ ਵਿੱਚ ਆਪਣੇ ਹਿੱਤਾਂ ਤਹਿਤ ਸੋਧ ਕਰਵਾਉਣ, ਉਸ ਹੁਕਮਨਾਮੇ ਸਾਹਮਣੇ ਗੈਰ ਵਾਜਬ ਕਾਨੂੰਨੀ ਦਲੀਲਾਂ ਜਰੀਏ ਅਤੇ ਆਖਿਰਕਾਰ ਵਿੱਚ ਸਾਰੇ ਹੱਥ ਕੰਡੇ ਫੇਲ੍ਹ ਹੋਣ ਤੇ ਮੁਨਕਰ ਹੋਣ ਦੀ ਸਾਜ਼ਿਸ਼ ਰਚੀ ਗਈ ਹੈ।
ਇਸ ਸਾਜਿਸ਼ ਨੂੰ ਪੂਰਾ ਕਰਨ ਲਈ ਕੜੀ ਦਰ ਕੜੀ ਚਾਲ ਚੱਲੀ ਗਈ ਹੈ। ਜਿਸ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ, ਤੋਹਮਤਬਾਜ਼ੀ ਅਤੇ ਇਖਲਾਕ ਤੋਂ ਡਿੱਗੇ ਭੱਦੇ ਇਲਜਾਮ ਲਵਾਉਣਾ, ਫਿਰ ਵਲਟੋਹਾ ਦੀ ਪੇਸ਼ੀ ਦੌਰਾਨ ਕੁਝ ਹਿੱਸੇ ਦੀ ਵੀਡਿਉ ਜਾਰੀ ਕਰਕੇ ਬਿਰਤਾਂਤ ਸਿਰਜਣ ਦੀ ਕੋਸ਼ਿਸ਼, ਫਿਰ ਆਪੇ ਲਗਾਏ ਇਲਜਾਮਾਂ ਨੂੰ ਜਾਂਚ ਹੇਠ ਲਿਆਉਣ ਲਈ ਪੰਥਕ ਮਰਿਯਾਦਾ ਨੂੰ ਛਿੱਕੇ ਟੰਗ ਕੇ ਕਮੇਟੀ ਗਠਿਨ ਕਰਨਾ ਅਤੇ ਓਹਨਾ ਦੀ ਸੇਵਾ ਵਾਪਿਸ ਲੈਣਾ ਇਹ ਸਭ ਬਦਲੇ ਦੀ ਭਾਵਨਾ, ਅਸਤੀਫਿਆਂ ਦੇ ਸਵੀਕਾਰ ਕੀਤੇ ਜਾਣ ਤੋਂ ਬਚਣ ਲਈ ਪੈਂਤੜਾ ਸੀ।
ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਸੁਰਜੀਤ ਸਿੰਘ ਰੱਖੜਾ, ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਸੁੱਚਾ ਸਿੰਘ ਛੋਟੇਪੁਰ ਤੇ ਸੰਤਾ ਸਿੰਘ ਉਮੈਦਪੁਰੀ ਨੇ ਕਰਦਿਆਂ ਕਿਹਾ ਕਿ ਅੱਜ ਪੰਥ ਅਤੇ ਕੌਮ ਸਾਹਮਣੇ ਨਵੀਆਂ ਚੁਣੌਤੀਆਂ ਲਿਆਉਣ ਲਈ ਇੱਕ ਧੜਾ ਕੋਸ਼ਿਸ਼ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅੱਜ ਕੌਮ ਦਾ ਸਿਰ ਸ਼ਰਮ ਨਾਲ ਝੁਕਿਆ ਹੈ ਕਿ ਆਪਣੀ ਸਾਜਸ਼ ਨੂੰ ਪੂਰਾ ਕਰਨ ਲਈ ਸ਼ਹੀਦੀ ਦਿਹਾੜਿਆਂ ਅਤੇ ਸਭਾ ਦੇ ਦਿਨਾਂ ਨੂੰ ਵਰਤਣ ਤੋਂ ਗੁਰੇਜ ਨਹੀਂ ਕੀਤਾ ਗਿਆ। ਤਖਤ ਤੋ ਲਗਾਈ ਸੇਵਾ ਨੂੰ ਪੂਰਾ ਕੀਤੇ ਅੱਠ ਦਿਨ ਬੀਤ ਜਾਣ ਦੇ ਬਾਵਜੂਦ ਵੀ ਵਰਕਿੰਗ ਕਮੇਟੀ ਦੀ ਮੀਟਿੰਗ ਨਾ ਬੁਲਾਕੇ ਇੱਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਹੋਈ, ਜਿਹੜੀ ਕਿ ਹਰ ਹੀਲੇ ਫੇਲ ਹੋਵੇਗੀ।
ਇਸ ਦੇ ਨਾਲ ਹੀ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨਾਲ ਅਸਤੀਫ਼ਾ ਦੇ ਚੁੱਕੇ ਦਲਜੀਤ ਚੀਮਾ ਦੀ ਮਿਲਣੀ ਤੇ ਸਵਾਲ ਚੁੱਕਦਿਆਂ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ, ਅਕਾਲੀ ਦਲ ਨੇ ਅੱਜ ਉਸ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ ਜਿਸ ਵਿਚ ਆਪੇ ਦੋਸ਼ੀ ਆਪੇ ਵਕੀਲ ਅਤੇ ਆਪੇ ਜੱਜ ਦੀ ਭੂਮਿਕਾ ਨੂੰ ਪੇਸ਼ ਕੀਤਾ ਜਾਂਦਾ ਰਿਹਾ ਹੈ। ਓਹਨਾ ਨੇ ਸਿੱਧੇ ਤੌਰ ਤੇ ਚੀਮਾ ਤੇ ਸਵਾਲ ਚੁੱਕਦਿਆਂ ਕਿਹਾ ਕਿ ਚੀਮਾ ਦੀ ਭੂਮਿਕਾ ਕਈ ਵੱਡੇ ਪੰਥਕ ਮਸਲਿਆਂ ਵਿੱਚ ਛੱਕੀ, ਵਿਵਾਦਿਤ ਹੋਣ ਕਰਕੇ ਸੰਗਤ ਵਲੋ ਨਾ ਬਰਦਾਸ਼ਤਯੋਗ ਰਹੀ ਹੈ, ਇਸ ਲਈ ਚੀਮਾ ਦਾ ਵਾਰ ਵਾਰ ਸਿੰਘ ਸਾਹਿਬ ਨੂੰ ਮਿਲਣਾ ਦਰਸਾਉਂਦਾ ਹੈ ਕਿ ਓਹਨਾ ਦਾ ਇਕੋ ਇੱਕ ਨਿਸ਼ਾਨਾ ਹੈ ਕਿ ਪੰਥ ਅਤੇ ਕੌਮ ਦੀ ਨੁਮਾਇੰਦਾ ਜਮਾਤ ਨੂੰ ਖਤਮ ਕਿਵੇਂ ਕਰਨਾ ਹੈ।
ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਅੱਜ ਹਰ ਅਕਾਲੀ ਵਰਕਰ ਦੀ ਭਾਵਨਾ ਹੈ ਕਿ ਪੰਜ ਸਿੰਘ ਸਹਿਬਾਨਾਂ ਵਲੋ ਬਣਾਈ ਗਈ ਕਮੇਟੀ ਪਾਰਟੀ ਦੀ ਮੈਂਬਰਸ਼ਿਪ ਭਰਤੀ ਦਾ ਆਗਾਜ਼ ਕਰੇ, ਪਰ ਇਸ ਵੱਲ ਵਧਣ ਦੀ ਬਜਾਏ ਐਸਜੀਪੀਸੀ ਪ੍ਰਧਾਨ ਇਸ ਕਮੇਟੀ ਦੀ ਚੋਣ, ਕੰਮ ਕਰਨ ਦੀ ਸਮਰੱਥਾ ਅਤੇ ਇਸ ਕਮੇਟੀ ਨੂੰ ਕਮਜੋਰ ਕਰਨ ਅਤੇ ਕਮੇਟੀ ਵਿੱਚ ਸਾਮਿਲ ਮੈਂਬਰਾਂ ਦਾ ਮਨੋਬਲ ਕਮਜੋਰ ਕਰਨ ਤੇ ਉਤਾਰੂ ਹਨ, ਜਿਸ ਲਈ ਹਾਲੇ ਤੱਕ ਇੱਕ ਵੀ ਮੀਟਿੰਗ ਦਾ ਨਾ ਤਾਂ ਸੱਦਾ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਅੰਦਰ ਵੀ ਇਸ ਤੋਂ ਭਗੌੜੇ ਹੋਣ ਦਾ ਸਬੂਤ ਪੇਸ਼ ਕਰ ਰਹੇ ਹਨ।
ਆਗੂਆਂ ਨੇ ਸਿੰਘ ਸਾਹਿਬਾਨ ਗਿਆਨੀ ਰਘੁਬੀਰ ਸਿੰਘ ਨੂੰ ਅਪੀਲ ਕੀਤੀ ਕਿ, ਫ਼ਸੀਲ ਤੋ ਬਣਾਈ ਗਈ ਕਮੇਟੀ ਦੇ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨਾਂ ਨੂੰ ਇੱਕ ਮਿਤੀ ਦੇ ਕੇ ਆਦੇਸ਼ ਜਾਰੀ ਕਰਨ ਕਿ ਉਸ ਦਿੱਤੀ ਗਈ ਮਿਤੀ ਤੋ ਨਵੀਂ ਭਰਤੀ ਦਾ ਆਗਾਜ਼ ਕਰ ਸਕਣ ਤਾਂ ਜੋ ਨਵੇਂ ਡੇਲੀਗੇਟ ਬਣਨ ਅਤੇ ਸਿਰਮੌਰ ਜਥੇਬੰਦੀ ਨੂੰ ਪੰਥ ਅਤੇ ਗੁਰੂ ਗ੍ਰੰਥ ਨੂੰ ਸਮਰਪਿਤ ਲੀਡਰ ਮਿਲ ਸਕੇ, ਜਿਸ ਦਾ ਕਿਸੇ ਵੀ ਧਾਰਮਿਕ ਅਤੇ ਰਾਜਨੀਤਕ ਵਿਵਾਦ ਦੇ ਨਾਲ ਦੂਰ ਦੂਰ ਦਾ ਵੀ ਨਾਤਾ ਨਾ ਹੋਵੇ।