ਚੰਡੀਗੜ੍ਹ: ਰੋਸ ਮੁਜ਼ਾਹਰਾ ਕਰਨ ਅਤੇ ਰਾਜਪਾਲ ਨੂੰ ਮੈਮੋਰੰਡਮ ਦੇਣ ਲਈ 26 ਜਨਵਰੀ ਨੂੰ ਚੰਡੀਗੜ੍ਹ ਪਹੁੰਚੇ ਕੁਝ ਕਿਸਾਨਾਂ ਤੇ ਉਨ੍ਹਾਂ ਦੇ ਆਗੂਆਂ ’ਤੇ ਚੰਡੀਗੜ੍ਹ ਪੁਲਿਸ ਵੱਲੋਂ ਮਾਮਲੇ ਦਰਜ ਕਰਨ ਦਾ ਨੋਟਿਸ ਲੈਂਦਿਆਂ ਅੱਜ ਇੱਥੇ ਚੰਡੀਗੜ੍ਹ ਦੇ ਪ੍ਰਸਿੱਧ ਵਕੀਲਾਂ- ਰਾਜਿੰਦਰ ਸਿੰਘ ਚੀਮਾ, ਮਨਜੀਤ ਸਿੰਘ ਖਹਿਰਾ, ਜੋਗਿੰਦਰ ਸਿੰਘ ਤੂਰ, ਓਂਕਾਰ ਸਿੰਘ, ਤਰਲੋਕ ਸਿੰਘ ਚੌਹਾਨ, ਰਜੀਵ ਗੋਦਾਰਾ, ਹਰਚੰਦ ਸਿੰਘ ਬਾਠ, ਕੁਲਬੀਰ ਸਿੰਘ ਧਾਲੀਵਾਲ, ਵਿਪਨ ਕੁਮਾਰ, ਮਤਵਿੰਦਰ ਸਿੰਘ, ਦਵਿੰਦਰ ਸਿੰਘ ਮਾਨ, ਸਤਨਾਮ ਪ੍ਰੀਤ ਸਿੰਘ ਚੌਹਾਨ ਤੇ ਸਤਵੀਰ ਵਾਲੀਆ- ਨੇ ਕਿਸਾਨਾਂ ਵਿਰੁੱਧ ਦਰਜ ਮਾਮਲਿਆਂ (ਐਫ਼ਆਈਆਰਜ਼) ਦੀ ਘੋਖ ਕੀਤੀ ਅਤੇ ਪਾਇਆ ਕਿ ਕਿਸਾਨਾਂ ਵਿਰੁੱਧ ਲਾਏ ਦੋਸ਼ ਅਸਪੱਸ਼ਟ, ਬੇਤੁਕੇ ਅਤੇ ਸਪੱਸ਼ਟ ਤੌਰ ’ਤੇ ਝੂਠੇ ਹਨ।
ਇਨ੍ਹਾਂ ਵਕੀਲਾਂ ਨੇ ਦੱਸਿਆ ਕਿ ਇੱਕ ਮਾਮਲਾ ਤਾਂ ਉਨ੍ਹਾਂ ਕਿਸਾਨ ਆਗੂਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ, ਜੋ ਉਸ ਸਮੇਂ ’ਤੇ ਚੰਡੀਗੜ੍ਹ ਵਿੱਚ ਹੀ ਨਹੀਂ ਸਨ। ਇਨ੍ਹਾਂ ਪ੍ਰਸਿੱਧ ਵਕੀਲਾਂ ਨੇ ਇੱਕ ‘‘ਡਿਫੈਂਸ ਕਮੇਟੀ’’ ਦਾ ਗਠਨ ਕੀਤਾ ਹੈ ਤਾਂ ਕਿ ਝੂਠੇ ਕੇਸਾਂ ਤੋਂ ਕਿਸਾਨਾਂ ਦੀ ਕਾਨੂੰਨੀ ਰੱਖਿਆ ਕੀਤੀ ਜਾ ਸਕੇ।
ਇਸ ਕਮੇਟੀ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਵਿਰੁੱਧ ਝੂਠੇ ਕੇਸ ਵਾਪਸ ਲਵੇ। ਇਹ ਜਾਣਕਾਰੀ ਕਮੇਟੀ ਵੱਲੋਂ ਐਡਵੋਕੇਟ ਜੋਗਿੰਦਰ ਸਿੰਘ ਤੂਰ ਨੇ ਦਿੱਤੀ।