ਬੰਗਾ : ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦੇ ਪੱਛੜੇ ਤੇ ਪੇਂਡੂ ਇਲਾਕਿਆਂ ਵਿਚ ਮੈਡੀਕਲ ਇਲਾਜ ਸੇਵਾਵਾਂ ਪ੍ਰਦਾਨ ਕਰ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਦੁਸਾਂਝ ਕਲਾਂ ਦੇ ਜੰਮਪਲ ਅਤੇ ਅਮਰੀਕਾ ਵਾਸੀ ਸਮਾਜ ਸੇਵਕ ਸ. ਰਸ਼ਪਾਲ ਸਿੰਘ ਦੁਸਾਂਝ ਨੇ ਇੱਕ ਲੱਖ ਰੁਪਏ ਦਾ ਦਾਨ ਦਿੱਤਾ ਹੈ। ਅੱਜ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮੁੱਖ ਟਰੱਸਟ ਦਫਤਰ ਵਿਖੇ ਪੁੱਜ ਕੇ ਸਮਾਜ ਸੇਵਕ ਸ. ਰਸ਼ਪਾਲ ਸਿੰਘ ਦੁਸਾਂਝ ਨੇ ਦਾਨ ਦੀ ਰਾਸ਼ੀ ਭੇਟ ਕੀਤੀ।
ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਨੇ ਸਮਾਜ ਸੇਵਕ ਸ. ਰਸ਼ਪਾਲ ਸਿੰਘ ਦੁਸਾਂਝ ਅਮਰੀਕਾ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਇੱਕ ਲੱਖ ਰੁਪਏ ਦਾ ਦਾਨ ਦੇਣ ਲਈ ਧੰਨਵਾਦ ਕਰਦੇ ਹੋਏ ਹਸਪਤਾਲ ਢਾਹਾਂ-ਕਲੇਰਾਂ ਵਿਖੇ ਚੱਲ ਰਹੀਆਂ ਵੱਖ-ਵੱਖ ਮੈਡੀਕਲ ਇਲਾਜ ਸੇਵਾਵਾਂ ਬਾਰੇ ਚਾਨਣਾ ਪਾਇਆ। ਸ. ਢਾਹਾਂ ਨੇ ਦੱਸਿਆ ਕਿ ਇੱਥੇ ਮਰੀਜ਼ਾਂ ਨੂੰ ਉੱਚ ਪੱਧਰੀ ਮੈਡੀਕਲ ਇਲਾਜ ਸਹੂਲਤਾਂ ਮਿਲਦੀਆਂ ਹਨ ਅਤੇ ਲੋੜਵੰਦ ਮਰੀਜ਼ਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਂਦੀ ਹੈ।ਹਸਪਤਾਲ ਵਿਚ 81 ਪਿੰਡਾਂ ਨੂੰ ਫਰੀ ਬੈੱਡ ਸੇਵਾ ਦੇਸ਼ ਵਿਦੇਸ਼ ਦੇ ਦਾਨੀਆਂ ਦੇ ਸਹਿਯੋਗ ਨਾਲ ਦਿੱਤੀ ਜਾ ਰਹੀ ਹੈ।ਇਸ ਤੋਂ ਇਲਾਵਾ ਚਿੱਟਾ ਮੋਤੀਆ ਮੁਕਤ ਲਹਿਰ ਅਧੀਨ ਲੋੜਵੰਦ ਅੱਖਾਂ ਦੇ ਮਰੀਜ਼ਾਂ ਦੇ ਅਪਰੇਸ਼ਨ ਫਰੀ ਕੀਤੇ ਜਾ ਰਹੇ ਹਨ।
ੱੱ ਟਰੱਸਟ ਦੇ ਮੀਤ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਨੇ ਪ੍ਰਧਾਨ ਸਾਹਿਬ ਹਰਦੇਵ ਸਿੰਘ ਕਾਹਮਾ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸਮਾਜ ਸੇਵਕ ਸ. ਰਸ਼ਪਾਲ ਸਿੰਘ ਦੁਸਾਂਝ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਮਾਜ ਸੇਵਕ ਸ. ਰਸ਼ਪਾਲ ਸਿੰਘ ਦੁਸਾਂਝ ਕਿਹਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ ਪੰਜਾਬ ਦੇ ਪੇਂਡੂ ਇਲਾਕੇ ਵਿਚ ਮੈਡੀਕਲ ਸੇਵਾਵਾਂ ਪ੍ਰਦਾਨ ਕਰਕੇ ਬਹੁਤ ਵਧੀਆ ਕਾਰਜ ਕੀਤਾ ਜਾ ਰਿਹਾ ਹੈ, ਆਉਣ ਵਾਲੇ ਸਮੇਂ ਵਿਚ ਵੀ ਸਮੂਹ ਦੁਸਾਂਝ ਪਰਿਵਾਰ ਵੱਲੋਂ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਵੱਖ ਵੱਖ ਸਮਾਜ ਸੇਵੀ ਕਾਰਜਾਂ ਵਿਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇਗਾ। ਅਮਰੀਕਾ ਨਿਵਾਸੀ ਸ. ਰਸ਼ਪਾਲ ਸਿੰਘ ਦੁਸਾਂਝ ਦਾ ਸਨਮਾਨ ਕਰਨ ਮੌਕੇ ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ ਅਤੇ ਸ. ਨਰਿੰਦਰ ਸਿੰਘ ਸ਼ੇਰਗਿੱਲ ਸੀਨੀਅਰ ਪ੍ਰਬੰਧਕ ਮੈਂਬਰ ਵੀ ਹਾਜ਼ਰ ਸਨ।