Tuesday, January 28, 2025
ਤਾਜਾ ਖਬਰਾਂ

Diaspora

ਮਾਇਸੋ ਵੱਲੋਂ ਭਾਰਤ-ਕੈਨੇਡਾ ਕੂਟਨੀਤਿਕ ਵਿਵਾਦਾਂ ‘ਚ ਪਿਸ ਰਹੇ ਪ੍ਰਵਾਸੀ ਤੇ ਕੌਮਾਂਤਰੀ ਵਿਦਿਆਰਥੀਆਂ ਦੀ ਹਮਾਇਤ ਦਾ ਐਲਾਨ

ਦਲਜੀਤ ਕੌਰ  | October 18, 2024 02:02 AM
 ਟੋਰਾਂਟੋ: : ਅੱਜ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ ਨੇ ਭਾਰਤ ਅਤੇ ਕੈਨੇਡਾ ਵਿਚਕਾਰ ਚੱਲ ਰਹੇ ਕੂਟਨੀਤਿਕ ਵਿਵਾਦ ਬਾਰੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਅਤੇ ਕੈਨੇਡਾ ਸਰਕਾਰਾਂ ਪਿਛਲੇ ਇੱਕ ਸਾਲ ਤੋਂ ਇੱਕ-ਦੂਜੇ ਉੱਪਰ ਤਿੱਖੀਆਂ ਕੂਟਨੀਤਿਕ ਬਿਆਨਬਾਜ਼ੀਆਂ ਕਰਦਿਆਂ ਕੈਨੇਡਾ ਵਸਦੇ ਪ੍ਰਵਾਸੀਆਂ ਤੇ ਕੌਮਾਂਤਰੀ ਵਿਦਿਆਰਥੀਆਂ ਵਿਚਕਾਰ ਬੇਲੋੜਾ ਸਹਿਮ ਪੈਦਾ ਕਰਦਿਆਂ, ਉਹਨਾਂ ਦੀਆਂ ਬੁਨਿਆਦੀ ਲੋੜਾਂ ਤੋਂ ਟਾਲਾ ਵੱਟ ਰਹੀ ਹੈ।
 
ਉਹਨਾਂ ਕਿਹਾ ਕਿ ਭਾਰਤੀ ਰਾਜਸੱਤਾ ਤੇ ਕਾਬਜ ਭਾਜਪਾ ਸਰਕਾਰ ਭਾਰਤੀ ਨੌਜਵਾਨਾਂ-ਵਿਦਿਆਰਥੀਆਂ ਨੂੰ ਚੰਗੀ ਸਿੱਖਿਆ, ਸਥਾਈ ਰੁਜ਼ਗਾਰ ਤੇ ਸੁਰੱਖਿਅਤ ਭਵਿੱਖ ਦੇਣ ਤੋਂ ਨਾਕਾਮ ਰਹੀ ਹੈ। ਉਲਟਾ ਭਾਰਤੀ ਸਰਕਾਰ ਧਾਰਮਿਕ-ਫਿਰਕੂ ਨਫ਼ਰਤ, ਘੱਟ ਗਿਣਤੀਆਂ ਉੱਤੇ ਅੱਤਿਆਚਾਰ, ਕਿਸਾਨਾਂ-ਮਜ਼ਦੂਰਾਂ-ਮੁਲਾਜ਼ਮਾਂ ਵਿਰੋਧੀ ਨੀਤੀਆਂ ਲਿਆਉਣ ਵਿੱਚ ਮਸ਼ਰੂਫ ਰਹੀ ਹੈ। ਜਿੱਥੇ ਭਾਰਤੀ ਹਾਕਮਾਂ ਦੀਆਂ ਗਲਤ ਨੀਤੀਆਂ ਤੋਂ ਤੰਗ ਨੌਜਵਾਨ-ਵਿਦਿਆਰਥੀ ਆਪਣਾ ਵਤਨ ਛੱਡਣ ਲਈ ਮਜਬੂਰ ਹੋਏ ਹਨ, ਉੱਥੇ ਵਿਦੇਸ਼ੀ ਸਰਕਾਰਾਂ ਨੇ ਵੀ ਪ੍ਰਵਾਸੀਆਂ ਤੇ ਕੌਮਾਂਤਰੀ ਵਿਦਿਆਰਥੀਆਂ ਦੀਆਂ ਮਜਬੂਰੀਆਂ ਦਾ ਲਾਹਾ ਲੈਂਦਿਆਂ ਉਹਨਾਂ ਨੂੰ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਸਤੀ ਲੇਬਰ ਦਾ ਸਾਧਨ ਬਣਾਕੇ ਉਹਨਾਂ ਦੀ ਲੁੱਟ ਕੀਤੀ ਹੈ। ਵਿਦੇਸ਼ਾਂ ਅੰਦਰ ਉਹਨਾਂ ਨੂੰ ਪੱਕੀ ਨਾਗਰਿਕਤਾ ਨਾ ਦੇ ਕੇ ਉਹਨਾਂ ਨੂੰ ਬਰਾਬਰ ਦੇ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਰੱਖਿਆ ਹੈ।  
 
ਮਾਇਸੋ ਦੇ ਆਗੂ ਖੁਸ਼ਪਾਲ ਗਰੇਵਾਲ, ਵਰੁਣ ਖੰਨਾ ਤੇ ਮਨਦੀਪ ਨੇ ਕਿਹਾ ਕਿ ਕੈਨੇਡਾ ਵਿੱਚ ਪਿਛਲੇ ਕਈ ਦਿਨਾਂ ਤੋਂ ਨੌਜਵਾਨ-ਵਿਦਿਆਰਥੀ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਹਨ। ਇਹਨਾਂ ਸੰਘਰਸ਼ਸ਼ੀਲ ਨੌਜਵਾਨਾਂ ਦੀਆਂ ਹੱਕੀ ਮੰਗਾਂ ਵੱਲ ਨਾ ਤਾਂ ਭਾਰਤ ਸਰਕਾਰ ਦੇ ਕਿਸੇ ਅਧਿਕਾਰੀ ਨੇ ਕੋਈ ਸਰੋਕਾਰ ਦਿਖਾਇਆ ਤੇ ਨਾ ਹੀ ਕੈਨੇਡਾ ਸਰਕਾਰ ਦੇ ਕਿਸੇ ਅਧਿਕਾਰਤ ਨੁਮਾਇੰਦੇ ਨੇ ਇਹਨਾਂ ਦੀ ਸਾਰ ਲਈ। ਉਲਟਾ ਦੋਵਾਂ ਦੇਸ਼ਾਂ ਦੇ ਹਾਕਮ ਹਰਦੀਪ ਸਿੰਘ ਨਿੱਝਰ ਦੇ ਕਤਲ ਉੱਤੇ ਸਿਆਸਤ ਕਰਕੇ ਸਿਆਸੀ ਲਾਹਾ ਲੈਣ ਵਿੱਚ ਰੁੱਝੇ ਹੋਏ ਹਨ।  ਉਹਨਾਂ ਕਿਹਾ ਕਿ ਇਸ ਸਮੇਂ ਕੈਨੇਡਾ ਵਿੱਚ ਹੋਏ ਕਤਲ ਤੇ ਹਿੰਸਕ ਘਟਨਾਵਾਂ ਨੂੰ ਨਿਆਂਇਕ ਢੰਗ ਨਾਲ ਨਜਿੱਠਣ ਦੀ ਜ਼ਰੂਰਤ ਹੈ ਨਾ ਕਿ ਫੋਕੀਆਂ ਬਿਆਨਬਾਜ਼ੀ ਨਾਲ ਮਹੌਲ ਨੂੰ ਦਹਿਸ਼ਤਯਦਾ ਕਰਨ ਦੀ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਭੜਕਾਊ ਬਿਆਨਬਾਜ਼ੀ ਕਰਕੇ ਸਮਾਜਿਕ ਵੰਡੀਆਂ, ਸਹਿਮ ਤੇ ਨਫ਼ਰਤ ਪੈਦਾ ਨਹੀਂ ਕਰਨੀ ਚਾਹੀਦੀ। ਸਰਕਾਰੀ-ਦਫ਼ਤਰੀ ਕੰਮ-ਕਾਜ ਜੋ ਪਹਿਲਾਂ ਹੀ ਕੱਛੂ ਦੀ ਚਾਲ ਚੱਲ ਰਹੇ ਸਨ ਤੇ ਲੋਕਾਂ ਨੂੰ ਮਹੀਨਿਆਂ ਬੱਧੀ ਕਤਾਰਾਂ ‘ਚ ਉਡੀਕ ਕਰਨੀ ਪੈਂਦੀ ਸੀ, ਹੁਣ ਦੋਵਾਂ ਦੇਸ਼ਾਂ ਵੱਲੋਂ ਵਾਪਸ ਬੁਲਾਏ ਗਏ ਕੂਟਨੀਤਿਕਾਂ ਕਾਰਨ ਲੋਕਾਂ ਨੂੰ ਮੁੜ ਲੰਬੀਆਂ ਲਾਈਨਾਂ ਵਿੱਚ ਲੱਗਕੇ ਆਪਣੇ ਦਫ਼ਤਰੀ ਕੰਮ, ਵੀਜ਼ੇ ਤੇ ਵਤਨਾਂ ਨੂੰ ਫੇਰੀ ਦੇ ਪ੍ਰੋਗਰਾਮ ਬਦਲਣੇ ਪੈਣਗੇ। 
 
ਉਹਨਾਂ ਕਿਹਾ ਕਿ ਇਸ ਸਮੇਂ ਮਹਿੰਗਾਈ, ਬੇਰੁਜਗਾਰੀ, ਟੈਕਸ ਬੋਝ, ਰਿਹਾਇਸ਼ੀ ਘਰਾਂ ਦੀ ਘਾਟ, ਨਸ਼ਾ, ਰਿਹਾਇਸ਼ੀ ਮਕਾਨਾਂ ਦੇ ਵੱਧਦੇ ਕਿਰਾਏ, ਕੱਚਿਆਂ ਨੂੰ ਪੱਕਾ ਦਰਜਾ ਦੇਣਾ, ਜੰਗਾਂ ਵਿੱਚ ਸਹਾਇਤਾ ਦੇਣੀ ਬੰਦ ਕਰਨਾ ਆਦਿ ਕੈਨੇਡਾ ਦੇ ਸਥਾਨਕ ਲੋਕਾਂ, ਪ੍ਰਵਾਸੀਆਂ ਤੇ ਕੌਮਾਂਤਰੀ ਵਿਦਿਆਰਥੀਆਂ ਦੇ ਸਾਂਝੇ ਤੇ ਹਕੀਕੀ ਮੁੱਦੇ ਹਨ, ਪਰੰਤੂ ਚੋਣਾਂ ਨੇੜੇ ਹੋਣ ਕਾਰਨ ਕੈਨੇਡਾ ਸਰਕਾਰ ਲੋਕਾਂ ਦਾ ਧਿਆਨ ਬੁਨਿਆਦੀ ਮੁੱਦਿਆਂ ਤੋਂ ਲਾਂਭੇ ਕਰਨ ਵਿੱਚ ਰੁੱਝੀ ਹੋਈ ਹੈ। ਇਸ ਸਮੇਂ ਮਾਇਸੋ ਵੱਲੋਂ ਬਰੈਂਪਟਨ ਵਿਖੇ ਨੌਜਵਾਨ ਵਿਦਿਆਰਥੀਆਂ ਦੇ ਸੰਘਰਸ਼ ਵਿੱਚ ਸ਼ਾਮਲ ਹੋਕੇ ਉਹਨਾਂ ਦੀਆਂ ਹੱਕੀ ਮੰਗਾਂ ਨਾਲ ਇੱਕਜੁੱਟਤਾ ਦਾ ਇਜ਼ਹਾਰ ਕੀਤਾ ਗਿਆ। ਮਾਇਸੋ ਵੱਲੋਂ ਆਪਣੀ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਮਨਦੀਪ ਨੇ ਕਿਹਾ ਕਿ ਕਰੋਨਾ ਤੇ ਯੂਕਰੇਨ, ਫ਼ਲਸਤੀਨ ਜੰਗ ਤੋਂ ਬਾਅਦ ਕੈਨੇਡਾ ਸਰਕਾਰ ਦੇ ਇਰਾਦੇ ਪ੍ਰਵਾਸੀ-ਵਿਦਿਆਰਥੀਆਂ ਪ੍ਰਤੀ ਸੰਜੀਦਾ ਨਹੀਂ ਰਹੇ ਹਨ। ਉਹਨਾਂ ਕਿਹਾ ਕਿ ਕੈਨੇਡਾ ਸਮੇਤ ‘ਪੰਜ ਅੱਖਾਂ’ (ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ) ਵਾਲੇ ਦੇਸ਼ਾਂ ਵਿੱਚ ਪੈਦਾ ਹੋਏ ਆਰਥਿਕ ਸੰਕਟ ਦਾ ਬੋਝ ਪ੍ਰਵਾਸੀਆਂ ਖਾਸਕਰ ਕੱਚੇ ਕਾਮਿਆਂ ਉੱਤੇ ਲੱਦਕੇ ਸਥਾਨਕ ਵੋਟ ਬੈਂਕ ਨੂੰ ਭਰਮਾਇਆ ਜਾ ਰਿਹਾ ਹੈ। ਦੂਸਰਾ, ਵਿਤਕਰੇਬਾਜ਼ੀ ਵਾਲੀ ਇਮੀਗ੍ਰੇਸ਼ਨ ਨੀਤੀ ਤਹਿਤ ਪੱਛਮੀ ਸਹਿਯੋਗੀ ਮੁਲਕਾਂ ਦੇ ਪ੍ਰਵਾਸੀ ਤੇ ਸ਼ਰਨਾਰਥੀਆਂ ਨੂੰ ਖੁੱਲ੍ਹ ਦੇਕੇ ਫ਼ਲਸਤੀਨੀ ਤੇ ਕੱਚੇ ਏਸ਼ਿਆਈ ਲੋਕਾਂ ਨੂੰ ਕੈਨੇਡਾ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
 
ਉਹਨਾਂ ਕਿਹਾ ਕਿ ਕੱਚੇ ਜਾਂ ਅਸਥਾਈ ਕਾਮਿਆਂ (ਕਾਨੂੰਨੀ/ਗੈਰ ਕਾਨੂੰਨੀ)  ਨੂੰ ਸਥਾਈ ਨਿਵਾਸੀਆਂ ਦਾ ਦਰਜਾ ਨਾ ਦੇਣਾ ਇੱਕ ਗੈਰ ਮਨੁੱਖੀ, ਗੈਰ ਬਰਾਬਰ, ਵਿਤਕਰੇ ਵਾਲਾ ਤੇ ਅਨੈਤਿਕ ਵਰਤਾਰਾ ਹੈ। ਕਿਸੇ ਮਨੁੱਖ ਤੋਂ ਉਸਦੇ ‘ਦਰਜੇ’ (ਸਟੇਟਸ) ਕਰਕੇ ਉਸਦੇ ਬਰਾਬਰ ਦੇ ਮਨੁੱਖੀ ਅਧਿਕਾਰ ਅਤੇ ਸੁਰੱਖਿਆ ਖੋਹਣੀ ਕਿਸੇ ਵੀ ਪੱਖ ਤੋਂ ਵਾਜਬ ਨਹੀਂ ਹੈ। ਇਹਨਾਂ ਅਧਿਕਾਰਾਂ ਨਾਲ ਉਸਦੀ ਸਿਹਤ, ਸਿੱਖਿਆ, ਰੁਜ਼ਗਾਰ, ਰਿਹਾਇਸ਼ ਤੇ ਸਮਾਜਿਕ ਸਨਮਾਨ ਦੀਆਂ ਬੁਨਿਆਦੀ ਜ਼ਰੂਰਤਾਂ ਜੁੜੀਆਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਨਸਲੀ ਤੇ ਵਿਤਕਰੇ ਭਰੀ ਇਮੀਗ੍ਰੇਸ਼ਨ ਦੀ ਬਜਾਇ ਬਰਾਬਰ ਇਮੀਗ੍ਰੇਸ਼ਨ ਹੋਣੀ ਚਾਹੀਦੀ ਹੈ ਬਲਕਿ ਇਸਤੋਂ ਵੀ ਅੱਗੇ ‘ਸਰਹੱਦ ਮੁਕਤ’ (Open Border) ਸੰਸਾਰ ਦਾ ਸੰਕਲਪ ਹੋਣਾ ਚਾਹੀਦਾ ਹੈ ਜੋ ਵਿਸ਼ਵ ਭਾਈਚਾਰੇ ’ਚ ਆਪਸੀ ਸਹਿਣਸ਼ੀਲਤਾ, ਸਾਂਝੀਵਲਤਾ, ਸ਼ਾਂਤੀ ਤੇ ਏਕਤਾ ਦਾ ਅਧਾਰ ਬਣ ਸਕੇ। ਇਸ ਲਈ ਕੈਨੇਡਾ ਵਿੱਚ ਪ੍ਰਵਾਸੀ ਕੱਚੇ ਕਾਮਿਆਂ ਨੂੰ ‘ਸਭ ਲਈ ਦਰਜੇ’ (Status for all) ਦੀ ਮੰਗ ਨੂੰ ਲੈ ਕੇ ਸੰਘਰਸ਼ ਲੜ੍ਹਨਾ ਚਾਹੀਦਾ ਹੈ। ਕੈਨੇਡਾ ਸਰਕਾਰ ਦੀਆਂ ਗੈਰ ਯੋਜਨਾਬੱਧ ਆਰਥਿਕ ਤੇ ਇਮੀਗ੍ਰੇਸ਼ਨ ਨੀਤੀਆਂ ਕਰਕੇ ਦੇਸ਼ ਵਿੱਚ ਵੱਧਦੀ ਮਹਿੰਗਾਈ, ਵੱਧਦੇ ਰਿਹਾਇਸ਼ੀ ਕਿਰਾਏ, ਟੈਕਸਾਂ ਵਿੱਚ ਹੁੰਦਾ ਵਾਧਾ, ਨੌਕਰੀਆਂ ਦੇ ਘੱਟ ਰਹੇ ਮੌਕੇ ਆਦਿ ਵੱਡੀਆਂ ਸਮਾਜਿਕ ਸਮੱਸਿਆਵਾਂ ਖੜੀਆਂ ਹੋ ਰਹੀਆਂ ਹਨ। ਇਹਨਾਂ ਸਮੱਸਿਆਵਾਂ ਦਾ ਹੱਲ ਲਈ ਵੱਡੀ ਸਮਾਜਿਕ ਚੇਤਨਾ, ਏਕਤਾ ਅਤੇ ਸੰਘਰਸ਼ ਦੀ ਜਰੂਰਤ ਹੈ। ਮਾਈਸੋ ਕੈਨੇਡਾ ਅੰਦਰ ਵਿਦੇਸ਼ਾਂ ਵਿੱਚੋਂ ਪੜ੍ਹਨ ਅਤੇ ਰੁਜ਼ਗਾਰ ਪ੍ਰਾਪਤੀ ਦੀ ਆਸ ਉਮੀਦ ਲੈ ਕੇ ਆਏ ਵਿਦਿਆਰਥੀਆਂ ਅਤੇ ਹੋਰ ਲੋਕਾਂ ਦੀ ਮਦਦ ਦਾ ਯਤਨ ਕਰਦੀ ਰਹੇਗੀ।

Have something to say? Post your comment

google.com, pub-6021921192250288, DIRECT, f08c47fec0942fa0

Diaspora

ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਹਰੇਕ ਮਹੀਨੇ ਦੇ ਪਹਿਲੇ ਹਫਤੇ ਹੋਇਆ ਕਰੇਗੀ ‘ਆਨਲਾਈਨ ਐਨ.ਆਰ.ਆਈ. ਮਿਲਣੀ’: ਕੁਲਦੀਪ ਸਿੰਘ ਧਾਲੀਵਾਲ

ਯੂ.ਕੇ. ਸੰਸਦ 'ਚ ਇਤਿਹਾਸ ਰਚਿਆ - ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ

ਆਸਟ੍ਰੇਲੀਆ ਤੋਂ ਆਏ ਸ਼ਰਧਾਲੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਵਾਲੀ ਬੱਸ ਸ਼੍ਰੋਮਣੀ ਕਮੇਟੀ ਨੂੰ ਭੇਟ ਕੀਤੀ

ਫਿਰਕੂ ਝਗੜਿਆਂ ਖ਼ਿਲਾਫ਼ ਭਾਈਚਾਰਕ ਸਦਭਾਵਨਾ ਤੇ ਏਕਤਾ ਬਣਾਈ ਰੱਖਣ ਦੀ ਲੋੜ : ਮਾਇਸੋ

ਯੂ.ਕੇ., ਅਮਰੀਕਾ, ਕੈਨੇਡਾ ਤੋਂ ਸਿੱਖ ਸ਼ਰਧਾਲੂਆਂ ਲਈ ਪਾਕਿਸਤਾਨ ਦੇ ਮੁਫਤ ਵੀਜ਼ੇ ਦਾ ਸੁਆਗਤ , ਵਾਹਗਾ ਰਾਹੀਂ ਵਪਾਰ ਕਰਨ ਦੀ ਵੀ ਮੰਗ -ਸਤਨਾਮ ਸਿੰਘ ਚਾਹਲ

ਲੇਡੀ ਸਿੰਘ ਕੰਵਲਜੀਤ ਕੌਰ ਮੁੜ੍ਹ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਕੌਮਾਂਤਰੀ ਵਿਦਿਆਰਥੀਆਂ ਤੇ ਪ੍ਰਵਾਸੀਆਂ ਲਈ ਚੁਣੌਤੀਆਂ ਅਤੇ ਸੰਘਰਸ਼ ਦਾ ਰਾਹ' ਵਿਸ਼ੇ ‘ਤੇ  ਸੈਮੀਨਾਰ ਕਰਵਾਉਣ ਦਾ ਫੈਸਲਾ 

ਗਲੋਬਲ ਸਿੱਖ ਕੌਂਸਲ ਵੱਲੋਂ ਇਤਿਹਾਸਕ ਤਖ਼ਤਾਂ ਦੇ ਪ੍ਰਬੰਧ ‘ਚ ਸਰਕਾਰੀ ਦਖ਼ਲਅੰਦਾਜ਼ੀ ਖਤਮ ਕਰਨ ਦੀ ਮੰਗ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਬਰਤਾਨੀਆ ਦੀਆਂ ਪਾਰਲੀਮੈਂਟ ਚੋਣਾਂ ਵਿਚ ਪਹਿਲੀ ਵਾਰ 4 ਦਸਤਾਰਧਾਰੀ ਸਿੱਖਾਂ ਅਤੇ ਸਿੱਖ ਪਰਿਵਾਰਾਂ ਨਾਲ ਸਬੰਧਿਤ 5 ਬੀਬੀਆਂ ਦੇ ਮੈਂਬਰ ਪਾਰਲੀਮੈਂਟ ਬਣਨ ਵਧਾਈ ਦਿੱਤੀ

ਖਾਲਸਾ ਪੰਥ ਤੇ ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਦਾ ਮਜਬੂਰ ਹੋਣਾ ਬੇਹੱਦ ਜਰੂਰੀ ---'ਕਰਨੈਲ ਸਿੰਘ ਪੀਰਮੁਹੰਮਦ