ਰੰਗਮੰਚ ਦੀ ਜੀਵੰਤ ਕਲਾ ਸਮਰਪਣ ਦੀ ਮੰਗ ਕਰਦੀ ਹੈ-ਪਾਲੀ ਭੂਪਿੰਦਰ ਸਿੰਘ
ਮੋਹਾਲੀ : ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਸੁਚੇਤਕ ਸਕੂਲ ਆਫ਼ ਐਕਟਿੰਗ, ਸੈਕਟਰ 70 ਵਿੱਚ ਵਿਸ਼ਵ ਰੰਗਮੰਚ ਦਿਵਸ ਮਨਾਇਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਾਲੀ ਭੂਪਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਬੋਲਦਿਆਂ ਹੋਇਆਂ ਕਿਹਾ ਕਿ ਰੰਗਮੰਚ ਜੀਵੰਤ ਕਲਾ ਹੈ, ਜਿਸਨੇ ਹਰ ਔਖੇ-ਭਾਰੇ ਸੰਕਟ ਦੇ ਬਾਵਜੂਦ ਜ਼ਿੰਦਾ ਰਹਿਣਾ ਹੈ। ਉਨ੍ਹਾਂ ਕਿਹਾ ਕਿ ਰੰਗਮੰਚ ਸਮਰਪਣ ਦੀ ਮੰਗ ਕਰਦਾ ਹੈ ਅਤੇ ਸਮਰਪਿਤ ਲੋਕਾਂ ਲਈ ਵੀ ਸ਼ੌਕ ਹੀ ਹੈ। ਇਹ ਸਚਾਈ ਹੀ ਤੁਹਾਨੂੰ ਉਮਰ ਭਰ ਟਿਕੇ ਰਹਿਣ ਲਈ ਤਿਆਰ ਕਰ ਸਕਦੀ ਹੈ।
ਵਿਸ਼ਵ ਰੰਗਮੰਚ ਦਿਵਸ ਦੇ ਕੌਮਾਂਤਰੀ ਪਧਰ ’ਤੇ ਜਾਰੀ ਸੰਦੇਸ਼ ਦਾ ਪੰਜਾਬੀ ਅਨੁਵਾਦ ਪੇਸ਼ ਕਰਦਿਆਂ ਸ਼ਬਦੀਸ਼ ਨੇ ਕਿਹਾ ਕਿ ਸਾਡੇ ਕੋਲ ਮਨੋਰੰਜਨ ਦੇ ਕਿੰਨੇ ਵੀ ਵਿਕਲਪ ਹੋਣ, ਥੀਏਟਰ ਇੱਕ ਅਨੋਖਾ ਅਨੁਭਵ ਹੈ, ਕਿਉਂਕਿ ਇੱਕੋ ਵੇਲ਼ੇ ਕਈ ਕਲਾਵਾਂ ਦੇ ਸੁਮੇਲ ਹੁੰਦਾ ਹੈ ਅਤੇ ਇਹ ਸਮਾਜ ਦੇ ਹਰ ਵਰਗ ਦੇ ਦਰਸ਼ਕ ਨੂੰ ਇੱਕੋ ਵੇਲ਼ੇ ਮੁਖ਼ਾਤਿਬ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ 27 ਮਾਰਚ 1962 ਤੋਂ ਹਰ ਸਾਲ ਰੰਗਮੰਚ ਨਾਲ ਜੁੜੀ ਕੋਈ ਨਾ ਕੋਈ ਅਹਿਮ ਹਸਤੀ ਸੰਦੇਸ਼ ਜਾਰੀ ਕਰਦੀ ਹੈ, ਜੋ ਵਰਤਮਾਨ ਦੀਆਂ ਚੁਨੌਤੀਆਂ ਨੂੰ ਮੁਖ਼ਾਤਿਬ ਹੋ ਕੇ ਉਤਸ਼ਾਹ ਨਾਲ ਚੈਲਿੰਜ ਕਬੂਲ ਕਰਨ ਦਾ ਸੱਦਾ ਦਿੰਦੀ ਹੈ। ਇਸ ਵਾਰ ਦਾ ਸੰਦੇਸ਼ ਆਤਮਾ ਦਾ ਘਾਣ ਕਰਦੇ ਨਿਜ਼ਾਮ ਦੀਆਂ ਅੰਦਰਲੀਆਂ ਸਚਾਈਆਂ ਜ਼ਾਹਰ ਕਰਨ ਦਾ ਸੱਦਾ ਦਿੰਦਾ ਹੈ, ਜਿਸ ਵਿੱਚ ਕਿਸੇ ਦੂਸਰੇ ਤੋਂ ਖ਼ਤਰੇ ਦੀ ਮਿੱਥ ਤਿਆਰ ਕਰਕੇ ਆਪਣੇ ਲੋਕਾਂ ਨੂੰ ਖ਼ੂਨ ਦੇ ਪਿਆਸੇ ਬਣਾਉਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਹੈ।
ਇਸ ਮੌਕੇ ’ਤੇ ਸੁਚੇਤਕ ਰੰਗਮੰਚ ਦੇ ਕਲਾਕਾਰ ਰਵਨੀਤ ਕੌਰ, ਗੁਰਜੀਤ ਕੌਰ, ਅਰਮਾਨ ਸੰਧੂ, ਅਵਨੂਰ, ਸੋਨੀਆ ਤੇ ਅਨੁਹਾਰ ਨੇ ਆਪਣੇ ਅਨੁਭਵ ਸਾਂਝੇ ਕੀਤੇ, ਜਿਨ੍ਹਾਂ ਨੇ ਇਸ ਮੰਚ ’ਤੇ ਕਲਾ ਦੇ ਗੁਰ ਸਿੱਖਦਿਆਂ ਜੀਵਨ-ਜਾਚ ਦਾ ਇਲਮ ਵੀ ਹਾਸਲ ਕੀਤਾ ਹੈ। ਇਸਨੇ ਹੀ ਸਿਖਾਇਆ ਹੈ ਕਿ ਜੀਵਨ ਵਾਂਗ ਕਲਾ-ਜਗਤ ਦਾ ਵੀ ਕੋਈ ਸ਼ਾਰਟ ਕੱਟ ਨਹੀਂ ਹੁੰਦਾ।
ਅਨੀਤਾ ਸ਼ਬਦੀਸ਼ ਨੇ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਜੋ ਵੀ ਹਾਂ, ਮੈਨੂੰ ਰੰਗਮੰਚ ਨੇ ਬਣਾਇਆ ਹੈ। ਇਸਨੇ ਹੀ ਫ਼ਿਲਮ ਜਗਤ ਵਿੱਚ ਦਾਖਲੇ ਦਾ ਰਾਹ ਦਿੱਤਾ ਹੈ ਅਤੇ ਕਈ ਵਾਰ ਨਾਟਕ ਦੀ ਲੋੜ ਨੇ ਫ਼ਿਲਮ ਤੋਂ ਮਿਲਣ ਵਾਲ਼ੇ ਫਾਇਦੇ ਤੋਂ ਵੰਚਿਤ ਵੀ ਕੀਤਾ ਹੈ। ਫ਼ਿਰ ਵੀ ਕਹਾਂਗੀ; ਜੜ੍ਹਾਂ ਬਿਨਾ ਬਿਰਖ ਦੀ ਹੋਂਦ ਨਹੀਂ ਬਚਾਈ ਜਾ ਸਕਦੀ।