ਗੁਰਦਾਸਪੁਰ: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਨੂੰ ਮਾਲਵਾ, ਦੁਆਬਾ ਤੋਂ ਬਾਅਦ ਮਾਝੇ ਵਿੱਚ ਵੀ ਬੇਹੱਦ ਵੱਡਾ ਹੁੰਗਾਰਾ ਮਿਲਿਆ। ਅੱਜ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਦੀ ਅਗਵਾਈ ਹੇਠ ਮਾਝੇ ਦੇ ਜ਼ਿਲਾ ਗੁਰਦਸਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਆਗਾਜ਼ ਹੋਇਆ। ਠਾਠਾਂ ਮਾਰਦੇ ਇਕੱਠ ਨੇ ਮੋਹਰ ਲਗਾਈ ਕਿ ਜਿਸ ਤਰਾਂ ਮਲੇਰਕੋਟਲਾ, ਜਲੰਧਰ, ਸੰਗਰੂਰ, ਪਟਿਆਲਾ, ਸਮਰਾਲਾ ਦੀ ਧਰਤੀ ਤੇ ਹੋਏ ਵੱਡੇ ਇਕੱਠ ਤੋਂ ਬਾਅਦ ਮਾਝਾ ਵੀ ਪਹਿਰਾ ਦੇ ਗਿਆ।
ਪੰਡਾਲ ਵਿੱਚ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸਰਦਾਰ ਇਯਾਲੀ ਨੇ ਪੰਜਾਬ ਨਾਲ ਜੁੜਿਆਂ ਮੁੱਦਿਆਂ ਨੂੰ ਵਿਸਾਰੇ ਜਾਣ ਦਾ ਸਭ ਤੋਂ ਵੱਡਾ ਕਾਰਨ ਸੂਬੇ ਦੀ ਨੁਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਤੌਰ ਤੇ ਕਮਜੋਰ ਪੈਣਾ ਹੈ।
ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਪੰਜਾਬ ਨੂੰ ਸਿਆਸੀ ਤਜੁਰਬੇ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ। ਪੰਜਾਬ ਨੂੰ ਹਰ ਖੇਤਰ ਤੋਂ ਲੁੱਟਿਆ ਜਾ ਰਿਹਾ ਹੈ। ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਤੇ ਤਿੱਖਾ ਹਮਲਾ ਬੋਲਦਿਆਂ ਸਰਦਾਰ ਇਯਾਲੀ ਨੇ ਕਿਹਾ ਕਿ ਦਿੱਲੀ ਦੇ ਹਾਕਮਾਂ ਨੇ ਹਮੇਸ਼ਾ ਪੰਜਾਬ ਨਾਲ ਧ੍ਰੋਹ ਕਮਾਇਆ, ਸਾਨੂੰ ਚਰਾਸੀ ਦੇ ਜਖਮ ਦਿੱਤੇ ਜਿਨ੍ਹਾਂ ਦਾ ਦਰਦ ਅੱਜ ਵੀ ਅਸੀਂ ਭੋਗ ਰਹੇ ਹਾਂ। ਸਾਡੇ ਪਾਣੀਆਂ ਤੇ ਡਾਕਾ ਮਾਰਿਆ ਗਿਆ, ਸਾਡੀ ਰਾਜਧਾਨੀ ਖੋਹੀ ਗਈ, ਆਪਣੇ ਹੱਕਾਂ ਲਈ ਲੜਨ ਵਾਲੇ ਸਾਡੇ ਯੋਧਿਆਂ ਬੰਦੀ ਸਿੰਘਾਂ ਦੀ ਰਿਹਾਈ ਕਰਨ ਤੋਂ ਮੁਨਕਰ ਹੋਏ।
ਸਰਦਾਰ ਇਯਾਲੀ ਨੇ NRI ਭਰਾਵਾਂ ਬਾਰੇ ਬੋਲਦਿਆਂ ਕਿਹਾ ਕਿ, ਪੰਜਾਬੀਆਂ ਨੇ ਹਰ ਖੇਤਰ ਵਿੱਚ ਬਹੁਤ ਯੋਗਦਾਨ ਪਾਇਆ, ਦੁਨੀਆਂ ਭਰ ਦੇ ਹਰ ਕੋਨੇ ਵਿੱਚ ਪੰਜਾਬੀਆਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਅੱਜ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਸਾਡੇ NRI ਭਰਾਵਾਂ ਨਾਲ ਵੱਡੀ ਲੁੱਟ ਕਰ ਰਹੇ ਹਨ। ਅਫ਼ਗਾਨੀ, ਅਬਦਾਲੀ, ਅਗਰੇਜ਼ਾਂ ਤੋਂ ਬਾਅਦ ਸਿਆਸੀ ਧਾੜਵੀ ਪੰਜਾਬ ਨੂੰ ਲੁੱਟ ਰਹੇ ਹਨ। ਸਰਦਾਰ ਇਯਾਲੀ ਨੇ ਕਿਹਾ ਕੌਮ ਦੀਆਂ ਸਿਰਮੌਰ ਸੰਸਥਾਵਾਂ ਨੂੰ ਅੱਜ ਢਾਅ ਲਗਾਈ ਜਾ ਰਹੀ ਹੈ। ਸਰਦਾਰ ਇਯਾਲੀ ਨੇ ਅਗਾਮੀ ਐਸਜੀਪੀਸੀ ਚੋਣਾਂ ਵੇਲੇ ਗੁਰੂ ਨੂੰ ਸਮਰਪਿਤ ਸੇਵਾਦਾਰਾਂ ਨੂੰ ਚੁਣਨ ਦਾ ਹੋਕਾ ਦਿੰਦੇ ਅਪੀਲ ਕੀਤੀ ਕਿ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸੇਵਾਦਾਰਾਂ ਦੀ ਚੋਣ ਹੀ ਪੰਥ ਅਤੇ ਕੌਮ ਨੂੰ ਮਜ਼ਬੂਤ ਕਰ ਸਕਦੀ ਹੈ ।
ਸਰਦਾਰ ਇਯਾਲੀ ਨੇ ਝੂੰਦਾ ਕਮੇਟੀ ਤੇ ਵਿਸਥਾਰ ਨਾਲ ਬੋਲਦਿਆਂ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਵਰਕਰਾਂ ਤੱਕ ਗਏ, ਵਰਕਰਾਂ ਨੇ ਬੜਾ ਸਪਸ਼ਟ ਸੁਨੇਹਾ ਲੀਡਰਸ਼ਿਪ ਨੂੰ ਬਦਲਣ ਦਾ ਦਿੱਤਾ, ਪਰ ਸਾਡੀ ਲੀਡਰਸ਼ਿਪ ਨੇ ਤਿਆਗ ਦੀ ਭਾਵਨਾ ਨਹੀਂ ਦਿਖਾਈ ਅਤੇ ਅਸੀ ਬੁਰੇ ਤਰੀਏ ਲੋਕ ਸਭਾ ਚੋਣਾਂ ਹਾਰੇ। ਸਰਦਾਰ ਇਯਾਲੀ ਨੇ ਕਿਹਾ ਕਿ ਅੱਜ ਪਾਰਟੀ ਅੰਦਰ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਬਹਾਲ ਕਰਨ ਦੀ ਲੋੜ ਹੈ, ਤਾਂ ਜੋ ਸਿਆਸੀ ਤਾਕਤ ਅਤੇ ਫੈਸਲੇ ਲੈਣ ਦੀ ਤਾਕਤ ਇੱਕ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਾ ਰਹੇ। ਇਸ ਲਈ ਆਉਣ ਵਾਲੇ ਸਮੇਂ ਅੰਦਰ ਪਾਰਟੀ ਦੇ ਸੰਵਿਧਾਨ ਵਿੱਚ ਜਰੂਰੀ ਵੱਡੀਆਂ ਸੋਧਾਂ ਕੀਤੀਆਂ ਜਾਣਗੀਆਂ।
ਸਰਦਾਰ ਵਡਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, ਓਹ ਪਰਿਵਾਰ ਵਾਪਸੀ ਕਰ ਰਹੇ ਹਨ, ਜਿਹੜੇ ਪਿਛਲੇ ਸਮਿਆਂ ਵਿੱਚ ਲੀਡਰਸ਼ਿਪ ਦੀ ਗਲਤੀਆਂ ਕਰਕੇ ਪਾਰਟੀ ਤੋਂ ਦੂਰ ਚਲੇ ਗਏ ਸਨ। ਸਰਦਾਰ ਵਡਾਲਾ ਨੇ ਕਿਹਾ ਕਿ, ਅੱਜ ਹਮਲਾ ਸਾਡੇ ਸਿਧਾਤਾਂ ਉਪਰ ਹੋ ਰਿਹਾ ਹੈ।ਸਰਦਾਰ ਵਡਾਲਾ ਨੇ ਕਿਹਾ ਕਿ ਅੱਜ ਸਿਆਸੀ ਅਗਵਾਈ ਦਾ ਨੈਤਿਕ ਅਧਾਰ ਗੁਆ ਚੁੱਕੀ ਲੀਡਰਸ਼ਿਪ ਬੋਗਸ ਭਰਤੀ ਰਾਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਹੋਏ ਲੋਕ ਭਰਤੀ ਕਮੇਟੀ ਨੂੰ ਮਿਲ ਰਹੇ ਸਹਿਯੋਗ ਤੋਂ ਇਹਨੇ ਘਬਰਾਏ ਹੋਏ ਹਨ, ਕਿ ਰੁਕਾਵਟਾਂ ਪਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਜੱਥੇਦਾਰ ਉਮੈਦਪੁਰ ਨੇ ਸਖ਼ਤ ਲਹਿਜੇ ਵਿੱਚ ਬੋਲਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੀ ਹੋਈ ਲੀਡਰਸ਼ਿਪ ਆਪਣੀ ਬੋਗਸ ਭਰਤੀ ਜ਼ਰੀਏ ਬੋਗਸ ਪ੍ਰਧਾਨ ਚੁਣ ਰਹੀ ਹੈ। ਇਹ ਓਹ ਲੀਡਰਸ਼ਿਪ ਹੈ ਜਿਸ ਨੇ ਸਭ ਕੁਝ ਝੋਲੀ ਪਵਾਕੇ ਮੁਕਰਨ ਦਾ ਗੁਨਾਹ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਿੱਠ ਦਿਖਾਈ। ਆਪਣੀ ਨਲਾਇਕੀ ਨੂੰ ਛੁਪਾਉਣ ਲਈ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਦਬਾ ਕੇ ਰੱਖਿਆ। ਸਰਦਾਰ ਉਮੈਦਪੁਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਨਾ ਸਿਰਫ ਝੂੰਦਾਂ ਕਮੇਟੀ ਦੀ ਰਿਪੋਰਟ ਨੂੰ ਜਨਤਕ ਕੀਤਾ ਜਾਵੇਗਾ ਸਗੋ ਵਰਕਰਾਂ ਦੀ ਭਾਵਨਾ ਤਹਿਤ ਪਾਰਟੀ ਅੰਦਰ ਲੋਕਤੰਤਰਿਕ ਸਿਸਟਮ ਨੂੰ ਬਹਾਲ ਕੀਤਾ ਜਾਵੇਗਾ। ਵਿਅਕਤੀ ਵਿਸ਼ੇਸ਼ ਦੇ ਕਬਜੇ ਦੇ ਹੇਠ ਤੋਂ ਪਾਰਟੀ ਨੂੰ ਆਜ਼ਾਦ ਕਰਵਾਇਆ ਜਾਵੇਗਾ। ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਬਰਾਬਰ ਰੱਖਣ ਲਈ ਵਿਧੀ ਵਿਧਾਨ ਕਾਇਮ ਕੀਤਾ ਜਾਵੇਗਾ।
ਇਸ ਵੱਡੇ ਇਕੱਠ ਨੂੰ ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਸੰਬੋਧਨ ਵਿੱਚ ਸਰਕਾਰ ਦੌਰਾਨ ਹੋਈਆਂ ਗਲਤੀਆਂ ਲਈ ਜ਼ਿੰਮੇਵਾਰ ਲੋਕਾਂ ਤੇ ਹਮਲਾ ਕੀਤਾ, ਉਥੇ ਹੀ ਅੱਜ ਸਮੁੱਚੇ ਵਰਕਰਾਂ ਨੂੰ ਇੱਕ ਪਲੇਟਫਾਰਮ ਤੇ ਆਉਣ ਦਾ ਖੁੱਲਾ ਸੱਦਾ ਵੀ ਦਿੱਤਾ।
ਬੀਬੀ ਜਗੀਰ ਨੇ ਪੰਥਕ ਮਸਲਿਆਂ ਤੇ ਬੋਲਦਿਆਂ ਕਿਹਾ ਕਿ ਅੱਜ ਸੁਖਬੀਰ ਸਿੰਘ ਬਾਦਲ ਦੀ ਸ਼ਹਿ ਉਪਰ ਸਾਡੀਆਂ ਸੰਸਥਾਵਾਂ ਤੇ ਹਮਲਾ ਕੀਤਾ ਜਾ ਰਿਹਾ ਹੈ। ਸਾਡੀਆਂ ਭੁਜਾਵਾਂ ਨੂੰ ਤੋੜਿਆ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਹੋਏ ਲੋਕ ਜ਼ਿਦ ਹੱਠ ਨਾਲ ਚੁਣੌਤੀ ਦੇ ਰਹੇ ਹਨ।
ਸਰਦਾਰ ਰਵੀਇੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਪੰਥਕ ਗੁਨਾਹਾਂ ਅਤੇ ਵੋਟਾਂ ਲਈ ਕੀਤੇ ਜਾਂਦੇ ਸਮਝੌਤਿਆਂ ਤੇ ਬੋਲਦਿਆਂ ਕਿਹਾ, ਸ਼੍ਰੋਮਣੀ ਅਕਾਲੀ ਦਲ ਅੰਦਰ ਪੰਥਕ ਸੋਚ ਖਤਮ ਹੋ ਚੁੱਕੀ ਹੈ। ਅੱਜ ਪਾਰਟੀ ਨੂੰ ਕੁਝ ਲੋਕਾਂ ਵਲੋ ਆਪਣੇ ਮੁਫ਼ਾਦ ਲਈ ਚਲਾਇਆ ਜਾ ਰਿਹਾ ਹੈ। ਪਾਰਟੀ ਅੰਦਰ ਸਿਆਸੀ ਨੈਕਸਿਸ ਨੇ ਸਾਰੀਆਂ ਹੱਦਾਂ ਨੂੰ ਪਾਰ ਕੀਤਾ। ਸਰਦਾਰ ਰਵੀਇੰਦਰ ਸਿੰਘ ਨੇ ਵਰਕਰਾਂ ਨੂੰ ਅਵਾਜ ਦਿੱਤੀ ਕਿ ਅੱਜ ਲੋੜ ਹੈ ਪਾਰਟੀ ਅੰਦਰ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਬਹਾਲੀ ਹੋਵੇ ਅਤੇ ਸਿਆਸੀ ਨੈਕਸਿਸ ਤੋਂ ਪਾਰਟੀ ਨੂੰ ਆਜ਼ਾਦ ਕਰਵਾਇਆ ਜਾਵੇ।
ਆਪਣੇ ਧੰਨਵਾਦੀ ਭਾਸ਼ਣ ਵਿੱਚ ਬੋਲਦਿਆਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅੱਜ ਅਕਾਲੀ ਸੋਚ ਤੇ ਪਹਿਰਾ ਦੇਣ ਵਾਲੀ ਲੀਡਰਸ਼ਿਪ ਨੇ ਆਪਣੀ ਸੋਚ ਦੀ ਤਿਲਾਂਜਲੀ ਦੇ ਦਿੱਤੀ ਹੈ। ਅੱਜ ਵਿਅਕਤੀ ਵਿਸ਼ੇਸ਼ ਦੀ ਸਿਆਸਤ ਨੂੰ ਬਚਾਉਣ ਦੀ ਲੜਾਈ ਲੜੀ ਜਾ ਰਹੀ ਹੈ। ਇੱਕ ਵਿਅਕਤੀ ਵਿਸ਼ੇਸ਼ ਅਤੇ ਪਰਿਵਾਰਵਾਦ ਦੀ ਸਿਆਸਤ ਨੂੰ ਬਚਾਉਣ ਅਤੇ ਪਾਰਟੀ ਉਪਰ ਥੋਪਣ ਲਈ ਕੌਮ ਅਤੇ ਪੰਥ ਦੀਆਂ ਸੰਸਥਾਵਾਂ ਨੂੰ ਖੋਰਾ ਲਗਾਇਆ ਜਾ ਰਿਹਾ ਹੈ। ਸਰਦਾਰ ਛੋਟੇਪੁਰ ਨੇ ਅੱਜ ਦੇ ਇਕੱਠ ਲਈ ਹਾਜ਼ਰ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਸਰਦਾਰ ਛੋਟੇਪੁਰ ਨੇ ਆਪਣੇ ਧੰਨਵਾਦ ਵਿੱਚ ਕਿਹਾ ਕਿ ਜਿਸ ਤਰਾਂ ਮਾਲਵਾ ਅਤੇ ਦੁਆਬੇ ਨੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਕਾਰਜ ਨੂੰ ਹੁੰਗਾਰਾ ਦਿੱਤਾ, ਉਸ ਹੁੰਗਾਰੇ ਨੂੰ ਮਾਝੇ ਦੀ ਧਰਤੀ ਤੇ ਜੈਕਾਰਿਆਂ ਦੀ ਗੂੰਜ਼ ਵਿੱਚ ਨਿਵਾਜਣਾ, ਇਸ ਗੱਲ ਤੇ ਮੋਹਰ ਲਗਾਉਣਾ ਹੈ ਕਿ ਅੱਜ ਪੂਰਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਉੱਠ ਖੜਾ ਹੋਇਆ ਹੈ। ਇਸ ਸਮੇਂ ਅਮਰੀਕ ਸਿੰਘ ਮੈਂਬਰ ਐਸਜੀਪੀਸੀ ਅਤੇ ਅਮਰੀਕ ਸਿੰਘ ਖਲੀਲਪੁੱਰ ਆਦਿ ਵੱਡੀ ਗਿਣਤੀ ਚ ਲੀਡਰਸਿੱਪ ਹਾਜ਼ਰ ਸੀੱ।