ਟੋਰਾਂਟੋ, ਕੈਨੇਡਾ, : ਅੱਜ ‘ਅੰਤਰਰਾਸ਼ਟਰੀ ਨੌਜਵਾਨ-ਵਿਦਿਆਰਥੀ ਆਰਗੇਨਾਈਜੇਸ਼ਨ’ ਅਤੇ ‘ਮੌਂਟਰੀਅਲ ਯੂਥ-ਸਟੂਡੈਂਟ ਆਰਗੇਨਾਈਜੇਸ਼ਨ’ ਦੇ ਵਿਦਿਆਰਥੀਆਂ ਨੇ ‘ਇਮੀਗ੍ਰੇਸ਼ਨ ਅਤੇ ਰਫਿਊਜੀ ਕੈਨੇਡਾ’ (ਆਈਆਰਸੀਸੀ) ਦੇ ਦਫਤਰ ਸਾਹਮਣੇ ਦੇਸ਼-ਨਿਕਾਲੇ ਦੇ ਫੈਸਲੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਆਗੂਆਂ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਸੈਂਕੜੇ ਵਿਦਿਆਰਥੀ ਕੈਨੇਡਾ ’ਚ ਵਿਦਿਆਰਥੀ ਵੀਜੇ ਤੇ ਪੜ੍ਹਨ ਆਏ ਸਨ। ਇਹਨਾਂ ਵਿਦਿਆਰਥੀਆਂ ਨੇ ਵੱਖ-ਵੱਖ ਏਜੰਟਾਂ ਤੋਂ ਸਟੱਡੀ ਵੀਜੇ ਅਪਲਾਈ ਕਰਵਾਏ ਸਨ। ਬਹੁਗਿਣਤੀ ਵਿਦਿਆਰਥੀ ਪੰਜਾਬ ਤੋਂ ਹਨ ਅਤੇ ਇਸਤੋਂ ਬਿਨਾਂ ਉਤਰਾਖੰਡ ਸਮੇਤ ਕੁਝ ਹੋਰ ਸੂਬਿਆਂ ਦੇ ਵਿਦਿਆਰਥੀ ਵੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਜਿਆਦਾਤਰ ਵਿਦਿਆਰਥੀ ਜਲੰਧਰ ਦੇ ਇੱਕ ਬ੍ਰਿਜੇਸ਼ ਮਿਸ਼ਰਾ ਨਾਮ ਦੇ ਇਮੀਗ੍ਰੇਸ਼ਨ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ। ਇਸ ਏਜੰਟ ਨੇ ਪੈਸੇ ਦੇ ਲਾਲਚ ’ਚ ਵਿਦਿਆਰਥੀਆਂ ਨੂੰ ਹਨੇਰੇ ’ਚ ਰੱਖਦਿਆਂ ਆਪਣੇ ਕੋਲੋਂ ਜਾਅਲੀ ਦਸਤਾਵੇਜ਼ ਲਗਾਕੇ ਵਿਦਿਆਰਥੀਆਂ ਦਾ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ। ਸਟੱਡੀ ਵੀਜ਼ਾ ਮਿਲਣ ਤੇ ਵਿਦਿਆਰਥੀ ਬਿਨਾਂ ਰੋਕਟੋਕ ਦੇ ਕੈਨੇਡਾ ਪਹੁੰਚੇ ਅਤੇ ਉਹਨਾਂ ਨੇ ਵੱਖ-ਵੱਖ ਕਾਲਜਾਂ ਵਿੱਚ ਮਿਹਨਤ ਨਾਲ ਆਪਣੀ ਪੜ੍ਹਾਈ ਪੂਰੀ ਕੀਤੀ। ਆਪਣੇ ਵਤਨੋਂ ਦੂਰ ਪੜਾਈ ਦੇ ਨਾਲ-ਨਾਲ ਵਿਦਿਆਥੀਆਂ ਨੇ ਆਪਣੇ ਰਿਹਾਇਸ਼ੀ ਕਿਰਾਏ, ਮਹਿੰਗੀਆਂ ਫੀਸਾਂ, ਗਰੌਸਰੀ ਤੇ ਹੋਰ ਲੋੜੀਂਦੇ ਖਰਚਿਆਂ ਲਈ ਦਿਨ-ਰਾਤ ਸਖਤ ਮਿਹਨਤ ਵਾਲੀਆਂ ਨੌਕਰੀਆਂ ਕੀਤੀਆਂ ਪਰ ਜਦੋਂ ਵਿਦਿਆਰਥੀਆਂ ਨੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਪੀ. ਆਰ. ਲਈ ਅਪਲਾਈ ਕੀਤਾ ਤਾਂ ਕਈ ਵਿਦਿਆਰਥੀਆਂ ਨੂੰ ‘ਕੈਨੇਡਾ ਬਾਰਡਰ ਸਰਵਿਸ ਏਜੰਸੀ’ ਵੱਲੋਂ ਜਾਅਲੀ ਦਾਖਲਾ ਪੱਤਰ ਲਗਾਕੇ ਕੈਨੇਡਾ ਵਿੱਚ ਦਾਖਲ ਹੋਣ ਦੇ ਦੋਸ਼ ਹੇਠ ਦੇਸ਼-ਨਿਕਾਲੇ ਦੇ ਪੱਤਰ ਭੇਜੇ ਗਏ। ਉਹਨਾਂ ਦੱਸਿਆ ਕਿ ਕਈ ਸਾਲ ਪੜਾਈ ਪੂਰੀ ਕਰਨ ਤੋਂ ਬਾਅਦ ਅਚਨਚੇਤ ਵਿਦਿਆਰਥੀਆਂ ਨੂੰ ਮਿਲੇ ਇਹਨਾਂ ਪੱਤਰਾਂ ਨੇ ਵਿਦਿਆਰਥੀਆਂ ਦੇ ਸੁਪਨਿਆਂ ਅਤੇ ਮਿਹਨਤ ਉੱਤੇ ਪਾਣੀ ਫੇਰਨ ਦਾ ਕੰਮ ਕੀਤਾ ਅਤੇ ਉਹਨਾਂ ਨੂੰ ਮਾਨਸਿਕ ਪ੍ਰੇਸ਼ਾਨੀ ਵੱਲ ਧੱਕਿਆ।
ਆਗੂਆਂ ਨੇ ਕਿਹਾ ਕਿ ਇਹ ਧੋਖਾਧੜੀ ਵਿਦਿਆਰਥੀਆਂ ਨੇ ਨਹੀਂ ਬਲਕਿ ਉਹਨਾਂ ਦੇ ਏਜੰਟਾਂ ਵੱਲੋਂ ਵਿਦਿਆਰਥੀਆਂ ਨਾਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਧੋਖਾਧੜੀ ਕਰਨ ਵਾਲਾ ਜਲੰਧਰ ਦਾ ਏਜੰਟ ਫਰਾਰ ਹੈ। ਕੈਨੇਡੀਅਨ ਕਾਲਜਾਂ, ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਤੇ ਹੋਰ ਸਰਕਾਰੀ ਅਦਾਰਿਆਂ ਨੂੰ ਵਿਦਿਆਰਥੀਆਂ ਦੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਪੇਪਰ ਦੇਖਣੇ ਚਾਹੀਦੇ ਸਨ। ਉਹਨਾਂ ਕਿਹਾ ਕਿ ਇਸਦਾ ਸਾਰਾ ਤੋੜਾ ਵਿਦਿਆਰਥੀਆਂ ਸਿਰ ਭੰਨਣਾ ਕਿਸੇ ਵੀ ਤਰ੍ਹਾਂ ਵਾਜ਼ਬ ਨਹੀਂ ਹੈ। ਕੈਨੇਡੀਅਨ ਆਰਥਿਕਤਾ ਅਤੇ ਸਿੱਖਿਆ ਨੀਤੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅਹਿਮ ਯੋਗਦਾਨ ਹੈ ਅਤੇ ਸਰਕਾਰ ਨੂੰ ਇਸਨੂੰ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ। ਕੈਨੇਡੀਅਨ ਸਰਕਾਰ ਨੂੰ ਧੋਖਾਧੜੀ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਨੂੰ ਦੇਸ਼-ਨਿਕਾਲਾ ਦੇਣ ਦੀ ਬਜਾਏ ਉਹਨਾਂ ਨੂੰ ਜਿੰਦਗੀ ’ਚ ਅੱਗੇ ਵੱਧਣ ’ਚ ਸਹਿਯੋਗ ਕਰਨਾ ਚਾਹੀਦਾ ਹੈ। ਇਸ ਸਮੇਂ ਵਿਦਿਆਰਥੀ ਏਜੰਟਾਂ ਦੀ ਧੋਖਾਧੜੀ ਅਤੇ ਦੇਸ਼-ਨਿਕਾਲੇ ਦੀ ਦੂਹਰੀ ਮਾਰ ਹੇਠ ਆਏ ਹੋਏ ਹਨ।
ਆਗੂਆਂ ਨੇ ਕਿਹਾ ਕਿ ਕੋਵਿਡ ਅਤੇ ਮਹਿੰਗਾਈ ਨੇ ਪਹਿਲਾਂ ਹੀ ਹਾਲਾਤ ਬੜੇ ਮੁਸ਼ਕਲ ਕੀਤੇ ਹੋਏ ਹਨ। ਵਿਦਿਆਰਥੀ ਭਵਿੱਖ ਦਾ ਸਰਮਾਇਆ ਹੁੰਦੇ ਹਨ ਅਤੇ ਇਹਨਾਂ ਨੂੰ ਰੋਲ੍ਹਣਾ ਨਹੀਂ ਚਾਹੀਦਾ।ਵਿਦਿਆਰਥੀਆਂ ਨੇ ਦੇਸ਼-ਨਿਕਾਲੇ ਨੂੰ ਰੱਦ ਕਰਨ ਦੀ ਮੰਗ ਕੀਤੀ। ਵਿਦਿਆਰਥੀਆਂ ਨੇ ਇਨਸਾਫ ਨਾ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ।
ਇਸ ਸਮੇਂ ਦੋਵਾਂ ਜੱਥੇਬੰਦੀਆਂ ਦੇ ਹਰਿੰਦਰ ਮਹਿਰੋਕ, ਚਮਨਦੀਪ, ਰਵਿੰਦਰ ਔਲਖ, ਮਨਪ੍ਰੀਤ ਕੌਰ, ਰਮਨਜੋਤ ਕੌਰ, ਕਰਮਜੀਤ ਕੌਰ, ਰਣਵੀਰ ਸਿੰਘ, ਮਨਦੀਪ ਆਦਿ ਆਗੂੂਆਂ ਨੇ ਸੰਬੋਧਨ ਕੀਤਾ। ਇਸਤੋਂ ਬਿਨਾਂ ‘ਫਾਇਟਬੈਕ’ ਦੀ ਆਗੂ ਐਮਾ, ਮਾਈਗ੍ਰੇਟ ਵਰਕਰ ਵੱਲੋਂ ਸ਼ੀਰੋਮਾ, ਨੌਜਵਾਨ ਸਪੋਰਟ ਨੈਟਵਰਕ ਦੇ ਐਰਨ, ਫਿਲਪੀਨੋ ਗਰੁੱਪ ਵੱਲੋਂ ਜੈਜ ਤੇ ਮਾਇਕਾ ਤਰਕਸ਼ੀਲ ਸੁਸਾਇਟੀ ਦੇ ਬਲਦੇਵ ਰਹਿਪਾ, ਕੁਲਦੀਪ ਬੋਪਾਰਾਏ, ਚਰਨਜੀਤ ਸੰਧੂ ਆਦਿ ਭਰਾਤਰੀ ਜੱਥੇਬੰਦੀਆਂ ਦੇ ਬੁਲਾਰੇ ਵਿਦਿਆਰਥੀ ਸੰਘਰਸ਼ ਦੇ ਹੱਕ ਵਿੱਚ ਬੋਲੇ।