ਆਪਸ ‘ਚ ਲੜਨ ਦੀ ਬਜਾਏ ਬੁਨਿਆਦੀ ਮੰਗਾਂ ਤੇ ਮਨੁੱਖੀ ਅਧਿਕਾਰਾਂ ਲਈ ਸਾਂਝੇ ਸੰਘਰਸ਼ਾਂ ਦੀ ਲੋੜ: ਮਾਇਸੋ
ਸਰਕਾਰਾਂ ਆਪਸੀ ਸਹਿਯੋਗ ਅਤੇ ਨਿਆਂਇਕ ਤਰੀਕੇ ਨਾਲ ਕੂਟਨੀਤਿਕ ਮਸਲਿਆਂ ਨੂੰ ਨਜਿੱਠਣ ਦੀ ਬਜਾਏ ਇਸਤੇ ਸਿਆਸਤ ਕਰਨ ‘ਚ ਲੱਗੀਆਂ ਹੋਈਆਂ ਹਨ: ਮਾਇਸੋ
ਬਰੈਂਪਟਨ/ਕੈਨੇਡਾ: ਅੱਜ ‘ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ’ ਵੱਲੋਂ ਖੁਸ਼ਪਾਲ ਗਰੇਵਾਲ, ਵਰੁਣ ਖੰਨਾ ਤੇ ਮਨਦੀਪ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਇੱਕ ਹਿੰਦੂ ਮੰਦਿਰ ਸਾਹਮਣੇ ਦੋ ਧਾਰਮਿਕ ਫਿਰਕਿਆਂ ਵਿਚਕਾਰ ਹੋਈਆਂ ਹਿੰਸਕ ਝੜਪਾਂ ਕਾਰਨ ਕੈਨੇਡਾ ਦੇ ਪ੍ਰਵਾਸੀ ਭਾਈਚਾਰਿਆਂ ਵਿੱਚ ਚਿੰਤਾ ਤੇ ਸਹਿਮ ਦਾ ਮਹੌਲ ਹੈ, ਇਸ ਸਹਿਮ ਨੂੰ ਸਰਕਾਰੀ ਤੇ ਭੜਕਾਊ ਮੀਡੀਆ ਨੇ ਹੋਰ ਭੜਕਾਅ ਦਿੱਤਾ ਹੈ।
ਕੈਨੇਡਾ ਅੰਦਰਲੇ ਕੁਝ ਧਾਰਮਿਕ ਕੱਟੜਪੰਥੀ ਵਿਅਕਤੀ ਸਰਕਾਰਾਂ ਦੇ ਵੰਡਪਾਊ ਏਜੰਡੇ ਤਹਿਤ ਸਮਾਜ ਵਿੱਚ ਅਸ਼ਾਂਤੀ ਤੇ ਨਫਰਤ ਫੈਲਾਉਣ ਦਾ ਕਾਰਨ ਬਣ ਰਹੇ ਹਨ, ਜਦਕਿ ਆਮ ਲੋਕ ਫਿਰਕੂ ਮਸਲਿਆਂ ਤੋਂ ਕੋਹਾਂ ਦੂਰ ਹਨ। ਉਹਨਾਂ ਕਿਹਾ ਕਿ ਕਿਸੇ ਵੀ ਧਰਤੀ ਉੱਤੇ ਵਿਦੇਸ਼ੀ ਦਖਲਅੰਦਾਜੀ ਨਾਲ ਵੱਖਰੇ ਵਿਚਾਰਾਂ ਵਾਲੇ ਵਿਅਕਤੀਆਂ ਦਾ ਕਤਲ ਨਿੰਦਣਯੋਗ ਹੈ, ਉਹ ਚਾਹੇ ਕੈਨੇਡਾ-ਅਮਰੀਕਾ ਦੀ ਧਰਤੀ ਉਤੇ ਹੋਵੇ ਜਾਂ ਫ਼ਲਸਤੀਨ ਦੀ ਧਰਤੀ ਉਤੇ ਜਾਂ ਕਿਸੇ ਹੋਰ ਦੇਸ਼ ਦੀ ਧਰਤੀ ਤੇ ਹੋਵੇ। ਸਰਕਾਰਾਂ ਆਪਸੀ ਸਹਿਯੋਗ ਅਤੇ ਨਿਆਂਇਕ ਤਰੀਕੇ ਨਾਲ ਕੂਟਨੀਤਿਕ ਮਸਲਿਆਂ ਨੂੰ ਨਜਿੱਠਣ ਦੀ ਬਜਾਇ ਇਸਤੇ ਸਿਆਸਤ ਕਰਨ ‘ਚ ਲੱਗੀਆਂ ਹੋਈਆਂ ਹਨ। ਦੋਵਾਂ ਦੇਸ਼ਾਂ ਦੇ ਸਰਕਾਰੀ ਅਧਿਕਾਰੀਆਂ, ਸਰਕਾਰ ਪੱਖੀ ਮੀਡੀਆ ਤੇ ਉਹਨਾਂ ਦੀਆਂ ਪਿਛਲੱਗ ਫਿਰਕੂ ਸੰਸਥਾਵਾਂ ਨੇ ਕੂਟਨੀਤਿਕ ਬਿਆਨਬਾਜ਼ੀਆਂ ਕਰਕੇ ਮਹੌਲ ਨੂੰ ਜ਼ਹਿਰੀਲਾ ਕੀਤਾ ਹੋਇਆ ਹੈ। ਸਰਕਾਰੀ ਪ੍ਰਚਾਰ-ਪ੍ਰਾਪੇਗੰਡਾ ਤੇ ਕੂਟਨੀਤਿਕ ਬਿਆਨਬਾਜ਼ੀ ਨੇ ਕੈਨੇਡਾ ਵਿੱਚ ਵੱਸਦੇ ਵੱਖ-ਵੱਖ ਕੌਮੀ-ਕੌਮਾਂਤਰੀ ਭਾਈਚਾਰਿਆਂ ਵਿਚਕਾਰ ਫੁੱਟ ਪਾਉਣ ਅਤੇ ਨਫਰਤ ਫੈਲਾਉਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਕੈਨੇਡਾ ਵਿੱਚ ਚੋਣਾਂ ਦਾ ਸਮਾਂ ਨੇੜੇ ਹੈ ਤੇ ਸਰਕਾਰ ਲੋਕਾਂ ਦੇ ਮਹਿੰਗਾਈ, ਬੇਰੁਜਗਾਰੀ, ਟੈਕਸ ਬੋਝ, ਰਿਹਾਇਸ਼ੀ ਘਰਾਂ ਦਾ ਸੰਕਟ, ਸਿਹਤ ਸਹੂਲਤਾਂ ਦੀ ਘਾਟ ਆਦਿ ਬੁਨਿਆਦੀ ਮੁੱਦਿਆਂ ਵੱਲ ਧਿਆਨ ਦੇਣ ਦੀ ਬਜਾਇ ਲੋਕਾਂ ਨੂੰ ਸਾਮਰਾਜੀ ਦਿਸ਼ਾ-ਨਿਰਦੇਸ਼ਤ ਕੂਟਨੀਤਿਕ ਵਿਵਾਦਾਂ ਵਿੱਚ ਉਲਝਾਅ ਰਹੀ ਹੈ ਤੇ ਉੱਧਰ ਭਾਰਤ ਸਰਕਾਰ ਕੈਨੇਡਾ ਵਸਦੇ ਭਾਰਤੀ ਪ੍ਰਵਾਸੀਆਂ ਤੇ ਭਾਰਤੀ ਵਿਦਿਆਰਥੀਆਂ ਦੇ ਮੰਗਾਂ-ਮਸਲਿਆਂ ਉੱਤੇ ਕਦੇ ਗੌਰ ਨਹੀਂ ਕਰਦੀ ਪਰੰਤੂ ਤਾਜ਼ਾ ਵਿਵਾਦ ਵਿੱਚ ਇੱਕ ਖਾਸ ਭਾਈਚਾਰੇ ਨੂੰ ਖੁਸ਼ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਸ਼ੇਸ਼ ਟਵੀਟ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਲੱਖਾਂ ਵਿਦਿਆਰਥੀਆਂ ਦੇ ਹੱਕ ਵਿੱਚ ਕਿਉਂ ਨਹੀਂ ਬੋਲਦੇ ਜੋ ਭਾਰਤ ਵਿਚ ਬੇਰੁਜ਼ਗਾਰੀ ਤੋਂ ਤੰਗ ਆ ਕੇ ਵਿਦੇਸ਼ਾਂ ਵਿੱਚ ਰੁਲ ਰਹੇ ਹਨ?
ਮਾਇਸੋ ਨੇ ਕੈਨੇਡਾ ਵਸਦੇ ਕੌਮਾਂਤਰੀ ਵਿਦਿਆਰਥੀਆਂ ਤੇ ਪ੍ਰਵਾਸੀ ਭਾਈਚਾਰਿਆਂ ਨੂੰ ਫਿਰਕੂ ਨਫਰਤ ਤੇ ਵੰਡ ਪਾਊ ਨੀਤੀਆਂ ਤੋਂ ਲਾਂਭੇ ਰਹਿਕੇ ਭਾਈਚਾਰਕ ਸਦਭਾਵਨਾ ਤੇ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਆਪਸ ‘ਚ ਲੜਨ ਦੀ ਬਜਾਇ ਬੁਨਿਆਦੀ ਮੰਗਾਂ ਤੇ ਮਨੁੱਖੀ ਅਧਿਕਾਰਾਂ ਲਈ ਸਾਂਝੇ ਸੰਘਰਸ਼ ਕਰਨ ਦੀ ਲੋੜ ਹੈ ਅਤੇ ਭਾਈਚਾਰਕ ਸਾਂਝ ਬਣਾਕੇ ਰੱਖਣ ਦੀ ਲੋੜ ਹੈ। ਮੌਜੂਦ ਹਾਲਾਤਾਂ ਅੰਦਰ ਅਜਿਹਾ ਕਰਦਿਆਂ ਹੀ ਵਿਦਿਆਰਥੀ ਮਜ਼ਬੂਤ ਕੌਮਾਂਤਰੀ ਭਾਈਚਾਰਕ ਏਕਤਾ ਉਸਾਰਕੇ ਆਪਣੀਆਂ ਹੱਕੀ ਮੰਗਾਂ ਮੰਨਵਾ ਸਕਦੇ ਹਨ।