ਸੈਕਰਾਮੈਂਟੋ (ਯੂ.ਐਸ.ਏ.): ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਗਲੋਬਲ ਇਨਸ਼ੀਏਟਿਵ ਸੰਸਥਾ ਕੈਲੀਫੋਰਨੀਆ ਦੇ ਪ੍ਰਧਾਨ ਸ. ਬਲਬੀਰ ਸਿੰਘ ਢਿੱਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ਵ ਭਰ 'ਚ ਚੱਲ ਰਹੇ ਅੰਗੀਠਾ ਸਾਹਿਬ, ਜਿਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਿਰਧ ਸਰੂਪਾਂ ਨੂੰ ਅਗਨ ਭੇਟ ਕੀਤਾ ਜਾਂਦਾ ਹੈ, 'ਤੇ ਪਾਬੰਦੀ ਲਾਉਣ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਸ. ਢਿੱਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਹੁਣ ਮਾਈ ਭਾਗੋ ਕਰੋਲ ਬਾਗ ਸੰਸਥਾ ਵੱਲੋਂ ਸਸਕਾਰ ਦੇ ਨਾਮ 'ਤੇ ਹੁਣ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕੱਠੇ ਕੀਤੇ ਗਏ ਅਨੇਕਾਂ ਬਿਰਧ ਅਤੇ ਪੁਰਾਤਨ ਸਰੂਪਾਂ ਦੇ ਵੇਰਵੇ ਮੰਗਣ ਅਤੇ ਇਸ ਦੀ ਪੜਤਾਲ ਕਰਵਾ ਕੇ ਇਸ ਸਬੰਧੀਂ ਇਸ ਸੰਸਥਾ ਦੀ ਮੰਦਭਾਵਨਾ ਨੂੰ ਉਜਾਗਰ ਕੀਤਾ ਜਾਵੇ।
ਸੰਸਥਾ ਦੇ ਬੁਲਾਰੇ ਡਾ. ਅਮਰੀਕ ਸਿੰਘ ਨੇ ਅਮਰੀਕਾ ਤੋਂ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ, ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਗਲੋਬਲ ਇਨਸ਼ੀਏਟਿਵ, ਯੂ.ਐਸ.ਏ. ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਤੀ 18 ਨਵੰਬਰ 2019 ਨੂੰ ਮਾਈ ਭਾਗੋ ਕਰੋਲ ਬਾਗ ਦਿੱਲੀ ਖ਼ਿਲਾਫ਼ ਦਿੱਤੀ ਸ਼ਿਕਾਇਤ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਇੱਕ ਪੜਤਾਲੀਆ ਕਮੇਟੀ ਗਠਿਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜਾਰੀ ਕੀਤੇ ਆਦੇਸ਼ ਕਿ 'ਸ੍ਰੀ ਗੁਰੂ ਗੰਥ ਸਾਹਿਬ ਜੀ ਅੰਗੀਠਾ ਅਸਥਾਨ ਖੁਸ਼ਹਾਲਪੁਰ ਦੇਹਰਾਦੂਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਈ ਭਾਗੋ, ਨਵੀਂ ਦਿੱਲੀ ਅਤੇ ਭੋਪਾਲ ਮੱਧਪ੍ਰਦੇਸ਼ ਦੀ ਪੜਤਾਲ ਕਰਵਾਈ ਜਾਵੇ, ਦੀ ਸ਼ਲਾਘਾ ਕੀਤੀ ਹੈ।
ਅਮਰੀਕਾ ਦੇ ਸਾਨਫ੍ਰਾਂਸਿਸਕੋ ਏਅਰਪੋਰਟ ਏਅਰ ਇੰਡੀਆ ਸਟਾਫ ਜਰੀਏ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ {ਮਾਈ ਭਾਗੋ ਜੀ} ਨਵੀਂ ਦਿੱਲੀ ਵਿਖੇ ਪਾਵਨ ਸਰੂਪ, ਬਿਰਧ ਸਰੂਪ ਸੰਸਕਾਰ ਦੇ ਮਨਸ਼ੇ ਨਾਲ ਏਅਰ ਇੰਡੀਆ ਦੀ ਗੁੱਝੀ ਚਾਲ ਰਾਹੀਂ ਭਾਰਤ ਲਿਆਂਦੇ ਗਏ ਸਨ, ਲਿਆਉਣ ਸਮੇਂ ਘੋਰ ਉਲੰਘਣਾਂ ਅਤੇ ਬੇਅਦਬੀਆਂ ਕੀਤੀਆਂ ਗਈਆਂ ਸਨ।
ਇਸ ਦਰਦ ਭਰੀ ਘਟਣਾਂ ਨੂੰ ਮੁੱਖ ਰੱਖਕੇ 21 ਸਤੰਬਰ 2019 ਗੁਰੂ ਘਰ ਵੈਸਟ ਸੈਕ੍ਰਾਮੈਂਟੋ ਵਿਖੇ ਬੁਲਾਈ ਮੀਟਿੰਗ ਵਿੱਚ ਕੈਲੀਫੋਰਨੀਆ ਦੀ ਸਮੂਹ ਪ੍ਰਬੰਧਕ ਕਮੇਟੀਆਂ ਨੇ ਹੁੰਗਾਰਾ ਦਿਤਾ ਸੀ। ਇਸ ਉਪਰੰਤ ਜਾਗਤਜੋਤ ਗਲੋਬਲ ਇਨਸ਼ੀਏਟਿਵ ਸੰਸਥਾ ਵਲੋਂ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਨਾਲ ਸੰਪਰਕ ਕਰਕੇ ਇੱਕ ਮੁਹਿੰਮ ਵਿੱਢੀ ਗਈ ਸੀ ।
ਡਾ. ਅਮਰੀਕ ਸਿੰਘ ਨੇ ਅਮਰੀਕਾ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਗਈ ਕਾਰਵਾਈ ਦਾ ਸਮਰਥਨ ਕੀਤਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਮਾਈ ਭਾਗੋ, ਕਰੋਲ ਬਾਗ ਦਿੱਲੀ, ਵੱਲੋਂ ਇਕੱਠੇ ਕੀਤੇ ਗਏ ਬਿਰਧ ਸਰੂਪਾਂ ਨੂੰ ਇਕੱਤਰ ਕਰਨ ਦੇ ਮਨੋਰਥ ਦਾ ਵੀ ਪਤਾ ਲਗਾਇਆ ਜਾਵੇ ਅਤੇ ਇਹ ਵੀ ਪਤਾ ਲਗਾਇਆ ਜਾਵੇ ਕਿ ਇਸ ਸੰਸਥਾ ਨੂੰ ਏਅਰ ਇੰਡੀਆ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਟਿਕਟਾਂ ਪਿੱਛੇ ਛੁਪਿਆ ਹੋਇਆ ਏਜੰਡਾ ਕੀ ਸੀ?
ਸ. ਬਲਬੀਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਨਵੰਬਰ 2019 'ਚ ਮਾਈ ਭਾਗੋ ਕਰੋਲ ਬਾਗ ਦਿੱਲੀ ਦੀ ਸੰਸਥਾ ਵੱਲੋਂ ਬਿਰਧ ਸਰੂਪਾਂ ਦੇ ਸਸਕਾਰ ਕਰਨ ਦੇ ਘਪਲੇ ਤੇ ਬੇਅਦਬੀ ਦੇ ਕੀਤੇ ਗਏ ਪਰਦਾਫਾਸ਼ ਤੋਂ ਬਾਅਦ ਮਾਈ ਭਾਗੋ ਸੰਸਥਾ ਵੱਲੋਂ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਕੋਲੋਂ ਸਸਕਾਰ ਕਰਨ ਦੇ ਨਾਮ 'ਤੇ ਚੁੱਕੇ ਗਏ ਬਿਰਧ ਅਤੇ ਪੁਰਾਤਨ ਸਰੂਪਾਂ ਦਾ ਲੇਖਾ ਜੋਖਾ ਹਾਸਲ ਕਰਕੇ ਇਸ ਦੀ ਮੰਦਭਾਵਨਾਂ ਨੂੰ ਉਜਾਗਰ ਕਰਨਾ ਸਮੇਂ ਦੀ ਮੁੱਖ ਲੋੜ ਬਣ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹੀ ਇਸ ਸੰਸਥਾ ਦੀ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਗਈ ਸੀ, ਜਿਸ ਦੀ ਪੜਤਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ, ਸ. ਸਕੱਤਰ ਸਿੰਘ ਨੂੰ ਇੰਚਾਰਜ ਲਗਾ ਕੇ ਕਮੇਟੀ ਗਠਿਤ ਕੀਤੀ ਗਈ ਸੀ।
ਵਰਨਣਯੋਗ ਹੈ ਕਿ ਪੂਰੇ ਵਿਸ਼ਵ ਭਰ 'ਚੋਂ ਇਸ ਵੱਲੋਂ ਹਜ਼ਾਰਾਂ ਦੀ ਗਿਣਤੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਅਤੇ ਬਿਰਧ ਸਰੂਪ ਇਕੱਤਰ ਕੀਤੇ ਗਏ, ਇਸ ਵੱਲੋਂ ਅਕਤੂਬਰ 2008 ਦੌਰਾਨ ਲੰਡਨ ਤੋਂ ਇੱਕ ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ 500 ਸਰੂਪ ਲਿਆਂਦੇ ਗਏ ਸਨ। ਇਸ ਸੰਸਥਾ ਦਾ ਮਨਸ਼ਾ ਉਜਾਗਰ ਕੀਤਾ ਜਾਣਾ ਲਾਜਮੀ ਹੈ, ਕਿਉਂਕਿ ਇਨ੍ਹਾਂ ਸਰੂਪਾਂ ਨੂੰ ਲਿਆਉਣ ਸਮੇਂ ਵੀ ਘੋਰ ਬੇਅਦਬੀ ਕੀਤੀ ਗਈ ਸੀ। ਇਸ ਤੋਂ ਇਲਾਵਾ 2018 'ਚ ਅਮਰੀਕਾ ਦੇ ਸਾਨਫ਼੍ਰਾਂਸਿਸਕੋ ਏਅਰ ਇੰਡੀਆ ਸਟਾਫ਼ ਜਰੀਏ ਸ੍ਰੀ ਗੁਰੂ ਸਿੰਘ ਸਭਾ ਮਾਈ ਭਾਗੋ ਨਵੀਂ ਦਿੱਲੀ ਵਿਖੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸੰਸਕਾਰ ਦੇ ਮਨਸ਼ੇ ਨਾਲ ਭਾਰਤ ਲਿਆਂਦੇ ਗਏ ਸਨ, ਲਿਆਉਣ ਸਮੇਂ ਘੋਰ ਉਲੰਘਣਾ ਅਤੇ ਬੇਅਦਬੀਆਂ ਕੀਤੀਆਂ ਗਈਆਂ ਸਨ। ਪਰੰਤੂ ਇਹ ਵੀ ਸਾਹਮਣੇ ਆਇਆ ਸੀ ਕਿ ਏਅਰ ਇੰਡੀਆ ਦੇ ਸਟਾਫ਼ ਵੱਲੋਂ ਇਹ ਕੰਮ ਕਈ ਸਾਲਾਂ ਤੋਂ ਚਲਾਇਆ ਜਾ ਰਿਹਾ ਸੀ, ਜਿਸ ਲਈ ਏਅਰ ਇੰਡੀਆ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਸ. ਅਮਰੀਕ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਅਤੇ ਬਿਰਧ ਸਰੂਪਾਂ ਨੂੰ ਲੈਕੇ ਬਹੁਤ ਸਾਰੇ ਸਵਾਲ ਸਿੱਖ ਕੌਮ ਅਤੇ ਪੂਰੀ ਲੋਕਾਈ ਦੇ ਸਨਮੁੱਖ ਖੜ੍ਹੇ ਹਨ ਅਤੇ ਇਹ ਬਹੁਤ ਹੀ ਗੰਭੀਰ ਅਤੇ ਚਿੰਤਾ ਦਾ ਅੰਤਰਰਾਸ਼ਟਰੀ ਵਿਸ਼ਾ ਹੈ, ਜਿਸ ਕਰਕੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਫ਼ਿਕਰਮੰਦ ਹਨ।
ਜਾਗਤ ਜੋਤ ਇਨਸ਼ੀਏਟਿਵ ਸੰਸਥਾ ਨੇ ਸਵਾਲ ਉਠਾਏ ਹਨ ਕਿ ਦੇਸ਼ਾ-ਵਿਦੇਸ਼ਾਂ ਤੋਂ ਗੁਰੂ ਘਰਾਂ ਵਿੱਚੋਂ ਪਾਵਨ ਸਰੂਪ ਲਿਜਾਣ ਅਤੇ ਲੈਕੇ ਆਉਣ ਦੀ ਮਰਿਆਦਾ ਅਤੇ ਕਿਹੜੀਆਂ ਸੰਸਥਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਗਿਆ ਦਿੱਤੀ ਗਈ ਹੈ, ਪਾਵਨ ਸਰੂਪਾਂ ਦੇ ਬਿਰਧ ਹੋਣ ਦੀ ਪਰਿਭਾਸ਼ਾ ਅਤੇ ਇਸ ਦਾ ਨਿਰਣਾ ਕੌਣ ਅਤੇ ਕਿਵੇਂ ਕੀਤਾ ਜਾਵੇ?, ਬਿਰਧ ਸਰੂਪਾਂ ਦੇ ਸਸਕਾਰ ਦਾ ਨਿਰਣਾ ਕਿਵੇਂ ਅਤੇ ਕਿਸ ਵੱਲੋਂ ਕੀਤਾ ਜਾਂਦਾ ਹੈ? ਸਸਕਾਰ ਕੀਤੇ ਜਾ ਚੁੱਕੇ ਬਿਰਧ ਸਰੂਪਾਂ ਦੀ ਰਾਖ ਦੀ ਸਾਂਭ-ਸੰਭਾਲ ਕਿਵੇ ਅਤੇ ਕਿੱਥੇ ਹੁੰਦੀ ਹੈ? ਜੇਕਰ ਬਿਰਧ ਸਰੂਪਾਂ ਦੇ ਅੰਗ ਬਦਲਣ ਨਾਲ ਉਨ੍ਹਾਂ ਦਾ ਸਰੂਪ ਠੀਕ ਹੋ ਸਕਦਾ ਹੈ ਤਾਂ ਉਹ ਕਿਸ ਪਾਸੋਂ ਕਰਵਾਇਆ ਜਾਵੇ? ਕੀ ਬਿਰਧ ਸਰੂਪਾਂ ਦਾ ਸਸਕਾਰ ਕਰਨ ਤੋਂ ਬਾਅਦ ਵੀ ਕੋਈ ਹੋਰ ਰਸਮਾਂ ਕੀਤੀਆਂ ਜਾਂਦੀਆਂ ਹਨ ਜਾਂ ਰਾਖ ਜਲ ਪ੍ਰਵਾਹ ਕਰਨਾ ਹੀ ਅੰਤਮ ਕਾਰਜ ਹੁੰਦਾ ਹੈ? ਅਤੇ ਪੁਰਾਤਨ ਸਰੂਪਾਂ ਨੂੰ ਕਿਵੇਂ ਸੰਭਾਲਿਆ ਜਾਵੇ, ਪੁਰਾਲੇਖ ਡਿਜੀਟਲ ਸਰੂਪਾਂ ਦੀ ਸਕੈਨਿੰਗ ਕਿਵੇ ਅਤੇ ਕਿਸ ਦੀ ਨਿਗਰਾਨੀ ਹੇਠ ਕੀਤੀ ਜਾਂਦੀ ਹੈ, ਇਹ ਕੁਝ ਸਵਾਲ ਹਨ, ਜੋ ਕਿ ਪੂਰੀ ਕੌਮ ਦੇ ਸਾਹਮਣੇ ਦਰਪੇਸ਼ ਹਨ।