ਲੁਧਿਆਣਾ - ਲੋਕਸਭਾ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਆਗੂ ਸੰਜੈ ਸਿੰਘ ਦੇ ਵੱਲੋਂ ਲੁਧਿਆਣਾ ਦੇ ਵੱਖ ਵੱਖ ਹਲਕਿਆਂ ਵਿੱਚ ਰੋਡ ਸ਼ੋ ਕੱਢਿਆ ਅਤੇ ਰੈਲੀ ਨੂੰ ਸੰਬੋਧਨ ਕੀਤਾ। ਇਹ ਰੋਡ ਸ਼ੋ ਹਲਕਾ ਆਤਮ ਨਗਰ ਦੇ ਸੰਗੀਤ ਸਿਨੇਮਾ ਪ੍ਰਤਾਪ ਚੌਂਕ ਤੋਂ ਹੁੰਦਾ ਹੋਇਆ ਭਗਵਾਨ ਚੌਂਕ, ਗਿਲ ਰੋਡ, ਕੁਆਲਿਟੀ ਕੰਢਾ, ਗੋਲਡਨ ਪਾਰਕ, ਜੀਤ ਹਲਵਾਈ, ਇੱਟਾਂ ਵਾਲਾ ਚੌਂਕ, ਲੇਬਰ ਚੌਂਕ, ਕੁਆਲਿਟੀ ਚੌਂਕ, ਗਿੱਲ ਨਹਿਰ ਵਿਖੇ ਖਤਮ ਹੋਇਆ।
ਰੋਡ ਸ਼ੋ ਦੇ ਵਿੱਚ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਹਲਕਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ, ਹਲਕਾ ਦੱਖਣੀ ਦੇ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ, ਚੇਅਰਮੈਨ ਮਾਰਕਫੈਡ ਅਤੇ ਸਕੱਤਰ ਅਮਨਦੀਪ ਸਿੰਘ ਮੋਹੀ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਲੋਕਸਭਾ ਇੰਚਾਰਜ ਡਾ ਦੀਪਕ ਬਾਂਸਲ ਸਮੇਤ ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰ ਹਾਜਿਰ ਰਹੇ।
ਸੰਬੋਧਨ ਕਰਦਿਆਂ ਰਾਜਸਭਾ ਮੈਂਬਰ
ਸੰਜੇ ਸਿੰਘ ਨੇ ਕੇਂਦਰ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਮੋਦੀ ਸਰਕਾਰ ਝੂਠ ਦਾ ਪੁਲੰਦਾ ਹੈ, ਜੋ ਵੀ ਵਾਦੇ ਉਹਨਾਂ ਨੇ ਕਿਸਾਨਾਂ ਨਾਲ ਕੀਤੇ ਚਾਹੇ ਉਹ ਘਟੋਂ ਘੱਟ ਸਮਰਥਨ ਮੁੱਲ ਹੋਵੇ ਜਾਂ ਆਮਦਨੀ ਦੁੱਗਣੀ ਦੀ ਹੋਵੇ ਸੱਭ ਝੂਠ ਨਿਕਲਿਆ ਅਤੇ ਕਿਸਾਨਾਂ ਦੇ ਉੱਪਰ ਅਤਿਆਚਾਰ ਕੀਤਾ, ਗੋਲੀਆਂ ਚਲਵਾਈਆਂ, 700 ਤੋਂ ਵੱਧ ਕਿਸਾਨ ਸ਼ਹੀਦ ਕਰਵਾਏ, ਮੋਦੀ ਸਰਕਾਰ ਦੀ ਸਿਰਫ ਤੇ ਸਿਰਫ ਇੱਕ ਹੀ ਗਾਰੰਟੀ ਹੈ ਝੂਠ ਬੋਲਣ ਦੀ। ਮੈਂ ਤੁਹਾਨੂੰ ਬੇਨਤੀ ਕਰਨ ਆਇਆ ਹਾਂ, ਕਿ ਝੂਠ ਬੋਲਣ ਵਾਲਿਆਂ ਨੂੰ ਤੁਸੀਂ ਆਪਣੀ ਵੋਟ ਨਾਲ ਸਬਕ ਸਿਖਾਉਣ ਹੈ। 1 ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਜੀ ਨੂੰ ਜਿਤਵਾਉਨਾ ਹੈ।
ਸਪੀਕਰ ਵਿਧਾਨ ਸਭਾ ਦਿੱਲੀ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਜਦੋ ਤੋਂ ਲੁਧਿਆਣਾ ਆ ਕੇ ਛੋਟੀਆਂ ਛੋਟੀਆਂ ਮੀਟਿੰਗਾਂ ਕਰ ਰਹੇ ਹਾਂ। ਜੋ ਜਨ ਸਮਰਥਨ ਇਹਨਾਂ ਮੀਟਿੰਗਾਂ ਵਿੱਚ ਮਿਲ ਰਿਹਾ ਹੈ ਉਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਲੋਕ ਪੱਖੀ ਕੰਮ ਕਰ ਰਹੇ ਹਨ ਉਹ ਲੋਕਾਂ ਨੂੰ ਪਸੰਦ ਆ ਰਹੇ ਹਨ। ਲੋਕ ਆਮ ਆਦਮੀ ਪਾਰਟੀ ਨੂੰ ਲੋਕਸਭਾ ਦੀਆਂ ਚੌਣਾ ਵਿੱਚ ਵੋਟਾਂ ਪਾਉਣ ਲਈ ਉਤਾਵਲੇ ਹਨ।
ਲੋਕਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਅੱਜ ਹਲਕਾ ਆਤਮ ਨਗਰ ਵਿਖੇ ਰਾਜ ਸਭਾ ਮੈਂਬਰ ਸ਼੍ਰੀ ਸੰਜੇ ਸਿੰਘ ਜੀ ਅਤੇ ਵਿਧਾਇਕ ਸ: ਕੁਲਵੰਤ ਸਿੰਘ ਸਿੱਧੂ ਜੀ ਦੇ ਨਾਲ ਭਗਵਾਨ ਚੌਂਕ ਤੋਂ ਗਿੱਲ ਨਹਿਰ ਤੱਕ ਕੱਢੇ ਗਏ ਰੋਡ ਸ਼ੋਅ 'ਚ ਹੋਏ ਭਾਰੀ ਇਕੱਠ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਤੋਂ ਸੰਤੁਸ਼ਟ ਹਨ। ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਤੇ ਤੰਗ ਆ ਚੁੱਕੇ ਲੋਕ ਹੁਣ ਕੇਂਦਰ ‘ਚ ਵੀ ਆਪ ਸਰਕਾਰ ਲਿਆਉਣ ਲਈ ਪੱਬਾਂ ਭਰ ਹਨ। ਇਸ ਮੌਕੇ ਲੁਧਿਆਣਾ ਵਾਸੀਆਂ ਅਤੇ ਵਲੰਟੀਅਰ ਸਾਹਿਬਾਨਾਂ ਵੱਲੋਂ ਦਿੱਤੇ ਗਏ ਅਥਾਹ ਪਿਆਰ ਅਤੇ ਸਮਰਥਨ ਲਈ ਉਹਨਾਂ ਦਾ ਧੰਨਵਾਦੀ ਹਾਂ।