ਸੰਗਰੂਰ, : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕਾ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਵੱਲੋਂ ਪਿੰਡ ਨਦਾਮਪੁਰ ਤੇ ਘਰਾਚੋਂ ਵਿਖੇ ‘ਆਮ ਆਦਮੀ ਕਲੀਨਿਕਾਂ' ਦੀ ਤਰਜ਼ ਉੱਤੇ ਅਪਗ੍ਰੇਡ ਕੀਤੇ ਜਾ ਰਹੇ ਸਰਕਾਰੀ ਸਿਹਤ ਸੰਸਥਾਨਾਂ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਤੇ ਸੀਨੀਅਰ ਮੈਡੀਕਲ ਅਫ਼ਸਰ, ਸੀ.ਐਚ.ਸੀ. ਭਵਾਨੀਗੜ੍ਹ ਡਾ. ਮਹੇਸ਼ ਕੁਮਾਰ ਅਹੂਜਾ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਹਲਕਾ ਸੰਗਰੂਰ ਅਧੀਨ ਸ਼ਹਿਰ ਸੰਗਰੂਰ, ਘਰਾਚੋਂ, ਨਦਾਮਪੁਰ ਤੇ ਸਾਰੋਂ ਵਿਖੇ ਇਹ ਕਲੀਨਿਕ 27 ਜਨਵਰੀ ਤੋਂ ਆਮ ਲੋਕਾਂ ਦੀ ਸਿਹਤ ਸਹੂਲਤ ਲਈ ਸ਼ੁਰੂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਅਧੀਨ ਪਹਿਲਾਂ ਵੀ ਤਿੰਨ ਆਮ ਆਦਮੀ ਕਲੀਨਿਕ, 2 ਸੰਗਰੂਰ ਸ਼ਹਿਰ ਵਿਖੇ ਤੇ ਇਕ ਭਵਾਨੀਗੜ੍ਹ ਵਿਖੇ ਸਫਲਤਾਪੂਰਵਕ ਚੱਲ ਰਹੇ ਹਨ ਤੇ ਲੋਕ ਇਨ੍ਹਾਂ ਦਾ ਭਰਪੂਰ ਫ਼ਾਇਦਾ ਲੈ ਰਹੇ ਹਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾਂ ਆਮ ਲੋਕਾਂ ਨੂੰ ਚੰਗੀ ਸਿਹਤ ਸਹੂਲਤ ਦੇਣ ਲਈ ਵਚਨਬੱਧ ਹੈ।
ਵਿਧਾਇਕਾ ਨੇ ਕਿਹਾ ਕਿ ਲੋੜਵੰਦ ਲੋਕਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਮੁੱਢਲੀ ਡਾਕਟਰੀ ਸਹੂਲਤ ਦੇ ਨਾਲ ਨਾਲ ਲੈਬ ਟੈਸਟ ਤੇ ਮੁਫ਼ਤ ਦਵਾਈਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅਪਗ੍ਰੇਡ ਕੀਤੇ ਜਾ ਰਹੇ ਕਲੀਨਿਕਾਂ ਨਾਲ ਵਧੇਰੇ ਲੋਕਾਂ ਤੱਕ ਸਿਹਤ ਸੇਵਾਵਾਂ ਪਹੁੰਚਣਗੀਆਂ।