ਪਟਿਆਲ਼ਾ: ਸਿਹਤ ਵਿਭਾਗ ਬਰਨਾਲਾ ਅਤੇ ਸਿਹਤ ਵਿਭਾਗ ਪਟਿਆਲ਼ਾ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਗ਼ੈਰ ਕਾਨੂੰਨੀ ਢੰਗ ਨਾਲ ਲੜਕਾ ਲੜਕੀ ਦੱਸਣ ਸਬੰਧੀ ਟੈਸਟ ਅਤੇ ਗਰਭਪਾਤ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਫਾਸ਼ ਕੀਤਾ ਗਿਆ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਅਤੇ ਡਾ ਰਮਿੰਦਰ ਕੌਰ ਸਿਵਕ ਸਰਜਨ ਪਟਿਆਲ਼ਾ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਨੂੰ ਖੁਫੀਆ ਪੱਕੀ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਅਤੇ ਔਰਤ ਦੇ ਘਰ ਵਿੱਚ ਜਿਸ ਕੋਲ ਕੋਈ ਮੈਡੀਕਲ ਡਿਗਰੀ ਨਹੀਂ ਹੈ ਉਹ ਬਹੁਤ ਲੰਮੇ ਸਮੇਂ ਤੋਂ ਸ਼ਹਿਰ ਪਟਿਆਲ਼ਾ ਵਿਖੇ ਲੜਕਾ ਲੜਕਾ ਦੱਸਣ ਸਬੰਧੀ ਟੈਸਟ ਅਤੇ ਗਰਭਪਾਤ ਕਰਦਾ ਹੈ ।
ਡਾ ਔਲ਼ਖ ਨੇ ਦੱਸਿਆ ਕਿ ੳਨ੍ਹਾਂ ਗੁਪਤ ਸੂਚਨਾ ਦੇ ਆਧਾਰ ‘ਤੇ ਇੱਕ ਸਟਿੰਗ ਆਪਰੇਸ਼ਨ ਕੀਤਾ ਗਿਆ ਜਿਸ ਤਹਿਤ ਕਾਰਵਾਈ ਕਰਦਿਆਂ ਸਿਹਤ ਵਿਭਾਗ ਬਰਨਾਲਾ ਦੀ ਟੀਮ ਵੱਲੋ ਮਾਣਯੋਗ ਡਾ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਅਫਸਰ ਪੰਜਾਬ ਜੀ ਦੇ ਸਖ਼ਤ ਦਿਸ਼ਾ ਨਿਰਦੇਸ਼ ਅਧੀਨ ਇਸ ਖੁਫੀਆ ਜਾਣਕਾਰੀ ‘ਤੇ ਤੁਰੰਤ ਐਕਸ਼ਨ ਲੈਂਦਿਆਂ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ ਰਵਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ ਅਤੇ ਮੈਡਮ ਪੂਨਮਦੀਪ ਕੌਰ ਡਿਪਟੀ ਮੈਡਿਕਲ ਕਮਿਸ਼ਨਰ ਬਰਨਾਲਾ ਜੀ ਦੇ ਵਿਸ਼ੇਸ਼ ਸਹਿਯੋਗ ਸਦਕਾ ਗੁਪਤ ਰੇਡ ਕੀਤੀ ਗਈ ਅਤੇ ਸ਼ਹਿਰ ਪਟਿਆਲਾ ਦੇ ਪਿੰਡ ਚੌਰਾ ਦੇ ਇੱਕ ਘਰ ਵਿਖੇ ਦੋਸ਼ੀ ਨੂੰ ਰੰਗੇ ਹੱਥੀਂ ਟੈਸਟ ਕਰਦੇ ਹੋਏ ਫੜਿਆ ਗਿਆ ਜਿਸ ਦੌਰਾਨ ਗਰਭਪਾਤ ਕਰਨ ਵਾਲਾ ਸਾਜੋ ਸਮਾਨ ਅਤੇ ਵੱਡੀ ਮਾਤਰਾ ਵਿੱਚ ਦਵਾਈਆਂ ਬਰਾਮਦ ਕੀਤੀਆਂ ਗਈਆਂ ।
ਡਾ ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋ ਇੱਕ ਨਕਲੀ ਗਰਭਵਤੀ ਮਰੀਜ਼ ਨੂੰ ਟੈਸਟ ਕਰਵਾਉਣ ਲਈ ਇਸ ਬੰਦੇ ਕੋਲ ਭੇਜਿਆ ਗਿਆ ਇਸ ਤੋਂ ਪਹਿਲਾ ਇਸ ਦੋਸ਼ੀ ਵਿਅਕਤੀ ਨੇ ਇਹ ਟੈਸਟ ਕਰਨ ਬਦਲੇ ਪੱਚੀ ਹਜਾਰ ਰੁਪਏ ਨਗਦ ਲਏ ਸਨ ਅਤੇ ਮਰੀਜ ਨੂੰ ਪਟਿਆਲ਼ਾ ਦੇ ਪਿੰਡ ਚੌਰਾ ਵਿਖੇ ਇੱਕ ਔਰਤ ਦੇ ਘਰ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ । ਇਸ ਦੌਰਾਨ ਜਦੋਂ ਹੀ ਵਿਅਕਤੀ ਵੱਲੋਂ ਘਰ ਵਿੱਚ ਟੈਸਟ ਕਰਨਾ ਸ਼ੁਰੂ ਕੀਤਾ ਗਿਆ ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਮੌਕੇ ਤੋਂ ਹੀ ਪਹੁੰਚਕੇ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕੀਤਾ ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਇੱਕ ਔਰਤ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜੋ ਗੈਰਕਾਨੰਨੀ ਢੰਗ ਨਾਲ ਆਪਣੇ ਘਰ ਵਿੱਚ ਗਰਭਪਾਤ ਕਰਦੀ ਸੀ । ਉ੍ਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪੀ.ਸੀ. ਪੀ.ਐਨ.ਡੀ.ਟੀ. ਐਕਟ ਤਹਿਤ ਮੁਕੱਦਮਾਂ ਦਰਜ ਕਰਵਾਇਆ ਗਿਆ ਹੈ ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਡਾ ਪ੍ਰਵੇਸ਼ ਕੁਮਾਰ ਜਿਲਾ ਪਰਿਵਾਰ ਭਲਾਈ ਅਫਸਰ ਬਰਨਾਲਾ , ਡਾ ਐਸ਼ ਜੇ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ , ਡਾ ਸ਼ੀਖਾ ਰੇਡਿਓਲੋਜਿਸਟ ਸਿਵਲ ਹਸਪਤਾਲ ਬਰਨਾਲਾ, ਡਾ ਸ਼ੀਤਲ ਔਰਤ ਰੋਗਾਂ ਦੇ ਮਾਹਿਰ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਮੁਲਾਜ਼ਮ ਅਤੇ ਪੁਲਿਸ ਪਾਰਟੀ ਮੌਜੂਦ ਸੀ ।