ਚੰਡੀਗੜ੍ਹ: : ਪੰਜਾਬ ਵਿੱਚ ਗਰਮੀਆਂ ਦੇ ਮੌਸਮ ਦੀ ਆਮਦ ਨਾਲ ਵਾਤਾਵਰਣ ਮੱਛਰਾਂ ਦੀ ਪੈਦਾਵਾਰ ਦੇ ਅਨੁਕੂਲ ਹੋਣ ਕਾਰਨ ਮੱਛਰਾਂ ਦੇ ਪ੍ਰਜਨਨ ਵਿੱਚ ਵਾਧਾ ਹੋਵੇਗਾ। ਇਹ ਮੱਛਰ ਜਿਨ੍ਹਾਂ ਨੂੰ ਵੈਕਟਰ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਵੱਖ-ਵੱਖ ਬਿਮਾਰੀਆਂ ਦੇ ਵਾਹਕ ਹਨ ਅਤੇ ਇਨ੍ਹਾਂ ਨੂੰ ਮਨੁੱਖਾਂ ਵਿੱਚ ਫੈਲਾਉਂਦੇ ਹਨ।
ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਪੰਜਾਬ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਤੋਂ ਹੀ ਪੱਬਾਂ ਭਾਰ ਹੈ। ਸਾਲ 2024 ਤੱਕ ਪੰਜਾਬ ਵਿੱਚੋਂ ਮਲੇਰੀਆ ਨੂੰ ਖ਼ਤਮ ਕਰਨ ਦੇ ਟੀਚੇ ਨੂੰ ਮੁੱਖ ਰੱਖਦਿਆਂ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ: ਆਦਰਸ਼ਪਾਲ ਕੌਰ ਨੇ ਰਾਜ ਦੇ ਸਮੂਹ ਸਿਵਲ ਸਰਜਨਾਂ ਨੂੰ ਮਲੇਰੀਆ ਵਿਰੋਧੀ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਬਿਮਾਰੀ ਦੀ ਸਰਗਰਮ ਨਿਗਰਾਨੀ ਨੂੰ ਵੀ ਵਧਾਉਣ ਲਈ ਕਿਹਾ ਗਿਆ ਹੈ । ਮਲੇਰੀਆ ਦੀ ਬਿਮਾਰੀ ਦੇ ਖਾਤਮੇ ਦਾ ਉਦੇਸ਼ ਮਲੇਰੀਆ ਦੇ ਜ਼ੀਰੋ ਦੇਸੀ ਕੇਸ ਹੈ। 2022 ਵਿੱਚ 10 ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਮਲੇਰੀਆ ਦੇ ਜ਼ੀਰੋ ਕੇਸ ਸਾਹਮਣੇ ਆਏ ਹਨ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਡਾ: ਆਦਰਸ਼ਪਾਲ ਕੌਰ ਨੇ ਦੱਸਿਆ ਕਿ ਮਲੇਰੀਆ ਇੱਕ ਜਾਨਲੇਵਾ ਬਿਮਾਰੀ ਹੈ ਜੋ ਸੰਕਰਮਿਤ ਮਾਦਾ ਐਨੋਫਿਲਿਸ ਮੱਛਰ ਦੇ ਕੱਟਣ ਨਾਲ ਮਨੁੱਖਾਂ ਵਿੱਚ ਫੈਲਦੀ ਹੈ। ਇਹ ਮੱਛਰ ਕੇਵਲ ਦੇਰ ਸ਼ਾਮ ਜਾਂ ਸਵੇਰੇ-ਸਵੇਰੇ ਕੱਟਦਾ ਹੈ ਅਤੇ ਤਾਜ਼ੇ ਪਾਣੀ ਵਿੱਚ ਪੈਦਾ ਹੁੰਦਾ ਹੈ। ਪਹਿਲੇ ਲੱਛਣ ਹਲਕੇ ਜਿਹੇ ਹੋ ਸਕਦੇ ਹਨ ਜੋ ਕਿ ਬੁਖ਼ਾਰ ਵਾਲੀਆਂ ਬਿਮਾਰੀਆਂ ਨਾਲ ਮਿਲਦੇ ਜੁਲਦੇ ਹੁੰਦੇ ਹਨ, ਅਤੇ ਮਲੇਰੀਆ ਵਜੋਂ ਪਛਾਣਨ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ । ਇਲਾਜ ਨਾ ਕੀਤੇ ਜਾਣ 'ਤੇ, ਸੇਰੇਬ੍ਰਲ ਮਲੇਰੀਆ ਵਜੋਂ ਜਾਣਿਆ ਜਾਂਦਾ ਪੀ. ਫਾਲਸੀਪੇਰਮ ਮਲੇਰੀਆ ਗੰਭੀਰ ਬਿਮਾਰ ਕਰ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ। ਮਲੇਰੀਆ ਦੇ ਹਲਕੇ ਲੱਛਣਾਂ ਵਿੱਚ ਬੁਖਾਰ, ਠੰਢ ਅਤੇ ਸਿਰ ਦਰਦ ਆਦਿ ਸ਼ਾਮਿਲ ਹੈ ਅਤੇ ਗੰਭੀਰ ਲੱਛਣਾਂ ਵਿੱਚ ਥਕਾਵਟ, ਦੌਰੇ ਪੈਣਾ ਅਤੇ ਸਾਹ ਲੈਣ ਵਿੱਚ ਮੁਸ਼ਕਲ ਸ਼ਾਮਲ ਹਨ। ਮਲੇਰੀਆ ਨੂੰ ਮੱਛਰ ਦੇ ਕੱਟਣ ਤੋਂ ਬਚਾਅ ਕਰਕੇ ਰੋਕਿਆ ਜਾ ਸਕਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਲੇਰੀਆ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਹੈ।
ਵਿਭਾਗ ਦੇ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ 1 ਜਨਵਰੀ ਤੋਂ ਹੁਣ ਤੱਕ ਕੁੱਲ 7 ਲੱਖ ਮਲੇਰੀਆ ਦੇ ਟੈਸਟ ਕੀਤੇ ਜਾ ਚੁੱਕੇ ਹਨ, ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ 3 ਲੱਖ ਟੈਸਟ ਕੀਤੇ ਗਏ ਸਨ।ਇਸ ਸਾਲ ਹੁਣ ਤੱਕ ਫਤਿਹਗੜ੍ਹ ਸਾਹਿਬ ਅਤੇ ਕਪੂਰਥਲਾ ਜਿਲ੍ਹੇ ਵਿੱਚ ਮਲੇਰੀਆ ਦਾ ਇੱਕ ਇੱਕ ਕੇਸ ਸਾਹਮਣੇ ਆਇਆ ਹੈ ਪਰ ਜਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਯਾਤਰਾ ਦਾ ਇਤਿਹਾਸ ਸੀ, ਇਸ ਲਈ ਹੁਣ ਤੱਕ ਇਸ ਸਾਲ ਮਲੇਰੀਆ ਦਾ ਕੋਈ ਵੀ ਦੇਸੀ ਕੇਸ ਸਾਹਮਣੇ ਨਹੀਂ ਆਇਆ ਹੈ। ਖਤਰੇ ਵਾਲੇ ਪ੍ਰਵਾਸੀ ਖੇਤਰ, ਸਕੂਲਾਂ, ਕਾਲਜਾਂ ਅਤੇ ਕਮਿਊਨਿਟੀ ਵਿੱਚ ਵਸੋਂ ਵਾਲੇ ਖੇਤਰਾਂ ਦੇ ਆਲੇ ਦੁਆਲੇ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਲਈ ਯੋਗ ਕਾਰਵਾਈ ਕੀਤੀ ਜਾ ਰਹੀ ਹੈ ।
ਡਾ: ਆਦਰਸ਼ਪਾਲ ਕੌਰ ਨੇ ਦੱਸਿਆ ਕਿ ਜਿਵੇਂ ਕਿ ਉਦਯੋਗ, ਸਥਾਨਕ ਸਰਕਾਰਾਂ, ਸਕੂਲ ਸਿੱਖਿਆ, ਆਂਗਣਵਾੜੀ ਆਦਿ ਵੱਖ-ਵੱਖ ਵਿਭਾਗਾਂ ਦੀ ਮਲੇਰੀਆ ਵਿਰੁੱਧ ਲੜਾਈ ਵਿੱਚ ਆਪਣੀ ਅਹਿਮ ਭੂਮਿਕਾ ਹੈ, ਇਸ ਲਈ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਅੰਤਰ-ਵਿਭਾਗੀ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਹਨ। ਤਾਂ ਜੋ ਸਾਰੇ ਵਿਭਾਗ ਮਲੇਰੀਆ ਨੂੰ ਕੰਟਰੋਲ ਕਰਨ ਅਤੇ ਖ਼ਤਮ ਕਰਨ ਲਈ ਮਿਲ ਕੇ ਕੰਮ ਕਰ ਸਕਣ।
25 ਅਪਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਦੇ ਮੱਦੇਨਜ਼ਰ ਡਾਇਰੈਕਟਰ ਵੱਲੋਂ ਲੋਕਾਂ ਨੂੰ ਮਲੇਰੀਆ ਦੀ ਰੋਕਥਾਮ ਲਈ ਵੱਖ-ਵੱਖ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਹੋਰ ਸਾਧਨਾਂ ਦੀ ਵਰਤੋਂ ਕਰਕੇ ਮੱਛਰ ਦੇ ਕੱਟਣ ਤੋਂ ਬਚਣ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ। ਛੱਪੜਾਂ ਆਦਿ ਵਿੱਚ ਕਾਲੇ ਤੇਲ ਦਾ ਛਿੜਕਾਅ ਕਰਕੇ ਮੱਛਰ ਦੇ ਲਾਰਵੇ ਨੂੰ ਖਾਣ ਵਾਲੀ ਗੈਂਬੂਸੀਆ ਮੱਛੀ ਨੂੰ ਛੱਡਕੇ ਵੀ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕਦਾ ਹੈ।