ਪਟਿਆਲਾ: ਸਰਕਾਰੀ ਸਿਹਤ ਕੇਂਦਰਾਂ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਅਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮਿਆਰੀ ਤੇ ਗੁਣਵਤੱਤਾ ਵਾਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਆਮ ਆਦਮੀ ਕਲੀਨਿਕ ਅਜਨੋਦਾ ਅਤੇ ਤੰਦਰੁਸਤ ਸਿਹਤ ਕੇਂਦਰ ਮੰਡੌਰ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਵੀ ਹਾਜ਼ਰ ਸਨ।
ਦੌਰੇ ਦੌਰਾਨ ਸਿਵਲ ਸਰਜਨ ਡਾ. ਰਮਿੰਦਰ ਕੌਰ ਵੱਲੋਂ ਸਭ ਤੋਂ ਪਹਿਲਾ ਤੰਦਰੁਸਤ ਸਿਹਤ ਕੇਂਦਰ ਮੰਡੌਰ ਦਾ ਦੌਰਾ ਕੀਤਾ ਅਤੇ ਕੇਂਦਰ ਵਿਚ ਤਾਇਨਾਤ ਸਟਾਫ਼ ਦੀ ਹਾਜ਼ਰੀ ਚੈੱਕ ਕੀਤੀ। ਉਹਨਾਂ ਮੌਕੇ ਤੇ ਮੌਜੂਦ ਏ.ਐਨ.ਐਮ ਅਤੇ ਆਸ਼ਾ ਨੂੰ ਹਦਾਇਤ ਕੀਤੀ ਕਿ ਮਾਂ ਬੱਚਾ ਦੀ ਸਿਹਤ ਸੰਭਾਲ ਲਈ ਦਿੱਤੀਆਂ ਜਾ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਹਰੇਕ ਲੋੜਵੰਦ ਨੂੰ ਦੇਣੀਆਂ ਯਕੀਨੀ ਬਣਾਈਆਂ ਜਾਣ। ਪਿੰਡਾ ਦਾ ਸਰਵੇ ਕੀਤਾ ਜਾਵੇ। ਹਾਈ ਰਿਸਕ ਗਰਭਵਤੀਆਂ ਦਾ ਖ਼ਾਸ ਧਿਆਨ ਰੱਖਦੇ ਹੋਏ ਉਹਨਾਂ ਦਾ ਸਮੇਂ ਸਮੇਂ ਫੋਲੋ ਅੱਪ ਕੀਤਾ ਜਾਵੇ ਅਤੇ ਉਹਨਾਂ ਦਾ ਜਣੇਪਾ ਸਰਕਾਰੀ ਸਿਹਤ ਸੰਸਥਾ ਵਿੱਚ ਕਰਵਾਉਣਾ ਯਕੀਨੀ ਬਣਾਇਆ ਜਾਵੇ। ਮੈਡੀਕਲ ਅਫ਼ਸਰ ਨੂੰ ਸਮੇਂ ਸਮੇਂ ਤੇ ਆਸ਼ਾ ਦੀ ਮੀਟਿੰਗ ਕਰਨ ਅਤੇ ਸਮੂਹ ਸਿਹਤ ਸਕੀਮਾਂ ਦਾ ਲਾਭ ਹਰੇਕ ਲੋੜਵੰਦ ਨਾਗਰਿਕ ਤੱਕ ਪਹੁੰਚਾਉਣ ਲਈ ਹਦਾਇਤਾਂ ਜਾਰੀ ਕੀਤੀਆਂ।
ਇਸ ਉਪਰੰਤ ਉਹਨਾਂ ਵੱਲੋਂ ਆਮ ਆਦਮੀ ਕਲੀਨਿਕ ਅਜਨੋਦਾ ਦਾ ਦੌਰਾ ਕੀਤਾ ਅਤੇ ਮੌਕੇ ਤੇ ਮੌਜੂਦ ਮੈਡੀਕਲ ਅਫ਼ਸਰ ਤੇ ਸਟਾਫ਼ ਨਾਲ ਮੁਲਾਕਾਤ ਕੀਤੀ। ਸਬੰਧਤ ਮੈਡੀਕਲ ਅਫ਼ਸਰ ਵੱਲੋਂ ਦੱਸਿਆ ਕਿ ਅਜਨੋਦਾ ਨੂੰ ਆਮ ਆਦਮੀ ਕਲੀਨਿਕ ਬਣਾਉਣ ਨਾਲ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਇਥੇ ਮਰੀਜ਼ਾਂ ਦੇ ਟੈਸਟ ਅਤੇ ਦਵਾਈਆਂ ਦਾ ਉਚਿਤ ਪ੍ਰਬੰਧ ਹੈ।
ਇਸ ਮੌਕੇ ਉਹਨਾਂ ਸਿਹਤ ਕੇਂਦਰ ਵਿੱਚ ਮਰੀਜ਼ਾਂ ਨੂੰ ਮਿਲ ਰਹੀਆਂ ਮੁਫ਼ਤ ਸਿਹਤ ਸੇਵਾਵਾਂ ਦਾ ਵੀ ਜਾਇਜ਼ਾ ਲਿਆ ਅਤੇ ਕੇਂਦਰ ਦੀ ਬਿਲਡਿੰਗ ਦਾ ਨਿਰੀਖਣ ਵੀ ਕੀਤਾ ।ਇਸ ਮੌਕੇ ਕਮਿਊਨਿਟੀ ਸਿਹਤ ਕੇਂਦਰ ਭਾਦਸੋਂ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਪੁਨੀਤ ਅਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਅਮਨ ਅਮਨਦੀਪ ਵੀ ਹਾਜ਼ਰ ਸਨ।