ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਅੰਦਰ ਲੜਕੀਆਂ ਦੇ ਦਰ ਅਨੁਪਾਤ ਘੱਟ ਹੋਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਜਿਸ ਧਰਤੀ ਉੱਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੰਘ ਨਾਦ ਗੂੰਜਿਆ। ਜਿਸ ਧਰਤੀ ਉੱਤੇ ਪਾਤਸ਼ਾਹ ਨੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥” (473) ਦਾ ਉਤਮ ਸੰਦੇਸ਼ ਦੇਕੇ ਘੋਰ ਨਿਰਾਦਰੀ ਦਾ ਨਰਕ ਭੋਗ ਰਹੀ ਔਰਤ ਦੇ ਹੱਕ ਵਿਚ ਨਾਅਰਾ ਬੁਲੰਦ ਕੀਤਾ ਸੀ, ਉਸ ਧਰਤੀ ਉੱਤੇ ਲੜਕੀਆਂ ਦਾ ਅਨੁਪਾਤ ਦਰ ਘੱਟਣਾ ਤਾਂ ਇਕ ਸਮਾਜਿਕ ਕਲੰਕ ਵੀ ਹੈ।
ਉਨ੍ਹਾਂ ਕਿਹਾ ਕਿ ਲੜਕੀ ਤਥਾ ਔਰਤ ਤਾਂ ਸੰਸਾਰ/ਸਮਾਜ ਦਾ ਕੇਂਦਰ ਬਿੰਦੂ ਹੈ। ਉਸ ਤੋਂ ਬਿਨਾਂ ਸੰਸਾਰ ਦੀ ਹੋਂਦ-ਹਸਤੀ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਲੜਕੀਆਂ ਘਰ-ਪਰਿਵਾਰ ਦੀ ਸ਼ਾਨ ਅਤੇ ਇਮਾਨ ਹੁੰਦੀਆਂ ਹਨ। ਲੜਕੀ ਤਾਂ ਪੇਕੇ ਅਤੇ ਸਹੁਰੇ ਘਰ-ਪਰਿਵਾਰ ਦਾ ਰੋਸ਼ਨ ਚਿਰਾਗ ਹੁੰਦੀ ਹੈ। ਉਨ੍ਹਾਂ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਆਓ! ਲੋਹੜੀ ਦੇ ਦਿਨ ਅਹਿਦ ਕਰੀਏ ਅਤੇ ਕੇਵਲ ਤੇ ਕੇਵਲ ਲੜਕੇ ਦੀ ਚਾਹਤ ਨੂੰ ਛੱਡਕੇ ਲੜਕੀ ਦਾ ਵੀ ਘਰ ਵਿਚ ਸਵਾਗਤ ਕਰਕੇ ਇਸ ਕਲੰਕ ਤੋਂ ਬੱਚੀਏ।