ਚੰਡੀਗੜ੍ਹ: ਬਸਪਾ ਪ੍ਰਧਾਨ ਪੰਜਾਬ ਜਸਵੀਰ ਸਿੰਘ ਗੜੀ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਸ੍ਰੋਮਣੀ ਕਮੇਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹਨਾਂ ਦੀ ਅਣਗਹਿਲੀ ਤੇ ਭਾਜਪਾ ਪ੍ਰਤੀ ਅਤਿ ਨਰਮ ਪਖ ਸਿਖਾਂ ਉਪਰ ਹਮਲੇ , ਯੂਏਪੀਏ ਵਰਗੇ ਕਾਲੇ ਕਨੂੰਨ, ਗੁਰਦਆਰਿਆਂ ਉਪਰ ਕਬਜੇ ਜਾਰੀ ਹਨ।
ਤਾਜ਼ਾ ਘਟਨਾ ਵਿਚ ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲ੍ਹੇ ਤੋਂ ਪੁਲਿਸ ਦੀ ਜ਼ਾਲਮਾਨਾ ਇੱਕ ਤਸਵੀਰ ਸਾਹਮਣੇ ਆਈ ਹੈ। ਵਾਇਰਲ ਹੋਈ ਇਕ ਵੀਡੀਓ ਵਿਚ ਪੁਲਿਸ ਮੁਲਾਜ਼ਮ ਸਿਕਲੀਗਰ ਭਾਈਚਾਰੇ ਦੇ ਸਿੱਖ ਗ੍ਰੰਥੀ ਨੌਜਵਾਨ ਨੂੰ ਕੁੱਟ ਰਹੇ ਹਨ ਅਤੇ ਉਸ ਨੂੰ ਕੇਸਾਂ ਤੋਂ ਫੜ ਸੜਕ ਉਪਰ ਘਸੀਟ ਰਹੇ ਹਨ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਸ ਦੀ ਮਦਦ ਤੇ ਆਏ ਉਸਦੇ ਸਿਖ ਸਾਥੀਆਂ ਨੂੰ ਪੁਲਿਸ ਵਲੋਂ ਫਿਰਕੂ ਗੁੰਡਿਆਂ ਦੀ ਭੀੜ ਵਾਂਗ ਹਮਲਾ ਕੀਤਾ ਜਾਂਦਾ ਹੈ। ਘਟਨਾ ਵੀਰਵਾਰ ਦੌਰਾਨ ਬਰਵਾਨੀ ਜ਼ਿਲ੍ਹੇ ਦੀ ਰਾਜਪੁਰ ਤਹਿਸੀਲ ਦੇ ਪਲਸੁਦ ਥਾਣਾ ਖੇਤਰ ਵਿੱਚ ਸਿਕਲੀਗਰ ਸਿਖ ਨੌਜਵਾਨ ਪ੍ਰੇਮ ਸਿੰਘ ਨਾਲ ਪੁਲਿਸ ਲੜਾਈ ਦਾ ਵੀਡੀਓ ਵਾਇਰਲ ਹੋਇਆ ਹੈ।ਪ੍ਰੇਮ ਸਿੰਘ ਚਾਬੀਆਂ ਵੀ ਬਣਾਉਂਦਾ ਹੈ। ਪੁਰਾਣੀ ਪੁਲਿਸ ਚੌਕੀ ਨੇੜੇ ਉਸ ਦੀ ਇੱਕ ਦੁਕਾਨ ਹੈ। ਪ੍ਰੇਮ ਸਿੰਘ ਦਾ ਇਲਜ਼ਾਮ ਹੈ ਕਿ ਵੀਰਵਾਰ ਨੂੰ ਕੁਝ ਪੁਲਿਸ ਮੁਲਾਜ਼ਮ ਇੱਕ ਔਰਤ ਪੁਲਿਸ ਮੁਲਾਜ਼ਮ ਸਮੇਤ ਉਸ ਕੋਲ ਆਏ ਅਤੇ ਉਸ ਤੋਂ ਪੈਸੇ ਦੀ ਮੰਗ ਕੀਤੀ। ਇਹ ਦੱਸਣ 'ਤੇ ਕਿ ਕੋਈ ਕਮਾਈ ਨਹੀਂ ਹੋਈ। ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਉਸ ਨੂੰ ਗਾਲ਼ਾਂ ਕੱਢੀਆਂ। ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸਨੂੰ ਕੁੱਟਿਆ ਗਿਆ। ਕੁੱਟਮਾਰ ਕਰਨ ਵਾਲੇ ਪੁਲਿਸ ਵਾਲਿਆਂ ਨੇ ਦਸਤਾਰ ਦੀ ਵੀ ਪਰਵਾਹ ਨਹੀਂ ਕੀਤੀ ਜੋ ਸਿੱਖ ਧਰਮ ਦਾ ਮਾਣ ਮੰਨੀ ਜਾਂਦੀ ਹੈ। ਪ੍ਰੇਮ ਸਿੰਘ ਦੀ ਪੱਗ ਧੂਹਕੇ ਉਤਾਰੀ ਗਈ। ਇਸ ਤੋਂ ਬਾਅਦ ਉਸ ਦੇ ਕੇਸਾਂ ਤੋਂ ਫੜ ਕੇ ਸੜਕ ਉਪਰ ਘਸੀਟਿਆ।ਉਹ ਹਥ ਜੋੜਦਾ ਰਿਹਾ, ਪਰ ਪੁਲਿਸ ਵਾਲਿਆਂ ਨੇ ਉਸ ਦੀ ਨਹੀਂ ਸੁਣੀ। ਜਦੋਂ ਪ੍ਰੇਮ ਸਿੰਘ ਦੇ ਕੁਝ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਵੀ ਕੁਟਿਆ।
ਅਜਿਹੀਆਂ ਘਟਨਾਵਾਂ ਵਿਚ ਅਕਾਲੀ ਦਲ ਬਾਦਲ ਦੀ ਚੁੱਪ ਪੰਥ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰ ਰਹੀ ਹੈ। ਬਾਦਲ ਪਰਿਵਾਰ ਦੀ ਚੁਪ ਕਾਰਣ ਸਰਕਾਰੀ ਗੁਪਤ ਡਾਇਰੀਆਂ ਵਿਚ ਪੰਜਾਬ ਨੂੰ ਗੜਬੜ ਵਾਲਾ ਸੂਬਾ ਐਲਾਨ ਕੇ ਸਿੱਖਾਂ ਨੂੰ ਸ਼ਕੀ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੇੈ। ਪਿਛਲੇ ਦਿਨੀਂ ਪੰਜਾਬ ਵਿੱਚ 19 ਤੋਂ ਜ਼ਿਆਦਾ ਸਿਖਾਂ ਉਪਰ ਯੂਏਪੀਏ ਅੰਤਰਗਤ ਕੇਸ ਪਾਏ ਗਏ ਹਨ। ਇਸ ਬਾਰੇ ਅਕਾਲੀ ਦਲ ਬਾਦਲ ਘੇਸਲ ਵਟੀ ਬੈਠਾ ਹੈ ਅਤੇ ਮੋਦੀ ਸਰਕਾਰ ਵਿਰੁਧ ਅਵਾਜ ਨਹੀਂ ਉਠਾ ਰਿਹਾ। ਯੂਏਪੀਏ ਅੰਤਰਗਤ ਕੇਸ ਵਿੱਚ ਨੌਜਵਾਨ ਲਵਪ੍ਰੀਤ ਨੇ ਆਤਮਹਤਿਆ ਨਹੀ ਕੀਤੀ ਕੇਦਰੀ ਸੈਲ ਦੇ ਤਸ਼ਤਦ ਕਾਰਣ ਹਤਿਆ ਹੋਈ ਹੈ। ਪਰ ਬਾਦਲ ਦਲ ਇਹਨਾਂ ਸਾਰੇ ਮਾਮਲਿਆਂ ਵਿਚ ਸਪਸਟ ਸਟੈਂਡ ਨਾ ਲੈਕੇ ਡਰਾਮੇ ਕਰ ਰਿਹਾ ਹੈ। ਜਸਵੀਰ ਸਿੰਘ ਗੜੀ ਨੇ ਕਿਹਾ ਕਿ ਬਾਦਲ ਦਲ ਨੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਸਥਾਨਾਂ, ਹਰਿਦੁਆਰ ਸਥਿਤ ਗੁਰਦੁਆਰਾ ਗਿਆਨ ਗੋਦੜੀ ਅਤੇ ਸਿੱਕਮ ਦੇ ਗੁਰਦੁਆਰਾ ਡਾਂਗ ਮਾਰ ਸਾਹਿਬ ਨੂੰ ਆਜ਼ਾਦ ਕਰਵਾਏ ਜਾਣ ਦੇ ਸੰਬੰਧ ਵਿੱਚ ਕੋਈ ਪ੍ਰੋਗਰਾਮ ਨਹੀਂ ਦਿੱਤਾ ਅਤੇ ਨਾ ਸਰਕਾਰ ਤੱਕ ਪਹੁੰਚ ਕਰ ਕੇ ਇਹ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕਤਾ ਪ੍ਰਦਾਨ ਕਰਨ ਲਈ ਇਹ ਇਤਿਹਾਸਕ ਸਥਾਨ ਪੰਥ ਨੂੰ ਸੌਂਪੇ ਜਾਣ। ਹਾਲਾਕਿ ਮੋਦੀ ਸਰਕਾਰ ਉਹਨਾਂ ਦੀ ਆਪਣੀ ਸਰਕਾਰ ਹੈ। ਉਹਨਾਂ ਦਸਿਆ ਕਿ ਉੜੀਸਾ ਦੇ ਜਗਨਨਾਥ ਪੁਰੀ ਵਿਚ ਮੰਗੂ ਮੱਠਮੱਠ ਦੇ ਅਸਲ ਢਾਂਚੇ ਨਾਲ ਛੇੜ-ਛਾੜ ਕੀਤੀ ਹੈ। ਉਹ ਮੱਠ ਦਾ ਹਿੱਸਾ ਸੀ ਜਿਸ ਨੂੰ ਢਾਹਿਆ ਗਿਆ ਹੈ। ਗੁਰੂ ਨਾਨਕ ਦੇਵ ਜੀ 1550 ਵਿੱਚ ਮੰਗੂ ਮੱਠ ਆਏ ਸਨ। ਮੰਗੂ ਮੱਠ ਉਹ ਰੇਤ ਦਾ ਥੜਾ ਹੈ, ਜਿੱਥੇ ਖੜ੍ਹ ਕੇ ਉਨ੍ਹਾਂ ਅਕਾਲ ਪੁਰਖ਼ ਦੀ ਮਹਿਮਾ ਵਿਚ 'ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ' ਸ਼ਬਦ ਉਚਾਰਿਆ ਸੀ।ਇਸ ਮੱਠ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਰਤੀ ਹੀ ਗਾਈ ਤੇ ਪੜ੍ਹੀ ਜਾਂਦੀ ਹੈ। ਜਗਨਨਾਥ ਪੁਰੀ ਵਿੱਚ ਇੱਕ ਇਤਿਹਾਸਕ ਗੁਰਦੁਆਰਾ 'ਆਰਤੀ ਸਾਹਿਬ' ਵੀ ਹੈ।
ਇਥੇ ਇਹ ਗੱਲ ਵਰਣਨਯੋਗ ਹੈ ਕਿ ਹਰਿਦੁਆਰ, ਗੰਗਾ ਕਿਨਾਰੇ, ਹਰਿ ਕੀ ਪੌੜੀ ਸਥਿਤ ਇਤਿਹਾਸਕ 'ਗੁਰਦੁਆਰਾ ਗਿਆਨ ਗੋਦੜੀ' ਉਹ ਇਤਿਹਾਸਕ ਅਸਥਾਨ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਹਰਿਦੁਆਰ ਪੁੱਜਕੇ, ਕਰਮ-ਕਾਂਡਾਂ, ਵਹਿਮਾਂ-ਭਰਮਾਂ ਦੇ ਫੈਲੇ ਹਨੇਰੇ ਨੂੰ ਦੂਰ ਕਰਨ ਲਈ 'ਗਿਆਨ ਦਾ ਪ੍ਰਕਾਸ਼' ਕੀਤਾ ਸੀ। ਗੁਰੂ ਸਾਹਿਬ ਦੀ ਇਸ ਹਰਿਦੁਆਰ ਯਾਤਰਾ ਦੀ ਯਾਦ ਵਿੱਚ ਗੰਗਾ ਕਿਨਾਰੇ ਹਰਿ ਕੀ ਪੌੜੀ ਦੇ ਸਥਾਨ 'ਤੇ ਇਤਿਹਾਸਕ, ਗੁਰਦੁਆਰਾ ਗਿਆਨ ਗੋਦੜੀ ਸਥਾਪਤ ਕੀਤਾ ਗਿਆ ਸੀ, ਜਿਸ ਨੂੰ 1979 ਵਿੱਚ ਹਰਿਦੁਆਰ ਵਿਖੇ ਗੰਗਾ ਕਿਨਾਰੇ ਲੱਗੇ ਕੁੰਭ ਦੇ ਮੇਲੇ ਵਿੱਚ ਮਚੀ ਭਗਦੜ ਦੌਰਾਨ ਚਾਰ ਸੌ ਦੇ ਲਗਭਗ ਵਿਅਕਤੀਆਂ ਦੇ ਮਾਰੇ ਜਾਣ ਦੇ ਹੋਏ ਦੁਖਾਂਤ ਤੋਂ ਬਾਅਦ ਢਾਹ ਦਿੱਤਾ ਗਿਆ ਸੀ। ਇਸ ਸਮੇਂ ਇਸ ਅਸਥਾਨ ਉਪਰ 'ਉੱਤਰਾਂਚਲ ਭਾਰਤੀ ਸਕਾਊਟਸ' ਵਲੋਂ ਸੰਚਲਿਤ ਸੇਵਾ ਕੇਂਦਰ ਸਥਾਪਤ ਹੈ।
ਉਹਨਾਂ ਦਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਤਰੀ ਸਿੱਕਿਮ ਦੇ ਗੁਰੂ ਡਾਂਗਮਾਰ ਝੀਲ 'ਚ ਸਮੁੰਦਰ ਤਲ ਤੋਂ ਲਗਭਗ 17, 500 ਫੁੱਟ ਦੀ ਉਚਾਈ 'ਤੇ ਬਰਫ ਦੇ ਰੂਪ 'ਚ ਜੰਮੇ ਹੋਏ ਪਾਣੀ ਨੂੰ ਡਾਂਗ ਮਾਰ ਕੇ ਪਾਣੀ ਕੱਢਿਆ ਗਿਆ ਸੀ, ਜਿਸ ਤੋਂ ਬਾਅਦ ਉਥੇ ਰਹਿੰਦੇ ਬੌਧ ਧਰਮ ਨਾਲ ਸੰਬੰਧਿਤ ਲਾਮਾ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਲਾਮਾ ਦੇ ਨਾਲ ਪ੍ਰਚਾਰਦੇ ਹਨ।ਪਰ ਕਾਫੀ ਸਮਾਂ ਪਹਿਲਾਂ ਕੁਝ ਲੋਕਾਂ ਨੇ ਕਬਜ਼ਾ ਕਰ ਲਿਆ ।
ਉਹਨਾਂ ਦਸਿਆ ਕਿ ਸਿਖਾਂ ਪ੍ਰਤੀ ਭਾਜਪਾ ਸਰਕਾਰਾਂ ਦਾ ਵਤੀਰਾ ਫਿਰਕੂ ਨਜਰ ਆ ਰਿਹਾ ਹੈ ਜੋ ਕਿ ਪੰਜਾਬ ਅਤੇ ਪੰਜਾਬੀਅਤ ਨੂੰ ਨਿਗਲਦਾ ਨਜ਼ਰ ਆਉਂਦਾ ਹੈ।
ਉਹਨਾਂ ਕਿਹਾ ਕਿ ਇਹ ਸਭ ਬਾਦਲ ਦਲ ਦੇ ਭਾਜਪਾ ਪ੍ਰਤੀ ਨਰਮ ਸਟੈਂਡ ਕਾਰਣ ਸਿਖਾਂ ਤੇ ਫਿਰਕੂ ਹਮਲੇ ਸਰਕਾਰੀ ਤਸ਼ਤਦ ਜਾਰੀ ਹਨ। ਬਾਦਲ ਦਲ ਕੇਂਦਰ ਦੀ ਭਾਜਪਾ ਸਰਕਾਰ ਅੱਗੇ ਘੁਟਨੇ ਟੇਕ ਚੁੱਕਾ ਹੈ ਅਤੇ ਪੰਜਾਬ ਤੇ ਪੰਥਕ ਮੁੱਦਿਆ ਉਪਰ ਬੱਕਰੀ ਦੀ ਤਰ੍ਹਾਂ ਮਿਮਿਆ ਰਿਹਾ ਹੈ। ਬਸਪਾ ਪੰਜਾਬ ਪੰਜਾਬੀਆਂ ਨਾਲ ਵਾਅਦਾ ਕਰਦੀ ਹੈ ਕਿ ਪੰਜਾਬ ਅਤੇ ਪੰਜਾਬੀਅਤ ਦੇ ਹਰ ਮੁੱਦੇ ਉਪਰ ਪਾਰਟੀ ਦੇ ਘੱਟ ਸਾਧਨਾਂ ਦੇ ਬਾਵਜੂਦ ਵੀ ਮੂਹਰਲੀ ਕਤਾਰ ਵਿਚ ਖੜਕੇ ਲੜਾਈ ਲੜੇਗੀ