ਮਿਲਕਫੈਡ ਵਿੱਚ ਘਪਲੇਬਾਜਾਂ ਖਿਲਾਫ਼ ਸਖਤ ਕਾਰਵਾਈ ਕਰਕੇ ਅਦਾਰੇ ਨੂੰ ਬਚਾਇਆ ਜਾਵੇ: ਹਰਨੇਕ ਮਹਿਮਾ
ਲੋਕਾਂ ਦੇ ਪੈਸੇ ਨਾਲ ਉੱਸਰੇ ਅਦਾਰੇ ਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ: ਗੁਰਦੀਪ ਰਾਮਪੁਰਾ
ਬਰਨਾਲਾ, : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਸਹਿਕਾਰੀ ਅਦਾਰੇ ਮਿਲਕਫੈੱਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਸਾਜਿਸ਼ ਤਹਿਤ ਬੁਰੀ ਹਾਲਤ ਕੀਤੇ ਜਾਣ ਨੂੰ ਬੜੀ ਗੰਭੀਰਤਾ ਨਾਲ ਵਿਚਾਰਿਆ ਹੈ। ਇਸ ਸਬੰਧੀ ਸੂਬਾ ਕਮੇਟੀ ਦਾ ਫਿਕਰ ਪ੍ਰੈਸ ਨਾਲ ਸਾਂਝੇ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਿਣ ਮਿਥ ਕੇ ਅਦਾਰੇ ਨੂੰ ਫੇਲ੍ਹ ਕਰਨ ਦੀ ਸਾਜਿਸ਼ ਤਹਿਤ ਮਿਲਕਫੈਡ ਵਿੱਚ ਬੇਨਿਯਮੀਆਂ, ਭ੍ਰਿਸ਼ਟਾਚਾਰ ਅਤੇ ਗਲਤ ਨੀਤੀਆਂ ਦਾ ਬੋਲਬਾਲਾ ਹੈ। ਇਸ ਬਾਰੇ ਮਿਲਕ ਫੈਡ ਦੇ ਕਰਮਚਾਰੀਆਂ ਦੀਆਂ ਜਥੇਬੰਦੀਆਂ ਅਤੇ ਡਾਇਰੈਕਟਰਾਂ ਵੱਲੋਂ ਕੀਤੇ ਖੁਲਾਸੇ ਇਹਨਾਂ ਕਥਨਾਂ ਦੀ ਪੁਸ਼ਟੀ ਕਰਦੇ ਹਨ।
ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਕਿਹਾ ਹੈ ਕਿ ਮਿਲਕ ਫੈਡ ਦੀ ਮੈਨੇਜਮੈਂਟ ਨੇ ਜੋ ਨਵੀਆਂ ਨੀਤੀਆਂ ਲਿਆਂਦੀਆਂ ਹਨ ਉਹ ਜਾਣ ਬੁਝ ਕੇ ਅਦਾਰੇ ਨੂੰ ਫੇਲ੍ਹ ਕਰਨ ਵਾਲੀਆਂ ਹਨ, ਜਿਵੇਂ ਗਾਂ ਦਾ ਦੁੱਧ 3% ਫੈਟ ਤੋਂ ਘੱਟ ਅਤੇ ਮੱਝ ਦਾ ਦੁੱਧ 5% ਫੈਟ ਤੋਂ ਘੱਟ ਦੀ ਖਰੀਦ ਬੰਦ ਕਰਨੀ, ਦੁੱਧ ਦਾ ਪੂਰਾ ਰੇਟ ਲੈਣ ਲਈ ਫੈਟ ਤੋਂ ਇਲਾਵਾ ਹੋਰ ਪਦਾਰਥ (SNF) ਦੀ ਮਾਤਰਾ 9% ਕਰਨੀ ਅਤੇ ਇਸ ਤੋਂ ਘੱਟ ਲਈ ਦੁੱਧ ਦੇ ਰੇਟ ਵਿੱਚ ਕਟੌਤੀ ਕਰਨੀ, ਫੈਟ ਕੱਢਣ ਵਾਲੇ ਯੰਤਰ ਜਿਵੇਂ ਪਿਪਟ ਅਤੇ ਬਟੈਰੋਮੀਟਰ ਵਗੈਰਾ ਦਾ ਸਾਈਜ਼ ਘੱਟ ਕਰਨਾ। ਇਸ ਨਾਲ ਦੁੱਧ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਨਕਦੋ ਨਕਦ ਘਾਟਾ ਤਾਂ ਪੈਂਦਾ ਹੀ ਹੈ, ਜਦੋਂ ਕਿਸਾਨ ਉਹੋ ਹੀ ਦੁੱਧ ਹੋਰ ਅਦਾਰਿਆਂ ਕੋਲ ਲੈ ਕੇ ਜਾਂਦੇ ਹਨ ਤਾਂ ਉਹਨਾਂ ਨੂੰ ਫੈਟ ਵੀ ਵੱਧ ਮਿਲਦੀ ਹੈ ਅਤੇ ਕਟੌਤੀ ਵੀ ਨਹੀਂ ਲੱਗਦੀ। ਇਸ ਲਈ ਉਹ ਮਿਲਕਫੈਡ ਨੂੰ ਦੁੱਧ ਦੇਣ ਤੋਂ ਗ਼ੁਰੇਜ਼ ਕਰਦੇ ਹਨ। ਇਸ ਤਰਾਂ ਅਦਾਰੇ ਦੀ ਖਰੀਦ ਘਟਾ ਕੇ ਤਬਾਹੀ ਦਾ ਮੁੱਢ ਬੰਨ੍ਹ ਦਿੱਤਾ ਗਿਆ ਹੈ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਹੋਈਆਂ ਘਪਲੇ ਬਾਜ਼ੀਆਂ ਦੀ ਜਾਂਚ ਪੜਤਾਲ ਕਰਕੇ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਅਤੇ ਨਾਂ ਹੀ ਰਿਕਵਰੀਆਂ ਕੀਤੀਆਂ ਗਈਆਂ ਹਨ। ਇਹ ਵੀ ਅਦਾਰੇ ਨੂੰ ਫੇਲ੍ਹ ਕਰਨ ਦੀ ਸਾਜਿਸ਼ ਦਾ ਇੱਕ ਹਿੱਸਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਅਦਾਰੇ ਵੱਲ ਤੁਰੰਤ ਧਿਆਨ ਦੇਵੇ ਅਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਕਰੇ, ਨਹੀਂ ਤਾਂ ਇਹ ਪੱਕਾ ਸਬੂਤ ਹੋਵੇਗਾ ਕਿ ਇਹ ਸਭ ਕੁੱਝ ਪੰਜਾਬ ਸਰਕਾਰ ਦੀ ਮਿਲੀਭੁਗਤ ਨਾਲ ਹੀ ਹੋ ਰਿਹਾ ਹੈ ਅਤੇ ਲੋਕਾਂ ਦੇ ਸਹਿਕਾਰੀ ਅਦਾਰੇ ਨੂੰ ਜਾਣ ਬੁਝ ਕੇ ਫੇਲ੍ਹ ਕੀਤਾ ਜਾ ਰਿਹਾ ਹੈ।
ਸੂਬਾ ਕਮੇਟੀ ਨੇ ਨੋਟ ਕੀਤਾ ਕਿ ਅਦਾਰੇ ਨੂੰ ਬਚਾਉਣ ਲਈ ਇਸ ਦੇ ਕਰਮਚਾਰੀ ਲੜਾਈ ਲੜ ਰਹੇ ਹਨ ਅਤੇ ਉਹਨਾਂ ਨੇ ਸਾਰਾ ਮਸਲਾ ਕਈ ਵਾਰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ। ਜੇਕਰ ਫਿਰ ਵੀ ਸਰਕਾਰ ਨੇ ਲੋਕਾਂ ਦੀ ਅਤੇ ਕਰਮਚਾਰੀਆਂ ਦੀ ਆਵਾਜ਼ ਨਾਂ ਸੁਣੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਰਮਚਾਰੀਆਂ ਦੇ ਸੰਘਰਸ਼ਾਂ ਵਿੱਚ ਸਾਥ ਦੇਵੇਗੀ ਅਤੇ ਇਸ ਅਦਾਰੇ ਨੂੰ ਬਚਾਉਣ ਲਈ ਆਪਣੇ ਵੱਲੋਂ ਵੀ ਪੂਰਾ ਯਤਨ ਕਰੇਗੀ।