ਜਿਵੇਂ ਮੇਰੇ ਪੁੱਤ ਭਗਵੰਤ ਮਾਨ ਦਾ ਸਾਥ ਦਿੱਤਾ, ਉਵੇਂ ਮੀਤ ਹੇਅਰ ਦਾ ਸਾਥ ਦੇਵੋ: ਹਰਪਾਲ ਕੌਰ
ਮੁੱਖ ਮੰਤਰੀ ਦੀ ਮਾਤਾ ਅਤੇ ਵਿੱਤ ਮੰਤਰੀ ਨੇ ਮੀਤ ਹੇਅਰ ਲਈ ਮੰਗੀਆਂ ਵੋਟਾਂ
ਦਿੜ੍ਹਬਾ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਰੈਲੀਆਂ ਨੂੰ ਕੀਤਾ ਸੰਬੋਧਨ
ਸਤੌਜ (ਸੰਗਰੂਰ): ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਦਿੜ੍ਹਬਾ ਹਲਕੇ ਦੇ ਪਿੰਡਾਂ ਵਿੱਚ ਵੱਡੀਆਂ ਚੋਣ ਰੈਲੀਆਂ ਹੋਈਆਂ ਜਿਨ੍ਹਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਤ ਹੇਅਰ ਲਈ ਵੋਟਾਂ ਮੰਗੀਆਂ।
ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਦੇ ਵਾਸੀਆਂ ਨੇ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾ ਕੇ ਭਗਵੰਤ ਸਿੰਘ ਮਾਨ ਦੇ ਹੱਥ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।ਸਤੌਜ ਤੋਂ ਇਲਾਵਾ ਦਿੜ੍ਹਬਾ ਹਲਕੇ ਦੇ ਪਿੰਡਾਂ ਉਗਰਾਹਾਂ, ਗੰਢੂਆਂ, ਜਖੇਪਲ ਤੇ ਧਰਮਗੜ੍ਹ ਵਿਖੇ ਵੀ ਵੱਡੇ ਇਕੱਠਾਂ ਦੌਰਾਨ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਫੈਸਲਾ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਨੇ ਅਪੀਲ ਕਰਦਿਆਂ ਕਿਹਾ ਕਿ ਜਿਵੇਂ ਤੁਸੀਂ ਉਨ੍ਹਾਂ ਦੇ ਪੁੱਤਰ ਭਗਵੰਤ ਸਿੰਘ ਮਾਨ ਦਾ ਹਮੇਸ਼ਾ ਮਾਣ ਰੱਖਿਆ ਹੈ ਉਵੇਂ ਹੀ ਮੀਤ ਹੇਅਰ ਦਾ ਸਾਥ ਦੇਵੋ ਤਾਂ ਜੋ ਸੰਸਦ ਵਿੱਚ ਉਹ ਪੰਜਾਬ ਤੇ ਸੰਗਰੂਰ ਦੀ ਆਵਾਜ਼ ਬਣ ਸਕੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਦੋ ਸਾਲ ਵਿੱਚ ਜੋ ਕੰਮ ਕੀਤੇ ਹਨ, ਉਹ ਪਿਛਲੀਆਂ ਸਰਕਾਰਾਂ ਨੇ 70 ਸਾਲ ਵਿੱਚ ਨਹੀਂ ਕੀਤੇ। ਉਨ੍ਹਾਂ ਕਿਹਾ ਕਿ 600 ਯੂਨਿਟ ਮੁਫਤ ਬਿਜਲੀ ਦਿੱਤੀ ਜਿਸ ਨਾਲ 90 ਫੀਸਦੀ ਪਰਿਵਾਰਾਂ ਦਾ ਜ਼ੀਰੋ ਬਿੱਲ ਆਇਆ। 43000 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ। ਮੁਫ਼ਤ ਤੇ ਮਿਆਰੀ ਇਲਾਜ ਲਈ 829 ਆਮ ਆਦਮੀ ਕਲੀਨਿਕ ਖੋਲ੍ਹੇ। ਸਕੂਲ ਆਫ ਐਮੀਨੈਂਸ ਖੋਲ੍ਹੇ ਜਾ ਰਹੇ ਹਨ। ਸ਼ਰਧਾਲੂਆਂ ਲਈ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ।
ਮੀਤ ਹੇਅਰ ਨੇ ਕਿਹਾ ਕਿ ਸਰਕਾਰ ਨੇ ਖੇਤਾਂ ਲਈ ਲਗਾਤਾਰ ਤੇ ਦਿਨ ਵੇਲੇ ਬਿਜਲੀ ਦਿੱਤੀ। ਫਸਲਾਂ ਦਾ ਸੁਚੱਜਾ ਮੰਡੀਕਰਨ ਤੇ ਫਸਲਾਂ ਦਾ ਤੁਰੰਤ ਭੁਗਤਾਨ ਕੀਤਾ। ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਅਤੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ, ਬੰਦ ਪਈ ਕੋਲ ਖਾਣ ਚਲਾਈ। ਜਿਹੜੇ ਵਾਅਦੇ ਨਹੀਂ ਵੀ ਕੀਤੇ, ਉਹ ਵੀ ਪੂਰੇ ਕੀਤੇ। 14 ਟੋਲ ਪਲਾਜ਼ੇ ਬੰਦ ਕਰਵਾਏ। ਸੜਕੀ ਹਾਦਸਿਆਂ ਚ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਬਣਾਈ।