ਹਿੰਦੂ ਜਥੇਬੰਦੀਆ ਨੇ ਕਿਹਾ ਮੁਆਫੀ ਮੰਗ ਲੈਣ ਤੇ ਮਾਮਲਾ ਖਤਮ ਕੀਤਾ ਜਾਣਾ ਚਾਹੀਦਾ ਹੈ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਕਰਨ ਵਾਲੀ ਗੁਜਰਾਤ ਦੀ ਰਹਿਣ ਵਾਲੀ ਅਰਚਨਾ ਮਕਵਾਨਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਇੱਕ ਦਿਨ ਬਾਅਦ ਕੋਤਵਾਲੀ ਪੁਲੀਸ ਨੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਧਾਰਾ 295 ਏ ਧਾਰਮਿਕ ਭਾਵਨਾ ਭੜਕਾਉਣ ਨੂੰ ਲੈ ਕੇ ਐਫ ਆਈ ਆਰ ਦਰਜ ਕਰ ਲਈ ਹੈ।
ਇਸ ਦੀ ਪੁਸ਼ਟੀ ਸਹਾਇਕ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਨੇ ਕਰਦਿਆ ਦੱਸਿਆ ਕਿ ਪੁਲੀਸ ਨੇ ਦਰਬਾਰ ਸਾਹਿਬ ਸਮੂਹ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਗਾਲਿਆ ਜਿਸ ਅਨੁਸਾਰ ਅਰਚਨਾ ਨੇ ਪਾਵਨ ਅਸਥਾਨ ’ਤੇ ਮੱਥਾ ਨਹੀਂ ਟੇਕਿਆ ਸਗੋਂ ਪਰਕਰਮਾ ਵਿੱਚ ਹੀ ਬੈਠ ਕੇ ਪੰਜ ਸੈਕਿੰਡ ਤੱਕ ਆਪਣੀ ਯੋਗ ਪ੍ਰਕਿਿਰਆ ਨੂੰ ਅੰਜ਼ਾਮ ਦਿੱਤਾ। ਦਰਅਸਲ, ਇਹ ਸਭ ਪ੍ਰਚਾਰ ਲਈ ਕੀਤਾ ਗਿਆ ਜਾਪਦਾ ਹੈ।ਇਸ ਲਈ ਇੱਕ ਐਫ ਆਈ ਆਰ ਦਰਜ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਸੋਸ਼ਲ ਮੀਡੀਆ ਪੋਸਟ ਦਾ ਗੰਭੀਰ ਨੋਟਿਸ ਲੈਦਿਆ ਇਸ ਨੂੰ ਮਰਿਆਦਾ ਦਾ ਉਲੰਘਣ ਦੱਸਿਆ ਸੀ।
ਉਨ੍ਹਾਂ ਹਰਿਮੰਦਰ ਸਾਹਿਬ ਸਮੂਹ ਵਿੱਚ ਯੋਗ ਕਰਨ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪੁਲੀਸ ਕਮਿਸ਼ਨਰ ਨੂੰ ਐਫ ਆਈ ਆਰ ਦਰਜ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ।ਸ਼ੋਸ਼ਲ ਮੀਡੀਆਂ ਤੇ ਇੱਕ ਤਸਵੀਰ ਸ਼ੇਅਰ ਕਰਦਿਆ ਇਹ ਵੀ ਦਰਸਾਇਆ ਗਿਆ ਕਿ ਗੁਜਰਾਤ ਸੂਬੇ ਨਾਲ ਸਬੰਧਿਤ ਇਹ ਲੜਕੀ ਹਮੇਸ਼ਾਂ ਸਿੱਖਾਂ ਤੇ ਕਿਸਾਨਾਂ ਨਾਲ ਵਿਵਾਦਾਂ ਵਿੱਚ ਰਹਿਣ ਵਾਲੀ ਕੰਗਣਾ ਰਣੌਤ ਦੀ ਸਾਥਣ ਹੈ।ਕੰਗਣਾ ਦਾ ਵਿਵਾਦ ਚੰਡੀਗੜ੍ਹ ਹਵਾਈ ਅੱਡੇ ਨੂੰ ਲੈ ਕੇ ਹਾਲੇ ਠੰਡਾ ਨਹੀ ਪਿਆ ਕਿ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ।
ਕੁਝ ਹਿੰਦੂ ਜਥੇਬੰਦੀਆ ਦਾ ਮੰਨਣਾ ਹੈ ਕਿ ਇੱਕ ਪਾਸੇ ਤਾਂ ਇਤਿਹਾਸ ਦੇ ਪੰਨਿਆਂ ਦੇ ਦਰਜ ਹੈ ਕਿ ਅਕਾਲ਼ ਤਖਤ ਬਖਸ਼ਿੰਦ ਤਖਤ ਹੈ ਤੇ ਦੂਸਰੇ ਪਾਸੇ ਮੁਆਫੀ ਮੰਗਣ ਦੇ ਬਾਵਜੂਦ ਵੀ ਮੁਕੱਦਮਾ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਤੇ ਅਰਚਨਾ ਨੇ ਮੁਆਫੀ ਮੰਗ ਲਈ ਹੈ ਤਾਂ ਉਸ ਨੂੰ ਮੁਆਫ ਕਰ ਦੇਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਇਕ ਹਿੰਦੂ ਕੁੜੀ ਦੇ ਲਿਬਾਸ ਨੂੰ ਲੈ ਕੇ ਪੰਗਾ ਪਿਆ ਸੀ ਤਾਂ ਉਸ ਵੇਲੇ ਉਸ ਨਾਬਾਲਗ ਲੜਕੀ ਨੇ ਮੁਆਫੀ ਮੰਗ ਲਈ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਫਿਰਾਕ ਦਿਲੀ ਦਾ ਮੁਜਾਹਰਾ ਕਰਦਿਅ ਉਸ ਨੂੰ ਮੁਆਫ ਹੀ ਨਹੀ ਕੀਤਾ ਸੀ ਸਗੋਂ ਇਹ ਵੀ ਕਿਹਾ ਸੀ ਕਿ ਜਦੋਂ ਵੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਵੇਗੀ ਤਾਂ ਉਸ ਨੂੰ ਜਿਥੇ ਮਰਿਆਦਾ ਦਾ ਪਾਠ ਪੜਾਇਆ ਜਾਵੇਗਾ ਉਥੇ ਸਨਮਾਨਿਤ ਵੀ ਕੀਤਾ ਜਾਵੇਗਾ। ਇਥੇ ਵੀ ਮੁਆਫੀ ਮੰਗ ਲੈਣ ਤੋਂ ਬਾਅਦ ਮਾਮਲਾ ਖਤਮ ਕਰ ਦੇਣਾ ਚਾਹੀਦਾ ਹੈ।