ਜਲੰਧਰ/ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ 27 ਜੁਲਾਈ ਨੂੰ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਰੇ ਜਿਲ੍ਹਾ ਹੈੱਡ ਕੁਆਰਟਰ ਤੇ ਵਿਸ਼ਾਲ ਰੋਸ਼ ਮਾਰਚ ਕਰੇਗੀ ਅਤੇ ਉਪਰੰਤ ਰਾਸ਼ਟਰਪਤੀ ਦੇ ਨਾਮ ਤੇ ਮੈਮੋਰੰਡਮ ਦੇਵੇਗੀ ਜਿਸ ਵਿਚ ਰਾਸ਼ਟਰਪਤੀ ਦੇ ਨਿੱਜੀ ਦਖ਼ਲ ਅੰਦਾਜ਼ੀ ਦੀ ਮੰਗ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਜਾਵੇਗੀ। ਸ ਗੜ੍ਹੀ ਨੇ ਕਿਹਾ ਕਿ ਕਿਸਾਨਾਂ ਨੂੰ ਸਾਢੇ ਛੇ ਮਹੀਨੇ ਤੋਂ ਉਪਰ ਦਾ ਸਮਾਂ ਦਿੱਲੀ ਵਿਖੇ ਧਰਨੇ ਦਾ ਹੋ ਗਿਆ ਹੈ ਪਰ ਭਾਜਪਾ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ।
ਸ ਗੜ੍ਹੀ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲਾਗੂ ਕਰਾਉਣ ਵਿੱਚ ਕਾਂਗਰਸ ਤੇ ਆਪ ਪਾਰਟੀ ਦਾ ਵੀ ਹੱਥ ਰਿਹਾ ਹੈ। ਜਦੋਂ ਕਿ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਸਮੇ ਸਮੇਂ ਤੇ ਕਿਸਾਨ ਅੰਦੋਲਨ ਦੀਆਂ ਮੰਗਾਂ ਦੇ ਸਮਰਥਨ ਬਿਆਨਬਾਜ਼ੀ ਕੀਤੀ ਹੈ ਉਥੇ ਹੀ ਸੰਸਦ ਦੇ ਅੰਦਰ ਬਸਪਾ ਦੇ ਪੰਦਰਾਂ ਪਾਰਲੀਮੈਂਟ ਮੈਂਬਰਾਂ ਨੇ ਕਿਸਾਨ ਅੰਦੋਲਨ ਦੇ ਪੱਖ ਵਿੱਚ ਲੜਾਈ ਲੜੀ ਹੈ। ਜਦੋਂਕਿ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਨੇ ਕਿਸਾਨ ਅੰਦੋਲਨ ਵਿਚ ਸੜਕ ਤੇ ਲੜਾਈ ਲੜਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਜਿਸ ਤਹਿਤ ਪਿਛਲੇ ਸਾਲ ਸਤੰਬਰ ਅਕਤੂਬਰ ਵਿੱਚ ਗਿਆਰਾਂ ਵਡੇ ਰੋਸ ਮਾਰਚ ਪੰਜਾਬ ਦੇ ਵੱਖ ਵੱਖ ਕੋਨਿਆ ਵਿੱਚ ਕੀਤੇ ਜਿਸ ਵਿਚ ਹੋਸ਼ਿਆਰਪੁਰ, ਅੰਮ੍ਰਿਤਸਰ, ਪਟਿਆਲਾ, ਖਰੜ, ਜਲੰਧਰ, ਸੰਗਰੂਰ, ਪਾਇਲ, ਲੁਧਿਆਣਾ, ਬਠਿੰਡਾ, ਫਰੀਦਕੋਟ ਆਦਿ ਸ਼ਹਿਰ ਸ਼ਾਮਿਲ ਹਨ। ਨਵਾਂ ਸਾਲ ਕਿਸਾਨਾਂ ਨਾਲ ਦੇ ਨਾਹਰੇ ਨਾਲ ਬਸਪਾ ਪੰਜਾਬ ਵਲੋਂ ਹਜ਼ਾਰਾਂ ਲੋਕਾਂ ਦੇ ਵਿਸ਼ਾਲ ਲਸ਼ਕਰ ਦੇ ਨਾਲ ਦਿੱਲੀ ਸਿੰਘੂ ਬਾਰਡਰ ਤੇ 31ਦਸੰਬਰ ਦੀ ਰਾਤ ਤੇ 1ਜਨਵਰੀ ਦਾ ਦਿਨ ਨੀਲੇ ਝੰਡਿਆਂ ਲੈਕੇ ਪੂਰੇ ਜੋਸ਼ ਨਾਲ ਸਮਰਥਨ ਕੀਤਾ ਸੀ। ਕਿਸਾਨ ਆਗੂਆ ਵਲੋਂ ਦਿੱਤੇ ਹਰ ਸੰਘਰਸ਼ ਦੇ ਸੱਦੇ ਦਾ ਬਸਪਾ ਪੰਜਾਬ ਵਲੋਂ ਸਮਰਥਨ ਕੀਤਾ ਗਿਆ। ਹੁਣ ਪਾਰਲੀਮੈਂਟ ਸੈਸ਼ਨ ਦੌਰਾਨ ਸ਼ਿਰੋਮਣੀ ਅਕਾਲੀ ਦਲ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਲਿਆਂਦਾ ਕੰਮ ਰੋਕੂ ਮਤੇ ਉਪਰ ਬਹੁਜਨ ਸਮਾਜ ਪਾਰਟੀ ਦੇ 15 ਸਾਂਸਦਾਂ ਨੇ ਪਾਰਲੀਮੈਟ ਤੋਂ ਬਾਹਰ ਸਾਰਾ ਦਿਨ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ।
ਸ ਗੜ੍ਹੀ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਆਪ ਪਾਰਟੀ ਤੇ ਕਾਂਗਰਸ ਕੁਰਸੀ ਕੁਰਸੀ ਦਾ ਖੇਲ੍ਹ ਕਿਸਾਨ ਅੰਦੋਲਨ ਨੂੰ ਕਮਜੋਰ ਕਰਨ ਲਈ ਖੇਡ ਰਹੀ ਹੈ, ਤਾਂਕਿ ਕਿਸਾਨ ਅੰਦੋਲਨ ਤੋਂ ਧਿਆਨ ਭਟਕਾਇਆ ਜਾ ਸਕੇ। ਬਸਪਾ ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਖੜਦੀ ਆਈ ਹੈ ਅੱਗੇ ਵੀ ਕਿਸਾਨਾਂ ਦੇ ਹੱਕ ਵਿੱਚ ਸੰਘਰਸ਼ ਕਰਦੇ ਰਹਾਂਗੇ।