ਸਾਜਿਸ਼ੀ ਟੋਲੇ ਖਿਲਾਫ ਡਟਣ ਦਾ ਐਲਾਨ, ਸੰਕਲਪ, ਪ੍ਰਭੂਸੱਤਾ ਅਤੇ ਸਰਵਉਚਤਾ ਦੀ ਬਹਾਲੀ ਲਈ ਆਰ ਪਾਰ ਦੀ ਲੜਾਈ ਲਈ ਹਰ ਸਿੱਖ ਤਿਆਰ ਰਹੇ
ਅੰਮ੍ਰਿਤਸਰ ਸਾਹਿਬ: ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਬਣੀ ਸੱਤ ਮੈਂਬਰੀ ਭਰਤੀ ਕਮੇਟੀ ਦੇ ਪੰਜ ਕਾਰਜਸ਼ੀਲ ਮੈਬਰਾਂ ਵਿੱਚੋਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਸਰਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਰਦਾਰ ਸੰਤਾ ਸਿੰਘ ਉਮੈਦਪੁਰੀ ਨੇ ਉਚੇਚਾ ਕੀਤੀ ਮੀਟੀਗ ਉਪਰੰਤ ਜਾਰੀ ਆਪਣੇ ਬਿਆਨ ਵਿੱਚ ਬੀਤੇ ਦਿਨ ਪੰਥਕ ਹਲਕਿਆਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਬਹੁੱਤ ਹੀ ਮੰਦਭਾਗਾ ਕਰਾਰ ਦਿੱਤਾ ਹੈ। ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ 7 ਮਾਰਚ ਨੂੰ ਸਿੱਖ ਕੌਮ ਹਮੇਸ਼ਾ ਕਾਲੇ ਦਿਨ ਦੇ ਤੌਰ ਤੇ ਚੇਤੇ ਰੱਖੇਗੀ, ਇਸ ਦਿਨ ਪੰਥਕ ਰਹੁ ਰੀਤਾਂ ਤੋਂ ਸੱਖਣੇ ਕੁਝ ਲੋਕਾਂ ਨੇ ਵੱਡਾ ਪੰਥਕ ਘਾਣ ਕਰਕੇ ਧ੍ਰੋਹ ਕਮਾਇਆ।
ਜਾਰੀ ਬਿਆਨ ਵਿੱਚ ਭਰਤੀ ਕਮੇਟੀ ਦੇ ਮੈਬਰਾਂ ਨੇ ਕਿਹਾ ਕਿ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉਚੱਤਾ ਦਾ ਦੇਸ਼ ਦੁਨੀਆਂ ਵਿੱਚ ਬਹੁਤ ਵੱਡਾ ਸੁਨੇਹਾ ਗਿਆ। ਦੁਨੀਆਂ ਭਰ ਵਿੱਚ ਸਿੱਖ ਕੌਮ ਦੇ ਮਹਾਨ ਤਖ਼ਤ ਦੀ ਸ਼ੋਭਾ ਅਤੇ ਸੁਪਰੀਮ ਅਥਾਰਟੀ ਦਾ ਕੇਂਦਰੀ ਰੂਪ ਉਭਰ ਕੇ ਸਾਹਮਣੇ ਆਇਆ। ਸਿੱਖ ਕੌਮ ਦੀ ਸਭ ਤੋਂ ਵੱਡੀ ਪ੍ਰਭੂਸੱਤਾ, ਸਰਵਉਚਤਾ ਅਤੇ ਸੰਕਲਪ ਨੂੰ ਉਸੇ ਦਿਨ ਤੋਂ ਚੁਣੌਤੀ ਦੇਣ ਦੀ ਸਾਜਿਸ਼ ਰਚੀ ਗਈ। ਬਤੌਰ ਪੰਜ ਸਿੰਘ ਸਹਿਬਾਨਾਂ ਦੇ ਤੌਰ ਤੇ ਗਿਆਨੀ ਰਘੁਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਅਤੇ ਜੱਥੇਦਾਰ ਸੁਲਤਾਨ ਸਿੰਘ ਜੀ ਦੀਆਂ ਸੇਵਾਵਾਂ ਹਰ ਸਿੱਖ ਨੇ ਸ਼ਲਾਘਾ ਦੇ ਤੌਰ ਤੇ ਵੇਖੀਆਂ।
ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਕੁਝ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨਤਾ, ਸਰਵਉਚਤਾ ਨੂੰ ਬਰਦਾਸ਼ਤ ਨਹੀਂ ਕਰ ਸਕੇ, ਇਸੇ ਦੇ ਚਲਦੇ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਝੂਠੀ ਤੇ ਮਨਘੜਤ ਕਹਾਣੀ ਪੇਸ਼ ਕੀਤੀ ਗਈ, ਓਹਨਾ ਨੂੰ ਕਰੀਬੀ ਰਿਸ਼ਤੇਦਾਰ ਦੀ ਅਗਵਾਈ ਵਾਲੀ ਕਮੇਟੀ ਰਾਹੀਂ ਜ਼ਲੀਲ ਕਰਕੇ ਹਟਾਇਆ ਗਿਆ। ਇਸ ਤੋਂ ਬਾਅਦ ਇਹ ਦੋਸ਼ ਲਗਾਕੇ ਕਿ ਗਿਆਨੀ ਰਘੁਬੀਰ ਸਿੰਘ ਜੀ ਅਤੇ ਜੱਥੇਦਾਰ ਸੁਲਤਾਨ ਸਿੰਘ ਨੂੰ ਹਟਾ ਦਿੱਤਾ ਗਿਆ ਕਿ, ਓਹ ਆਪਣੀ ਜ਼ਿੰਮੇਵਾਰੀ ਨੂੰ ਸਹੀ ਨਹੀਂ ਨਿਭਾਅ ਸਕੇ, ਸੱਚ ਤਾਂ ਇਹ ਹੈ ਕਿ ਨਿਭਾਈ ਗਈ ਇਖਲਾਕੀ ਜ਼ਿੰਮੇਵਾਰੀ ਨੂੰ ਭਗੌੜਾ ਦਲ ਹਾਜ਼ਮ ਨਹੀਂ ਕਰ ਸਕਿਆ।
ਇਸ ਤੋਂ ਇਲਾਵਾ ਕਮੇਟੀ ਮੈਂਬਰਾਂ ਨੇ ਜੋਰ ਦੇਕੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਮਿਲੀ ਹੋਵੇ, ਇਹ ਪਹਿਲਾ ਹਮਲਾ ਨਹੀਂ, ਪਰ ਇਹ ਆਖਰੀ ਹਮਲਾ ਜਰੂਰ ਸਾਬਿਤ ਹੋਵੇਗਾ। ਜਿਸ ਤਰੀਕੇ ਅਬਦਾਲੀ ਵਰਗੇ ਹੁਕਮਰਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਇਮਾਰਤ ਨੂੰ ਢਹਿ ਢੇਰੀ ਕਰਕੇ ਸੋਚਿਆ ਸੀ ਕਿ ਸਿੱਖ ਕੌਮ ਦੀ ਸੇਧ ਨੂੰ ਖਤਮ ਕਰ ਦਿੱਤਾ ਉਸੇ ਤਰੀਕੇ ਇੰਦਰਾ ਗਾਂਧੀ ਨੇ ਵੀ ਏਸੇ ਭੁਲੇਖੇ ਹਮਲਾ ਕੀਤਾ ਸੀ, ਮੌਜੂਦਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਕੀਤੇ ਗਏ ਹਮਲੇ ਦਾ ਅਬਦਾਲੀ ਅਤੇ ਇੰਦਰਾ ਗਾਂਧੀ ਵਲੋ ਕੀਤੇ ਹਮਲਾ ਦਾ ਫਰਕ ਸਿਰਫ ਇਹ ਹੈ ਕਿ ਓਹਨਾ ਨੇ ਇਮਾਰਤ ਨੂੰ ਤੋੜਿਆ ਸੀ, ਕਾਬਜ ਧੜੇ ਨੇ ਸੰਕਲਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸਖ਼ਤ ਸ਼ਬਦਾਂ ਵਿੱਚ ਕਾਬਜ ਧੜੇ ਨੂੰ ਤਾੜਨਾ ਕਰਦਿਆਂ ਮੈਬਰਾਂ ਨੇ ਕਿਹਾ ਕਿ ਅਦਬਾਲੀ ਅਤੇ ਇੰਦਰਾ ਗਾਂਧੀ ਵਾਂਗ ਸੁਖਬੀਰ ਧੜੇ ਦੇ ਗੈਂਗ ਨੂੰ ਮੂੰਹ ਦੀ ਖਾਣੀ ਪਵੇਗੀ, ਕਿਉ ਕਿ ਸਿੱਖ ਕੌਮ ਸਖ਼ਤੀ ਨਾਲ ਜਵਾਬ ਦਿੰਦੀ ਹੈ।
ਭਰਤੀ ਕਮੇਟੀ ਵੱਲੋਂ ਉਲੀਕੇ ਭਰਤੀ ਦਾ ਕੰਮ 18 ਮਾਰਚ ਨੂੰ ਸ੍ਰੀ ਅਕਾਲ ਸਹਿਬ ਤੇ ਅਰਦਾਸ ਕਰਕੇ ਸੁਰੂਆਤ ਹੋਵੇਗੀ।