ਕਿਹਾ- ਤੁਹਾਡੀ ਸਰਕਾਰ 'ਚ ਗੈਂਗਸਟਰਾਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾਂਦੀ ਸੀ, ਜੋ ਮਾਹੌਲ ਖ਼ਰਾਬ ਕਰਦੇ ਸਨ
ਕੰਗ ਨੇ ਸੁਨੀਲ ਜਾਖੜ ਨੂੰ ਪੁੱਛਿਆ- ਹਰਿਆਣਾ ਵਿਚ ਤਾਂ ਤੁਹਾਡੀ ਪਾਰਟੀ ਦੀ ਸਰਕਾਰ ਹੈ, ਉੱਥੇ ਜੋ ਵੀ ਨਿੰਦਣਯੋਗ ਘਟਨਾ ਹੋਈ ਤੁਸੀਂ ਉਸ 'ਤੇ ਸਵਾਲ ਕਿਉਂ ਨਹੀਂ ਉਠਾਉਂਦੇ?
ਚੰਡੀਗੜ੍ਹ, : ਕਾਨੂੰਨ ਵਿਵਸਥਾ ਦੇ ਸਵਾਲਾਂ 'ਤੇ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਦੋਵੇਂ ਆਗੂਆਂ ਨੂੰ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਤੁਹਾਡੀ ਪਾਰਟੀ ਦੀਆਂ ਪਿਛਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਗੈਂਗਸਟਰ ਪੈਦਾ ਕੀਤੇ ਹਨ।
ਸੋਮਵਾਰ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਜਪਾ-ਅਕਾਲੀ ਅਤੇ ਕਾਂਗਰਸ ਸਰਕਾਰਾਂ ਦੌਰਾਨ ਪੰਜਾਬ ਵਿੱਚ ਗੈਂਗਸਟਰਾਂ ਨੂੰ ਸਰਕਾਰੀ ਸੁਰੱਖਿਆ ਦਿੱਤੀ ਜਾਂਦੀ ਸੀ, ਪਰੰਤੂ ਮਾਨ ਸਰਕਾਰ ਲਗਾਤਾਰ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਭੇਜ ਰਹੀ ਹੈ। ਪਿਛਲੇ ਦੋ ਸਾਲਾਂ ਦੌਰਾਨ ਸੈਂਕੜੇ ਅਪਰਾਧੀਆਂ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੱਤਾ ਵਿੱਚ ਬੈਠੇ ਕੁਝ ਲੋਕ ਚੋਣਵੇਂ ਢੰਗ ਨਾਲ ਨੌਜਵਾਨਾਂ ਨੂੰ ਜੁਰਮ ਕਰਨ ਲਈ ਉਤਸ਼ਾਹਿਤ ਕਰਦੇ ਸਨ ਅਤੇ ਕਹਿੰਦੇ ਸਨ ਕਿ ਤੁਸੀਂ ਖੁੱਲ੍ਹੇਆਮ ਜੁਰਮ ਕਰੋ, ਅਸੀਂ ਤੁਹਾਨੂੰ ਬਚਾਉਣ ਲਈ ਸਰਕਾਰ ਵਿੱਚ ਹਾਂ। ਉੱਥੇ ਹੀ ਮਾਨ ਸਰਕਾਰ 'ਚ ਜੇਕਰ ਕੋਈ ਅਪਰਾਧਿਕ ਘਟਨਾ ਵਾਪਰਦੀ ਹੈ ਤਾਂ ਉਸ ਦੀ ਤੁਰੰਤ ਜਾਂਚ ਸ਼ੁਰੂ ਹੋ ਜਾਂਦੀ ਹੈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।
ਕੰਗ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਘੇਰਦਿਆਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ 'ਚ ਤੁਹਾਡੀ ਪਾਰਟੀ ਭਾਜਪਾ ਦੀ ਹੀ ਸਰਕਾਰ ਹੈ। ਉੱਥੇ ਕੁਝ ਦਿਨ ਪਹਿਲਾਂ ਵਾਪਰੀ ਨਿੰਦਣਯੋਗ ਘਟਨਾ 'ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਤੁਸੀਂ ਇਸ ਮਾਮਲੇ 'ਤੇ ਹਰਿਆਣਾ ਸਰਕਾਰ ਨੂੰ ਸਵਾਲ ਕਿਉਂ ਨਹੀਂ ਕਰਦੇ? ਉਨ੍ਹਾਂ ਕਿਹਾ ਕਿ ਹਰਿਆਣਾ ਅੱਜ ਕੱਲ੍ਹ ਗੈਂਗਸਟਰ ਪੈਦਾ ਕਰਨ ਵਾਲੇ ਸੂਬੇ ਵਜੋਂ ਜਾਣਿਆ ਜਾਂਦਾ ਹੈ।
ਕੰਗ ਨੇ ਕਿਹਾ ਕਿ ਅਪਰਾਧ ਦੀ ਕੋਈ ਵੀ ਘਟਨਾ ਚਾਹੇ ਉਹ ਕਿਤੇ ਵੀ ਵਾਪਰਦੀ ਹੋਵੇ, ਮੰਦਭਾਗੀ ਹੈ। ਉਸ ਦਾ ਸਮਰਥਨ ਜਾਂ ਬਚਾਅ ਨਹੀਂ ਕੀਤਾ ਜਾ ਸਕਦਾ, ਪਰ ਉਸ ਦੇ ਨਾਂ 'ਤੇ ਰਾਜਨੀਤੀ ਕਰਨਾ ਹੋਰ ਵੀ ਮੰਦਭਾਗਾ ਹੈ। ਇਹ ਕੰਮ ਵੀ ਉਨ੍ਹਾਂ ਹੀ ਨਿੰਦਣਯੋਗ ਹੈ।