ਕਾਮਰੇਡ ਸੇਖੋਂ ਤੇ ਹੋਰਾਂ ਵੱਲੋਂ ਦੁੱਖ ਪ੍ਰਗਟ
ਚੰਡੀਗੜ੍ਹ, : 'ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਰਾਤ ਤਕਰੀਬਨ 12 ਵਜੇ ਉਨ੍ਹਾਂ ਦੇ ਪੂਜਨੀਕ ਮਾਤਾ ਨੰਦ ਰਾਣੀ ਜੀ 79 ਸਾਲ ਦੀ ਉਮਰ ਭੋਗਣ ਉਪਰੰਤ ਦਿਲ ਦੀ ਬਿਮਾਰੀ ਦੇ ਇਲਾਜ ਦੌਰਾਨ ਪੀਜੀਆਈ ਚੰਡੀਗੜ੍ਹ ਵਿਖੇ ਸਦੀਵੀ ਵਿਛੋੜਾ ਦੇ ਗਏ। ਮਾਤਾ ਨੰਦ ਰਾਣੀ ਜੀ ਨੇ ਐਮਐਸਸੀ ਫਿਜ਼ਿਕਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ ਤੇ ਉਹ ਗੋਲਡ ਮੈਡਲਿਸਟ ਸਨ । ਮਾਤਾ ਨੰਦ ਰਾਣੀ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰਾਜਪੁਰਾ ਟਾਉੂਨ ਤੋਂ ਸਾਲ 2002 ਵਿੱਚ ਬਤੌਰ ਪਿ੍ੰਸੀਪਲ ਸੇਵਾਵਾਂ ਨਿਭਾ ਕੇ ਸੇਵਾ-ਮੁਕਤ ਹੋਏ ਸਨ।
ਉਹ ਸੁਘੜ ਸਿਆਣੇ ਤੇ ਸਮਾਜ ਪ੍ਰਤੀ ਸਮਰਪਿਤ ਇਨਸਾਨ ਸਨ। ਚੇਤਨ ਸ਼ਰਮਾ 'ਦੇਸ਼ ਸੇਵਕ' ਅਖ਼ਬਾਰ ਦੇ ਲੰਮੇ ਸਮੇਂ ਤੋਂ ਬਤੌਰ ਜਨਰਲ ਮੈਨੇਜਰ-ਕਮ-ਰੈਜੀਡੈਂਟ ਐਡੀਟਰ ਸੇਵਾਵਾਂ ਨਿਭਾ ਰਹੇ ਹਨ। ਉਹ ਬਹੁਤ ਹੀ ਕੁਸ਼ਲ ਪ੍ਰਬੰਧਕ ਹਨ। ਚੇਤਨ ਸ਼ਰਮਾ ਦੇ ਪਿਤਾ ਮਰਹੂਮ ਕਾਮਰੇਡ ਜੇ.ਆਰ.ਸ਼ਰਮਾ ਪੀ.ਐਂਡ ਟੀ. ਵਿਭਾਗ ਤੋਂ ਸੇਵਾ-ਮੁਕਤ ਹੋ ਕੇ ਸਿੱਧੇ ਸੀਪੀਆਈ(ਐਮ) ਦੇ ਸੂਬਾਈ ਪਾਰਟੀ ਦਫ਼ਤਰ ਚੀਮਾ ਭਵਨ, ਚੰਡੀਗੜ੍ਹ ਵਿਖੇ ਆ ਗਏ ਸਨ ਤੇ ਉਨ੍ਹਾਂ ਨੇ ਚੀਮਾ ਭਵਨ ਵਿਖੇ ਸੀਪੀਆਈ(ਐਮ) ਦੇ ਬਤੌਰ ਸੂਬਾ ਕਮੇਟੀ ਮੈਂਬਰ ਤੇ ਸੂਬਾ ਦਫ਼ਤਰ ਸਕੱਤਰ ਦੀ ਸੇਵਾ ਅੰਤਿਮ ਸਾਹਾਂ ਤੱਕ ਬਾਖੁਬੀ ਨਿਭਾਈ। ਮਾਤਾ ਨੰਦ ਰਾਣੀ ਜੀ ਕਾਮਰੇਡ ਜੇ.ਆਰ.ਸ਼ਰਮਾ ਜੀ ਨਾਲ ਬਤੌਰ ਇੱਕ ਸੁਯੋਗ ਜੀਵਨ ਸਾਥਣ ਪੂਰਨ ਸਹਿਯੋਗ ਕਰਦੇ ਰਹੇ। ਮਾਤਾ ਨੰਦ ਰਾਣੀ ਜੀ ਦੇ ਵਿਛੋੜੇ 'ਤੇ ਸੀਪੀਆਈ(ਐਮ) ਦੇ ਸੂਬਾ ਸਕੱਤਰ ਤੇ 'ਦੇਸ਼ ਸੇਵਕ' ਦੇ ਐਮਡੀ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਤੇ ਸੂਬਾ ਸਕੱਤਰੇਤ ਮੈਂਬਰਾਂ, ਕਾਮਰੇਡ ਲਹਿੰਬਰ ਸਿੰਘ ਤੱਗੜ, ਭੂਪ ਚੰਦ ਚੰਨੋ, ਮੇਜਰ ਸਿੰਘ ਭਿੱਖੀਵਿੰਡ, ਗੁਰਦਰਸ਼ਨ ਸਿੰਘ ਖ਼ਾਸਪੁਰ, ਬਲਬੀਰ ਸਿੰਘ ਜਾਡਲਾ, ਸੁੱਚਾ ਸਿੰਘ ਅਜਨਾਲਾ, ਰੂਪਬਸੰਤ ਸਿੰਘ ਬੜੈਚ, ਗੁਰਨੇਕ ਸਿੰਘ ਭੱਜਲ, ਸੁਖਪ੍ਰੀਤ ਸਿੰਘ ਜੌਹਲ, ਅਬਦੁਲ ਸਤਾਰ ਤੇ ਰਾਮ ਸਿੰਘ ਨੂਰਪੁਰੀ ਨੇ ਇੱਕ ਸਾਂਝੇ ਬਿਆਨ ਵਿੱਚ ਮਾਤਾ ਨੰਦ ਰਾਣੀ ਜੀ ਦੀ ਬੇਵਕਤ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਚੇਤਨ ਸ਼ਰਮਾ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਇਸ ਤੋਂ ਇਲਾਵਾ ਚੀਮਾ ਭਵਨ ਦੇ ਸਮੂਹ ਸਟਾਫ਼, ਕਾਮਰੇਡ ਆਰ.ਐਲ. ਮੋਦਗਿੱਲ ਸੂਬਾ ਕਮੇਟੀ ਮੈਂਬਰ ਅਤੇ ਸੂਬਾ ਦਫ਼ਤਰ ਸਕੱਤਰ, ਕਾਮਰੇਡ ਕੁਲਦੀਪ ਸਿੰਘ ਸੂਬਾ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਮੈਨੇਜਰ 'ਦੇਸ਼ ਸੇਵਕ' , ਕਾਮਰੇਡ ਰਣਜੀਤ ਸਿੰਘ ਪ੍ਰਿੰਟਰ ਅਤੇ ਪਬਲਿਸ਼ਰ 'ਦੇਸ਼ ਸਵੇਕ, ' ਕਾਮਰੇਡ ਸੁਨੀਲ ਕੁਮਾਰ ਜ਼ਿਲ੍ਹਾ ਕਮੇਟੀ ਮੈਂਬਰ ਚੰਡੀਗੜ੍ਹ, ਕਾਮਰੇਡ ਮੁਹੰਮਦ ਸਾਹਨਾਜ਼ ਗੋਰਸੀ ਜ਼ਿਲ੍ਹਾ ਸਕੱਤਰ ਜ਼ਿਲ੍ਹਾ ਚੰਡੀਗੜ੍ਹ ਅਤੇ ਸਮੂਹ ਜ਼ਿਲ੍ਹਾ ਕਮੇਟੀ ਮੈਬਰਾਂ ਵੱਲੋਂ ਵੀ ਚੇਤਨ ਸ਼ਰਮਾ ਤੇ ਪਰਿਵਾਰ ਨਾਲ ਮਾਤਾ ਨੰਦ ਰਾਣੀ ਜੀ ਦੀ ਮੌਤ 'ਤੇ ਦੁੱਖ ਸਾਂਝਾ ਕੀਤਾ ਗਿਆ। ਇਸ ਤੋਂ ਇਲਵਾ 'ਦੇਸ਼ ਸੇਵਕ' ਦੇ ਸਮੂਹ ਸਟਾਫ਼ ਵੱਲੋਂ ਵੀ ਇੱਕ ਸ਼ੋਕ ਸਭਾ ਕੀਤੀ ਗਈ ਤੇ ਦੋ ਮਿੰਟ ਦਾ ਮੋਨ ਰੱਖ ਕੇ ਮਾਤਾ ਨੰਦ ਰਾਣੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਚੇਤਨ ਸ਼ਰਮਾ ਤੇ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਮਾਤਾ ਨੰਦ ਰਾਣੀ ਜੀ ਦਾ ਸਸਕਾਰ ਸੈਕਟਰ 25 ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਮਾਤਾ ਨੰਦ ਰਾਣੀ ਜੀ ਦੀ ਅੰਤਿਮ ਯਾਤਰਾ ਵਿੱਚ ਕਾਮਰੇਡ ਸੇਖੋਂ ਦੇ ਸਪੁੱਤਰ ਜਸਪ੍ਰੀਤ ਸਿੰਘ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਦਰਸ਼ਨ ਸਿੰਘ ਖ਼ਾਸਪੁਰ, ਸੂਬਾ ਕਮੇਟੀ ਮੈਂਬਰ ਕਾਮਰੇਡ ਸਤਿਨਾਮ ਸਿੰਘ ਬੜੈਚ, ਤੇਜਾ ਸਿੰਘ ਬੜੈਚ, ਬਹੁਤ ਸਾਰੇ ਸੂਬਾ ਕਮੇਟੀ ਮੈਂਬਰ, ਚੰਡੀਗੜ੍ਹ ਅਤੇ ਮੋਹਾਲੀ ਜ਼ਿਲ੍ਹਿਆਂ ਦੇ ਸਾਥੀ ਚੇਤਨ ਸ਼ਰਮਾ ਦੇ ਰਿਸ਼ਤੇਦਾਰ, ਮਿੱਤਰ ਤੇ 'ਦੇਸ਼ ਸੇਵਕ' ਦਾ ਸਟਾਫ਼ ਸ਼ਾਮਲ ਹੋਇਆ। ਮਾਤਾ ਨੰਦ ਰਾਣੀ ਜੀ ਦੀ ਚਿਤਾ ਨੂੰ ਅਗਨੀ ਚੇਤਨ ਸ਼ਰਮਾ ਤੇ ਮਾਤਾ ਜੀ ਦੇ ਪੋਤਰੇ ਆਰਯਨ ਤੇ ਆਦਿੱਤਿਆ ਨੇ ਦਿਖਾਈ।