ਭਾਜਪਾ ਨੂੰ ਝਟਕਾ! ਜ਼ਿਲ੍ਹਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ 'ਆਪ' ਵਿੱਚ ਸ਼ਾਮਲ
ਮਸ਼ਹੂਰ ਚਰਚ ਦੇ ਗੌਰਵ ਮਸੀਹ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ
ਜਲੰਧਰ: ਆਮ ਆਦਮੀ ਪਾਰਟੀ (ਆਪ) ਨੇ ਨਗਰ ਨਿਗਮ ਚੋਣਾਂ ਸਬੰਧੀ ਕੌਂਸਲਰ ਉਮੀਦਵਾਰਾਂ ਦੀਆਂ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੰਗਲਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਜਲੰਧਰ ਪਹੁੰਚੇ। ਉਨ੍ਹਾਂ ਨੇ ਚਾਰ ਵਿਧਾਨ ਸਭਾ ਹਲਕਿਆਂ ਜਲੰਧਰ ਪੂਰਬੀ, ਪੱਛਮੀ ਦੱਖਣੀ, ਸੈਂਟਰਲ ਅਤੇ ਕੈਂਟ ਦੇ ਪਾਰਟੀ ਅਹੁਦੇਦਾਰਾਂ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨਾਲ ਮੀਟਿੰਗ ਕੀਤੀ ਅਤੇ ਕੌਂਸਲਰ ਉਮੀਦਵਾਰਾਂ ਦੀ ਅਰਜ਼ੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।
ਮੀਟਿੰਗ ਵਿੱਚ ਮੰਤਰੀ ਮੋਹਿੰਦਰ ਭਗਤ, ਵਿਧਾਇਕ ਰਮਨ ਅਰੋੜਾ ਅਤੇ ਜਸਵੀਰ ਸਿੰਘ ਰਾਜਾ ਗਿੱਲ, 'ਆਪ' ਆਗੂ ਰਾਜਵਿੰਦਰ ਕੌਰ ਥਿਆੜਾ, ਪਵਨ ਕੁਮਾਰ ਟੀਨੂੰ, ਦਿਨੇਸ਼ ਢੱਲ, ਦੀਪਕ ਬਾਲੀ, ਅੰਮ੍ਰਿਤ ਪਾਲ, ਮੰਗਲ ਸਿੰਘ, ਤਰਨਦੀਪ ਸਿੰਘ ਸੰਨੀ, ਗੁਰਵਿੰਦਰ ਸ਼ੇਰਗਿੱਲ, ਸਟੀਵਨ ਕਲੇਰ ਅਤੇ ਹੋਰ 'ਆਪ' ਆਗੂ ਹਾਜ਼ਰ ਸਨ।
ਈਟੀਓ ਨੇ ਦੱਸਿਆ ਕਿ ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪਾਰਟੀ ਕੌਂਸਲਰ ਉਮੀਦਵਾਰਾਂ ਦੀ ਚੋਣ ਲਈ ਵਾਰਡ ਪੱਧਰ ’ਤੇ ਸਰਵੇਖਣ ਕਰੇਗੀ। ਸਰਵੇਖਣ ਵਿੱਚ ਜਿੱਤਣ ਦੀ ਸਭ ਤੋਂ ਵੱਧ ਸੰਭਾਵਨਾ ਵਾਲੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਿਕਟਾਂ ਦੀ ਵੰਡ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਸਾਡੀ ਕੋਸ਼ਿਸ਼ ਸਿਰਫ ਇਹ ਹੈ ਕਿ ਜਿੱਤਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟਾਂ ਮਿਲਣ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਹਰ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਹੁਣ ਤੱਕ ਜਲੰਧਰ ਨਗਰ ਨਿਗਮ ਦੇ 85 ਵਾਰਡਾਂ ਤੋਂ 300 ਦੇ ਕਰੀਬ ਅਰਜ਼ੀਆਂ ਆ ਚੁੱਕੀਆਂ ਹਨ। ਹੁਣ ਹੋਰ ਅਰਜ਼ੀਆਂ ਆਉਣਗੀਆਂ। ਲੋਕਾਂ ਦੇ ਉਤਸਾਹ ਨੂੰ ਦੇਖਦਿਆਂ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਜਲੰਧਰ ਦਾ ਮੇਅਰ ਆਮ ਆਦਮੀ ਪਾਰਟੀ ਦਾ ਹੀ ਬਣਨ ਜਾ ਰਿਹਾ ਹੈ।
ਈਟੀਓ ਨੇ ਕਿਹਾ ਕਿ ਅਸੀਂ ਆਪਣੀ ਸਰਕਾਰ ਦੇ ਕੰਮਾਂ ਦੇ ਆਧਾਰ 'ਤੇ ਚੋਣ ਲੜਾਂਗੇ। ਸਾਡੇ ਆਗੂ ਤੇ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ 'ਆਪ' ਸਰਕਾਰ ਦੇ ਪਿਛਲੇ ਢਾਈ ਸਾਲਾਂ ਦੇ ਕੰਮਾਂ ਬਾਰੇ ਦੱਸਣਗੇ ਅਤੇ ਵੋਟ ਪਾਉਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਤਿਆਰ ਹਨ। ਜਿਸ ਤਰ੍ਹਾਂ ਲੋਕਾਂ ਨੇ ਜ਼ਿਮਨੀ ਚੋਣਾਂ ਵਿੱਚ ਸਾਨੂੰ ਭਾਰੀ ਬਹੁਮਤ ਨਾਲ ਜਿਤਾਇਆ ਸੀ, ਉਸੇ ਤਰ੍ਹਾਂ ਨਗਰ ਨਿਗਮ ਚੋਣਾਂ ਵਿੱਚ ਵੀ ਉਹ ਸਾਨੂੰ ਜਿਤਾਉਣਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਸ਼ਹਿਰ ਦੇ ਵਿਕਾਸ ਲਈ ਵੋਟ ਪਾਉਣ। ਈ.ਟੀ.ਓ ਨੇ ਆਸ ਪ੍ਰਗਟਾਈ ਕਿ ਚੋਣਾਂ ਅਮਨ-ਸ਼ਾਤੀ ਨਾਲ ਨੇਪਰੇ ਚੜ੍ਹਨਗੀਆਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਚੋਣ ਵਿੱਚ ਵੀ ਉਸੇ ਤਰ੍ਹਾਂ ਦਾ ਮਾਹੌਲ ਬਣਾਈ ਰੱਖਣ ਜਿਸ ਤਰ੍ਹਾਂ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਅਮਨ-ਸ਼ਾਤੀ ਨਾਲ ਨੇਪਰੇ ਚੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੀ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਕਿ ਚੋਣਾਂ ਸ਼ਾਂਤੀਪੂਰਨ ਮਾਹੌਲ ਵਿੱਚ ਹੋਣ ਅਤੇ ਲੋਕ ਬਿਨਾਂ ਕਿਸੇ ਡਰ ਤੋਂ ਆਪਣੀ ਪਸੰਦ ਦੇ ਉਮੀਦਵਾਰ ਦੀ ਚੋਣ ਕਰ ਸਕਣ।
ਨਗਰ ਨਿਗਮ ਚੋਣਾਂ ਤੋਂ ਬਾਅਦ ਭਾਜਪਾ-ਕਾਂਗਰਸ ਦਾ ਭੁਲੇਖਾ ਦੂਰ ਹੋ ਜਾਵੇਗਾ - ਈ.ਟੀ.ਓ
ਇੱਕ ਸਵਾਲ ਦੇ ਜਵਾਬ ਵਿੱਚ ਈ.ਟੀ.ਓ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਬਾਅਦ ਸ਼ਹਿਰ ਵਿੱਚ ਭਾਜਪਾ ਦੇ ਮਜ਼ਬੂਤ ਹੋਣ ਦਾ ਭੁਲੇਖਾ ਦੂਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਦੀ ਵੋਟ ਹਿੱਸੇਦਾਰੀ 19 ਫੀਸਦੀ ਤੋਂ ਘਟ ਕੇ 10 ਫੀਸਦੀ ਰਹਿ ਗਈ ਹੈ। ਆਮ ਆਦਮੀ ਪਾਰਟੀ ਨੂੰ ਹਰ ਥਾਂ ਸਭ ਤੋਂ ਵੱਧ ਵੋਟਾਂ ਮਿਲੀਆਂ। ਹੁਣ ਪੰਜਾਬ ਦੇ ਸ਼ਹਿਰੀ ਲੋਕਾਂ ਦੀ ਪਹਿਲੀ ਪਸੰਦ ਆਮ ਆਦਮੀ ਪਾਰਟੀ ਹੈ।
ਕਾਂਗਰਸ ਪਾਰਟੀ 'ਤੇ ਉਨ੍ਹਾਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਜਲੰਧਰ ਕਾਂਗਰਸ ਪਾਰਟੀ ਦਾ ਗੜ੍ਹ ਹੈ। ਪਰ ਇਸ ਵਾਰ ਉਸਦਾ ਕਿਲਾ ਢਹਿ ਜਾਵੇਗਾ। ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਵੀ ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਸਨ ਪਰ ਜ਼ਿਮਨੀ ਚੋਣਾਂ ਵਿਚ ਅਸੀਂ ਦੋਵਾਂ ਸੀਟਾਂ 'ਤੇ ਕਾਂਗਰਸ ਨੂੰ ਵੱਡੇ ਫਰਕ ਨਾਲ ਹਰਾਇਆ। ਜਿਸ ਤਰ੍ਹਾਂ ਅਸੀਂ ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਦੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਨੂੰ ਹਰਾਇਆ ਸੀ, ਉਸੇ ਤਰ੍ਹਾਂ ਇਸ ਵਾਰ ਜਲੰਧਰ ਵਿਚ ਵੀ ਹਰਾਵਾਂਗੇ।
ਜਲੰਧਰ 'ਚ ਭਾਜਪਾ ਨੂੰ ਝਟਕਾ! ਜ਼ਿਲ੍ਹਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ 'ਆਪ' ਵਿੱਚ ਸ਼ਾਮਲ
ਮਸ਼ਹੂਰ ਚਰਚ ਦੇ ਗੌਰਵ ਮਸੀਹ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ
ਜਲੰਧਰ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਨੂੰ ਵੱਡੀ ਕਾਮਯਾਬੀ ਮਿਲੀ। ਪਾਰਟੀ ਵਿੱਚ ਸ਼ਹਿਰ ਦੇ ਕਈ ਵੱਡੇ ਸਮਾਜਿਕ-ਰਾਜਸੀ ਆਗੂ ਸ਼ਾਮਲ ਹੋਏ। ਇੱਥੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਜਲੰਧਰ ਜ਼ਿਲ੍ਹਾ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।
ਜਲੰਧਰ ਦੀ ਮਸ਼ਹੂਰ ਧਾਰਮਿਕ ਸ਼ਖਸੀਅਤ ਅਤੇ ਐਂਗਲੀਕਨ ਚਰਚ ਦੇ ਫਾਦਰ ਗੌਰਵ ਮਸੀਹ ਵੀ ਮੰਗਲਵਾਰ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਇਨ੍ਹਾਂ ਤੋਂ ਇਲਾਵਾ ਪਿੰਡ ਸੋਫੀ ਦੇ ਸਾਬਕਾ ਸਰਪੰਚ ਸੁਰਿੰਦਰ ਸਾਂਪਲਾ ਵੀ ‘ਆਪ’ ਵਿੱਚ ਸ਼ਾਮਲ ਹੋਏ। ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਸਮੀ ਤੌਰ 'ਤੇ ਸਾਰੇ ਆਗੂਆਂ ਨੂੰ ਪਾਰਟੀ 'ਚ ਸ਼ਾਮਿਲ ਕਰਕੇ 'ਆਪ' ਪਰਿਵਾਰ 'ਚ ਸਵਾਗਤ ਕੀਤਾ |