ਅੰਮ੍ਰਿਤਸਰ, : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਜਲਾਵਤਨ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਣੇ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭਾਈ ਗਜਿੰਦਰ ਸਿੰਘ ਦਾ ਜੀਵਨ ਪੰਥ-ਪ੍ਰਸਤੀ, ਕੁਰਬਾਨੀ ਅਤੇ ਦ੍ਰਿੜ੍ਹਤਾ ਦੀ ਮਿਸਾਲ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਆਪਣੇ ਜੀਵਨ ਦਾ ਵੱਡਾ ਹਿੱਸਾ ਪੰਥ ਦੇ ਲੇਖੇ ਲਾਉਣ ਕਰਕੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਗਜਿੰਦਰ ਸਿੰਘ ਨੂੰ ਅਗਸਤ 2020 ਵਿਚ ‘ਜਲਾਵਤਨੀ ਸਿੱਖ ਯੋਧਾ’ ਦੇ ਖਿਤਾਬ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਭਾਈ ਗਜਿੰਦਰ ਸਿੰਘ ਪੰਥਕ ਸੋਚ ਤੇ ਜਜ਼ਬੇ ਵਾਲੇ, ਉੱਚੇ-ਸੁੱਚੇ ਜੀਵਨ ਦੇ ਧਾਰਨੀ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਨੇ ਆਪਣੀ ਕਲਮ ਰਾਹੀਂ ਵੀ ਪੰਥ ਦੇ ਦਰਦ ਅਤੇ ਹੱਕ-ਹਕੂਕਾਂ ਦੀ ਆਵਾਜ਼ ਨੂੰ ਹਮੇਸ਼ਾ ਜ਼ਿੰਦਾ ਰੱਖਣ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਜਲਾਵਤਨੀ ਦੌਰਾਨ ਹੀ ਭਾਈ ਗਜਿੰਦਰ ਸਿੰਘ ਦੀ ਧਰਮ ਪਤਨੀ ਵੀ ਕੁਝ ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਪੰਥਕ ਸੰਘਰਸ਼ ਦੌਰਾਨ ਆਪਣੇ ਜੀਵਨ ਅਤੇ ਪਰਿਵਾਰ ਦੇ ਵੱਡੇ ਘਾਟੇ ਸਹਿੰਦਿਆਂ ਵੀ ਭਾਈ ਗਜਿੰਦਰ ਸਿੰਘ ਨੇ ਕਦੇ ਆਪਣੇ ਸਿਧਾਂਤਾਂ ਅਤੇ ਪੰਥਕ ਸੰਘਰਸ਼ ਪ੍ਰਤੀ ਵਚਨਬੱਧਤਾ ਨਾਲ ਸਮਝੌਤਾ ਨਹੀਂ ਕੀਤਾ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਭਾਈ ਗਜਿੰਦਰ ਸਿੰਘ ਦੀ ਪੰਥ ਲਈ ਕੁਰਬਾਨੀ ਆਪਣੇ ਆਪ ਵਿਚ ਮਿਸਾਲ ਹੈ ਅਤੇ ਉਨ੍ਹਾਂ ਦਾ ਅਕਾਲ ਚਲਾਣਾ ਨਾ-ਸਿਰਫ ਪਰਿਵਾਰ ਸਗੋਂ ਪੰਥ ਲਈ ਵੀ ਵੱਡਾ ਘਾਟਾ ਹੈ। ਉਨ੍ਹਾਂ ਨੇ ਭਾਈ ਗਜਿੰਦਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।