ਸਿਰਸਾ: ਪੰਜਾਬ ਵਿੱਚ ਰੇਲ ਗੱਡੀਆਂ ਬੰਦ ਹੋਣ ਦੇ ਕਾਰਨ ਖਾਦ ਦੀ ਭਾਰੀ ਕਮੀ ਦੇ ਚਲਦੇ ਹਰਿਆਣਾ ਦੇ ਜ਼ਿਲ੍ਹੇ ਸਿਰਸਾ ਵਿੱਚੋਂ ਪੰਜਾਬ ਲਈ ਟ੍ਰੱਕਾਂ ਦਵਾਰਾ ਖਾਦ ਭੇਜੀ ਜਾ ਰਹੀ ਹੈ। ਰੇਲ ਗੱਡੀਆਂ ਬੰਦ ਹੋਣ ਦੇ ਕਾਰਨ ਪੰਜਾਬ 'ਚ ਖਾਦ ਦੀ ਭਾਰੀ ਕਮੀ ਆ ਗਈ ਹੈ ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਤੇ ਭੈੜਾ ਅਸਰ ਪੈ ਰਿਹਾ ਹੈ।
ਹਰਿਆਣਾ ਸਰਕਾਰ ਵੱਲੋ ਖਾਦ ਨਾਲ ਭਰੀਆਂ ਗੱਡੀਆਂ ਨੂੰ ਹਰਿਆਣਾ ਪੰਜਾਬ ਦੇ ਬਾਰਡਰ ਉੱਤੇ ਹਰਿਆਣਾ ਦੇ ਰੇਲਵੇ ਸਟੇਸ਼ਨਾਂ ਤੇ ਰੋਕ ਲਿਆ ਜਾਂਦਾ ਹੈ। ਜਿਸ ਕਾਰਨ ਇਸ ਖਾਦ ਦੀ ਸਪਲਾਈ ਪੰਜਾਬ ਲਈ ਨਹੀਂ ਹੋ ਰਹੀ। ਹਾਲਾਂ ਕਿ ਹਰਿਆਣਾ ਦੇ ਗੁਦਾਮ ਖਾਦ ਨਾਲ ਤੁੰਨੇ ਪਏ ਹਨ। ਹੁਣ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚੋਂ ਇਸ ਖਾਦ ਨੂੰ ਟਰੱਕਾਂ ਰਾਹੀਂ ਲੋਡ ਕਰਕੇ ਪੰਜਾਬ ਭੇਜਿਆ ਜਾ ਰਿਹਾ ਹੈ ਅਤੇ ਨਾਲ ਹੀ ਸਿਰਸਾ ਜ਼ਿਲ੍ਹਾ ਪ੍ਰਸਾਸ਼ਨ ਪੰਜਾਬ ਲਈ ਭੇਜੀ ਜਾਣ ਵਾਲੀ ਖ਼ਾਦ ਉੱਤੇ ਨਿਗਰਾਨੀ ਰੱਖ ਰਿਹਾ ਹੈ। ਖਾਦ ਦੀ ਲੱਦਾਈ ਕਰਨ ਵਾਲੀ ਲੇਬਰ ਨੇ ਦੱਸਿਆ ਕਿ ਰੇਲ ਗੱਡੀਆਂ ਬੰਦ ਹੋਣ ਕਾਰਨ ਇਹ ਖਾਦ ਟਰੱਕਾਂ(ਘੋੜੇਆਂ) ਜ਼ਰੀਏ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਰੇਲ ਗੱਡੀਆਂ ਬੰਦ ਹੋਣ ਦੇ ਕਾਰਨ ਉਨ੍ਹਾਂ ਦੇ ਕੰਮ ਕਾਜ ਉੱਤੇ ਵੀ ਭਾਰੀ ਅਸਰ ਪਿਆ ਹੈ। ਦੂਜੇ ਪਾਸੇ ਪੰਜਾਬ ਦੇ ਫਰਟੀਲਾਈਜ਼ਰ ਐਸੋਸੀਏਸ਼ਨ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਪੰਜਾਬ 'ਚ ਰੇਲ ਸੇਵਾਵਾਂ ਬੰਦ ਹਨ। ਜਿਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਖਾਦ ਬੀਜਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖ਼ਾਦ ਬੀਜਾਂ ਤੋਂ ਬਿਨਾਂ ਬਹੁਤ ਸਾਰੀਆਂ ਜ਼ਰੂਰੀ ਵਸਤੂਆਂ ਦੀ ਸਪਲਾਈ ਪੰਜਾਬ ਨੂੰ ਰੇਲ ਗੱਡੀਆਂ ਰਾਹੀਂ ਭੇਜੀ ਜਾਂਦੀ ਸੀ ਜੋ ਗੱਡੀਆਂ ਬੰਦ ਹੋਣ ਕਾਰਨ ਇਨ੍ਹਾਂ ਵਸਤੂਆਂ ਦੀ ਸਪਲਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਹੁਣ ਇਸ ਖਾਦ ਨੂੰ ਟਰੱਕਾਂ ਦੇ ਜ਼ਰੀਏ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਕਿ ਪੰਜਾਬ ਵਿੱਚ ਖਾਦ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ। ਉਧਰ ਸਿਰਸਾ ਜ਼ਿਲ੍ਹਾ ਪ੍ਰਸਾਸ਼ਨ ਸਿਰਸਾ ਖਾਦ ਅਤੇ ਬੀਜ ਦੀ ਕਾਲਾ ਬਾਜ਼ਾਰੀ ਰੋਕਣ ਦਾ ਦਾਅਵਾ ਕਰ ਰਿਹਾ ਹੈ। ਸਿਰਸਾ ਦੇ ਡੀ ਸੀ ਪ੍ਰਦੀਪ ਕੁਮਾਰ ਦਾ ਕਹਿਣਾ ਹੈ ਕਿ ਸਿਰਸਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਖਾਦ ਬੀਜ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਸਿਰਸਾ ਜ਼ਿਲ੍ਹੇ ਵਿੱਚੋਂ ਖਾਦ ਨਹੀਂ ਲੈਣ ਦਿੱਤੀ ਜਾਵੇਗੀ। ਉਨ੍ਹਾਂ ਦਸਿਆ ਕਿ ਖੇਤੀਬਾੜੀ ਵਿਭਾਗ ਅਤੇ ਪੁਲਸ ਵਿਭਾਗ ਦੇ ਅਧਿਕਾਰੀਆਂ ਨੇ ਹਰਿਆਣਾ ਪੰਜਾਬ ਬਾਰਡਰ ਤੇ ਨਾਕੇ ਲਾ ਕੇ ਪੰਜਾਬ ਨੂੰ ਜਾਣ ਵਾਲੀ ਖਾਦ ਲਈ ਚੈਕਿੰਗ ਤੇਜ਼ ਕਰ ਦਿੱਤੀ ਹੈ।