ਸਿਰਸਾ: ਹਰਿਆਣਾ ਪ੍ਰਦੇਸ਼ ਵਿੱਚ ਜਜਪਾ-ਭਾਜਪਾ ਗੱਠਜੋੜ ਦੀ ਸਰਕਾਰ ਵਿਚਲਾ ਗੁੱਭਗੁਭਾਹਟ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ ਦਿਨੀ ਭਾਜਪਾ ਦੇ ਜਿਲ੍ਹਾ ਪ੍ਰਧਾਨ ਨੇ ਜਜਪਾ ਦੀ ਕਾਰਜਕਾਰਣੀ ਵਿੱਚ ਸੰਨ੍ਹ ਲਾਉਂਦੇ ਹੋਏ ਹਲਕਾ ਡੱਬਵਾਲੀ ਹਲਕੇ ਦੇ ਦੋ ਜਜਪਾ ਨੇਤਾਵਾਂ ਦੇ ਨਾਲ ਨਾਲ ਉਨ੍ਹਾਂ ਦੇ ਸਮਰਥਕਾਂ ਨੂੰ ਭਾਜਪਾ ਜੁਆਇਨ ਕਰਵਾ ਦਿੱਤੀ, ਜਿਸਤੋਂ ਖਫਾ ਹੋ ਕੇ ਜਜਪਾ ਦੇ ਜਿਲ੍ਹਾ ਪ੍ਰਧਾਨ ਨੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਉੱਤੇ ਗੱਠ ਜੋੜ ਧਰਮ ਨਾਂ ਨਿਭਾਉਣ ਦੇ ਇਲਜ਼ਾਮ ਲਾਉਂਦੇ ਹੋਏ ਪਾਰਟੀ ਹਾਈਕਮਾਨ ਨੂੰ ਇਸ ਸਬੰਧੀ ਸੂਚਿਤ ਕੀਤਾ ਹੈ। ਉਧਰ ਭਾਜਪਾ ਦੇ ਜਿਲ੍ਹਾ ਪ੍ਰਧਾਨ ਆਦਿਤਿਆ ਦੇਵੀਲਾਲ ਦਾ ਕਹਿਣਾ ਹੈ ਕਿ ਪਰਜਾਤੰਤਰ ਵਿੱਚ ਹਰ ਕੋਈ ਆਜ਼ਾਦ ਹੈ।
ਯਾਦ ਰਹੇ ਕਿ ਕੁੱਝ ਮਹੀਨੇ ਪਹਿਲਾਂ ਹੀ ਦੇਵੀ ਲਾਲ ਪਰਿਵਾਰ ਦੇ ਮੈਂਬਰ ਆਦਿਤਿਆ ਦੇਵੀਲਾਲ ਨੂੰ ਭਾਜਪਾ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਪਿਛਲੇ ਦਿਨੀ ਇਨਸੋ ਦੇ ਪ੍ਰਦੇਸ਼ ਸਕੱਤਰ ਸਮੇਤ ਜਜਪਾ ਦੇ ਸ਼ਹਿਰ ਡੱਬਵਾਲੀ ਦੀ ਨੌਜਵਾਨ ਇਕਾਈ ਦੇ ਉਪ ਪ੍ਰਧਾਨ ਅੰਕੁਸ਼ ਮੌਗਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ। ਭਾਜਪਾ ਵਿਚ ਆਉਣ ਵਾਲੇ ਅੰਕੁਸ਼ ਮੋਂਗਾ ਦਾ ਕਹਿਣਾ ਸੀ ਕਿ ਜਜਪਾ ਦੀ ਨਵੀਂ ਟੀਮ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਉਨ੍ਹਾਂ ਨੂੰ ਪਾਰਟੀ ਬਦਲਣੀ ਪਈ। ਇਸੇ ਤਰ੍ਹਾਂ ਜਜਪਾ ਦੀ ਮਹਿਲਾ ਮੰਡਲ ਦੀ ਪ੍ਰਧਾਨ ਨਿਸ਼ਾ ਗਰੋਵਰ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ। ਨਿਸ਼ਾ ਗਰੋਵਰ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਾਰਟੀ ਵਿੱਚ ਸੁਣਵਾਈ ਨਹੀ ਹੁੰਦੀ ਸੀ ਅਤੇ ਨਾਂ ਹੀ ਕੋਈ ਕੰਮ ਹੁੰਦਾ ਹੈ। ਦੂਜੇ ਪਾਸੇ ਜਜਪਾ ਦੇ ਸਿਰਸਾ ਜਿਲ੍ਹੇ ਦੇ ਪ੍ਰਧਾਨ ਸਰਵਜੀਤ ਮਸੀਤਾਂ ਦਾ ਇਲਜ਼ਾਮ ਹੈ ਕਿ ਭਾਜਪਾ ਆਗੂ ਗੱਠ ਜੋੜ ਧਰਮ ਦਾ ਪਾਲਣ ਕਰਨ ਤੋ ਇਨਕਾਰੀ ਹਨ। ਸਰਵਜੀਤ ਮਸੀਤਾਂ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਅਜਿਹਾ ਹੋਇਆ ਤਾਂ ਇਸਨੂੰ ਗੱਠਜੋੜ ਧਰਮ ਦੀ ਗੰਭੀਰ ਤੋਹੀਨ ਮੰਨਕੇ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਭਾਜਪਾ ਦੇ ਜਿਲ੍ਹਾ ਪ੍ਰਧਾਨ ਆਦਿਤਿਆ ਦਾ ਕਹਿਣਾ ਹੈ ਕਿ ਪਰਜਾਤੰਤਰ ਵਿੱਚ ਜਨਤਾ ਆਪਣੇ ਫ਼ੈਸਲੇ ਲੈਣ ਲਈ ਆਜ਼ਾਦ ਹੈ ਅਤੇ ਭਾਜਪਾ ਦੀਆਂ ਨੀਤੀਆਂ ਤੋ ਪ੍ਰਭਾਵਿਤ ਹੋ ਕੇ ਜੇਕਰ ਕੋਈ ਪਾਰਟੀ ਵਿੱਚ ਆਉਂਦਾ ਹੈ ਤਾਂ ਜਿਲ੍ਹਾ ਪ੍ਰਧਾਨ ਹੋਣ ਨਾਤੇ ਮੇਰਾ ਫਰਜ਼ ਹੈ ਕਿ ਹਰ ਵਰਕਰ ਨੂੰ ਮਾਨ ਸਨਮਾਨ ਨਾਲ ਆਪਣੀ ਪਾਰਟੀ ਜੁਆਇਨ ਕਰਵਾਵਾਂ।