ਚੰਡੀਗੜ੍ਹ: ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦਾ ਵਿਰੋਧ ਕਰਨ ਦਿੱਲੀ ਜਾ ਰਹੇ ਕਿਸਾਨਾਂ 'ਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਅੱਤਿਆਚਾਰ ਵਿਰੁੱਧ ਮੰਗਲਵਾਰ ਨੂੰ ਯੂਥ ਕਾਂਗਰਸ ਵਰਕਰਾਂ ਵੱਲੋਂ ਚੰਡੀਗੜ੍ਹ 'ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕੀਤਾ ਗਿਆ। ਖੱਟਰ ਦੀ ਰਿਹਾਇਸ਼ ਦਾ ਘੇਰਾਓ ਕਰਦਿਆਂ ਪ੍ਰਦਰਸ਼ਨਕਾਰੀ ਯੂਥ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਹਰਿਆਣਾ 'ਚ ਕਿਸਾਨਾਂ 'ਤੇ ਕੀਤਾ ਗਿਆ ਅੱਤਿਆਚਾਰ ਬਿਲਕੁਲ ਗਲਤ ਹੈ ਜਿਸ ਦੇ ਬਦਲੇ ਮੁੱਖ ਮੰਤਰੀ ਖੱਟਰ ਨੂੰ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਪ੍ਰਦਰਸ਼ਨਕਾਰੀ ਵਰਕਰ ਖੱਟਰ ਰਿਹਾਇਸ਼ ਦਾ ਘੇਰਾਓ ਕਰਨ ਲਈ ਅੱਗੇ ਵਧੇ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਖਦੇੜਨ ਲਈ ਪਾਣੀ ਦੀਆਂ ਬੁਛਾੜਾਂ ਦਾ ਇਸਤੇਮਾਲ ਕੀਤਾ। ਇਸ ਮੌਕੇ ਕਾਂਗਰਸੀ ਵਰਕਾਂ ਦੀਆਂ ਪਗੜੀਆਂ ਉਤਰ ਗਈਆਂ 'ਤੇ ਭੱਜਦੇ ਹੋਏ ਕਈ ਵਰਕਰ ਸੜਕ 'ਤੇ ਡਿੱਗ ਕੇ ਜ਼ਖਮੀਂ ਵੀ ਹੋ ਗਏ। ਜਦੋਂ ਚੰਡੀਗੜ੍ਹ ਪੁਲਿਸ ਨੇ ਵਰਕਰਾਂ ਨੂੰ ਅੱਗੇ ਨਾ ਵਧਣ ਦਿੱਤਾ ਤਾਂ ਵਰਕਰਾਂ ਨੇ ਸੜਕ 'ਤੇ ਹੀ ਧਰਨਾ ਲਾ ਦਿੱਤਾ 'ਤੇ ਚੰਡੀਗੜ੍ਹ ਪੁਲਿਸ 'ਤੇ ਖੱਟਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ।