ਪਾਣੀਪਤ: ਖੇਤੀ ਕਾਨੂੰਨਾਂ ਖਿਲਾਫ ਉਠਿਆ ਰੋਹ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਲਈ ਸਿਰਦਰਦੀ ਬਣ ਗਿਆ ਹੈ । ਕਿਸਾਨਾਂ ਉਤੇ ਕੀਤੇ ਤਸ਼ੱਦਦ ਦੇ ਰੋਸ ਵਜੋਂ ਸਰਕਾਰ ਨਾਲ ਜੁੜੇ ਵਿਧਾਇਕ ਬਾਗੀ ਹੁੰਦੇ ਜਾ ਰਹੇ ਹਨ । ਪਿਛਲੇ ਕੁਝ ਦਿਨਾਂ ਵਿਚ ਕਾਫੀ ਵਿਧਾਇਕਾਂ ਨੇ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ । ਹੁਣ ਭਾਜਪਾ ਸਰਕਾਰ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਜੇਜੇਪੀ ਦਾ ਇੱਕ ਹੋਰ ਵਿਧਾਇਕ ਕਿਸਾਨਾਂ ਦੇ ਸਮਰਥਨ ਵਿੱਚ ਆ ਗਿਆ ਹੈ । ਜੁਲਾਨਾ ਤੋਂ ਜੇਜੇਪੀ ਵਿਧਾਇਕ ਅਮਰਜੀਤ ਢਾਂਡਾ ਕਿਸਾਨਾਂ ਦੇ ਹੱਕ ਵਿੱਚ ਆ ਗਏ ਹਨ ।
ਦੱਸਣਾ ਬਣਦਾ ਹੈ ਕਿ ਹਰਿਆਣਾ ਵਿੱਚ ਭਾਜਪਾ ਕੋਲ ਪੂਰਾ ਬਹੁਮਤ ਨਹੀਂ ਹੈ ਤੇ ਭਾਜਪਾ ਨੇ ਜੇਜੇਪੀ ਅਤੇ ਆਜ਼ਾਦ ਉਮੀਦਵਾਰਾਂ ਦੇ ਸਮਰਥਨ ਨਾਲ ਸਰਕਾਰ ਬਣਾਈ ਹੈ । ਹੁਣ ਇਕ ਇਕ ਕਰਕੇ ਵਿਧਾਇਕ ਆਪਣਾ ਸਮਰਥਨ ਵਾਪਸ ਲੈ ਰਹੇ ਹਨ। ਉਧਰ, ਖਾਪ ਪੰਚਾਇਤਾਂ ਨੇ ਐਲਾਨ ਕਰ ਦਿੱਤਾ ਹੈ ਕਿ ਸਰਕਾਰ ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਵੇਗਾ ।
ਇਸ ਤੋਂ ਪਹਿਲਾਂ ਜੇਜੇਪੀ ਦੇ ਸ਼ਾਹਬਾਦ ਤੋਂ ਵਿਧਾਇਕ ਰਾਮਕਰਨ ਕਾਲਾ, ਨਾਰਨੌਂਦ ਤੋਂ ਰਾਮਕੁਮਾਰ ਗੌਤਮ, ਬਰਵਾਲ ਤੋਂ ਜੋਗੀ ਰਾਮ ਸਿਹਾਗ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ ।