ਕੁਰੂਕਸ਼ੇਤਰ/ਕਰਨਾਲ: ਪੁਲਿਸ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪ੍ਰੋਗਰਾਮ ਵਿੱਚ ਤੋੜ-ਫੋੜ ਕਰਨ ਦੇ ਮਾਮਲੇ ਵਿੱਚ 900 ਲੋਕਾਂ ’ਤੇ ਐਫਆਈਆਰ ਦਰਜ ਕੀਤੀ ਹੈ। ਭਾਕਿਯੂ ਦੇ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਸਣੇ 71 ਲੋਕਾਂ ਨੂੰ ਨਾਮਜ਼ਦ ਕਰਦੇ ਹੋਏ ਕੁੱਲ 900 ਲੋਕਾਂ ’ਤੇ ਐਫਆਈਆਰ ਦਰਜ ਕੀਤੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਅਧਿਕਾਰੀਆਂ ਵੱਲੋਂ ਹੰਗਾਮੇ ਦੇ ਵੀਡੀਓ ਵੇਖੇ ਜਾ ਰਹੇ ਹਨ, ਜਿਸ ਤੋਂ ਬਾਅਦ ਮੁਲਜ਼ਮਾਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਦੱਸਣਾ ਬਣਦਾ ਹੈ ਕਿ ਐਤਵਾਰ ਨੂੰ ਭਾਜਪਾ ਵੱਲੋਂ ਕਰਨਾਲ ਜ਼ਿਲ੍ਹੇ ਦੇ ਪਿੰਡ ਕੈਮਲਾ ਵਿੱਚ ਕਿਸਾਨ ਮਹਾਪੰਚਾਇਤ ਰਾਜਨੀਤਕ ਪ੍ਰੋਗਰਾਮ ਕੀਤਾ ਜਾ ਰਿਹਾ ਸੀ। ਇਸ ਨੂੰ ਸੰਬੋਧਨ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਪੁੱਜਣਾ ਸੀ, ਪਰ ਇਹ ਦੌਰਾ ਉਸ ਸਮੇਂ ਰੱਦ ਹੋ ਗਿਆ, ਜਦੋਂ ਇੱਥੇ ਕਿਸਾਨ ਸੰਗਠਨਾਂ ਨਾਲ ਜੁੜੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ। ਹਾਲਾਂਕਿ ਨੇੜਲੇ ਪਿੰਡਾਂ ਵੱਲੋਂ ਪਿੰਡ ਕੈਮਲਾ ਦੀ ਤਰਫ ਵੱਧ ਰਹੀ ਭੀੜ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਇੰਤਜਾਮ ਕੀਤੇ ਹੋਏ ਸਨ। ਦੋੋਵਾਂ ਪੱਖਾਂ ਵਿੱਚ ਪਥਰਾਓ ਅਤੇ ਹੰਝੂ ਗੈਸ ਦੇ ਗੋਲੇ ਚੱਲਣ ਤੱਕ ਦੀ ਨੌਬਤ ਆ ਗਈ। ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਦਾ ਵੀ ਇਸਤੇਮਾਲ ਕੀਤਾ ਗਿਆ, ਪਰ ਇਸ ਦੇ ਬਾਵਜੂਦ ਭੀੜ ਵੱਧਦੀ ਹੀ ਚੱਲੀ ਗਈ। ਖੇਤਾਂ ਦੇ ਰਸਤੇ ਤੋਂ ਭੀੜ ਪ੍ਰਬੰਧ ਥਾਂ ਤੱਕ ਪਹੁੰਚ ਗਈ। ਪਹਿਲਾਂ ਹੇਲੀਪੈਡ ਨੂੰ ਕਹੀਆਂ ਨਾਲ ਖੋਦਿਆ ਗਿਆ ਅਤੇ ਫਿਰ ਰੈਲੀ ਵਾਲੀ ਥਾਂ ’ਤੇ ਟੈਂਟ ਨੂੰ ਉਖਾੜ ਦਿੱਤਾ ਗਿਆ।
ਉਧਰ ਦਿਨ ਭਰ ਦੇ ਹੰਗਾਮੇ ਤੋਂ ਬਾਅਦ ਐਤਵਾਰ ਸ਼ਾਮ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ’ਤੇ ਕਰੜੀ ਟਿੱਪਣੀ ਕੀਤੀ। ਉਨ੍ਹਾਂ ਇਸ ਸਾਰੇ ਘਟਨਾਕ੍ਰਮ ਨੂੰ ਕਾਂਗਰਸ ਦੀ ਸਾਜ਼ਿਸ਼ ਦੱਸਿਆ ਅਤੇ ਨਾਲ ਹੀ ਕਿਸਾਨ ਨੇਤਾ ਗੁਰਨਾਮ ਸਿੰਘ ਚਡੂਨੀ ਨੂੰ ਜ਼ਿੰਮੇਦਾਰ ਕਿਹਾ। ਮੁੱਖਮੰਤਰੀ ਨੇ ਕਿਹਾ ਕਿ ਇਹ ਕਿਸਾਨਾਂ ਦਾ ਕੰਮ ਨਹੀਂ ਸੀ, ਸਗੋਂ ਇਹ ਤਾਂ ਕਾਂਗਰਸ ਦੀ ਸਾਜਿਸ਼ ਹੈ। ਕਾਂਗਰਸ ਪਹਿਲਾਂ ਵੀ ਲੋਕਤੰਤਰ ਨੂੰ ਖਤਰੇ ਵਿੱਚ ਪਾਉਂਦੀ ਰਹੀ ਹੈ। ਭਾਕਿਊ ਨੇਤਾ ਗੁਰਨਾਮ ਸਿੰਘ ਚਡੂਨੀ ਨੇ ਨੌਜਵਾਨਾਂ ਨੂੰ ਉਕਸਾਇਆ ਹੈ, ਜੋ ਠੀਕ ਨਹੀਂ ਕੀਤਾ ਹੈ। ਅੱਜ ਦੀ ਘਟਨਾ ਨਾਲ ਵੱਡੀ ਬਦਨਾਮੀ ਕਿਸਾਨਾਂ ਦੀ ਹੋਈ ਹੈ ਅਤੇ ਇਸ ਦੇ ਲਈ ਸਿੱਧੇ ਤੌਰ ’ਤੇ ਗੁਰਨਾਮ ਸਿੰਘ ਜ਼ਿੰਮੇਦਾਰ ਹੈ।